ਅੱਗ ਵਿਚ ਝੁਲਸੀ ਪੈਰਿਸ ਦੀ 850 ਸਾਲ ਪੁਰਾਣੀ ਚਰਚ ਦੀਆਂ ਖ਼ਾਸ ਗੱਲਾਂ

ਅੱਗ ਵਿਚ ਝੁਲਸੀ ਪੈਰਿਸ ਦੀ 850 ਸਾਲ ਪੁਰਾਣੀ ਚਰਚ ਦੀਆਂ ਖ਼ਾਸ ਗੱਲਾਂ

ਪੈਰਿਸ: ਬੀਤੇ ਕੱਲ੍ਹ ਫਰਾਂਸ ਦੀ 850 ਸਾਲ ਪੁਰਾਣੀ ਚਰਚ ਨੋਟ੍ਰੇ-ਡੇਮ ਕੈਥੇਡ੍ਰਲ ਵਿੱਚ ਅੱਗ ਲੱਗ ਗਈ। ਇਹ ਅੱਗ ਐਨੀ ਭਿਆਨਕ ਸੀ ਕਿ ਚਰਚ ਦੀ ਪੂਰੀ ਇਮਾਰਤ ਇਸ ਅੱਗ ਵਿਚ ਸੜ ਗਈ। ਭਾਵੇਂ ਕਿ ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ ਪਰ ਇਸ ਇਤਿਹਾਸਕ ਇਮਾਰਤ ਵਿੱਚ ਲੱਗੀ ਅੱਗ ਨੂੰ ਵੇਖਦਿਆਂ ਸੈਂਕੜੇ ਲੋਕ ਹੰਝੂ ਵਹਾਉਂਦੇ ਵੇਖੇ ਗਏ। 

ਇਹ ਚਰਚ ਪੈਰਿਸ ਦੇ ਲੋਕਾਂ ਲਈ ਸ਼ਰਧਾ ਦਾ ਇੱਕ ਅਹਿਮ ਕੇਂਦਰ ਹੈ ਜਿੱਥੇ ਹਰ ਦਿਨ ਦੁਨੀਆ ਭਰ ਤੋਂ ਲੋਕ ਪਹੁੰਚਦੇ ਹਨ। ਇਸ ਚਰਚ ਦੀ ਇਮਾਰਤ ਦਾ ਨਿਰਮਾਣ 1163 ਵਿੱਚ ਸ਼ੁਰੂ ਹੋਇਆ ਸੀ ਤੇ ਇਸ ਨੂੰ ਪੂਰਾ ਬਣਨ ਲਈ 182 ਸਾਲ ਦਾ ਸਮਾਂ ਲੱਗਿਆ ਸੀ। 

ਇਸ ਇਮਾਰਤ ਨੂੰ ਚਿੰਨ੍ਹਾਂ ਦੀ ਨਕਾਸ਼ੀ, ਰੰਗ-ਬਰੰਗੇ ਸ਼ੀਸ਼ਿਆਂ ਅਤੇ ਕਲਾ ਨਾਲ ਸਜਾਇਆ ਗਿਆ ਸੀ। ਇਸ ਇਮਾਰਤ ਵਿੱਚ 6,000 ਸ਼ਰਧਾਲੂ ਇਕੱਠੇ ਸਮਾ ਸਕਦੇ ਹਨ। 

1160 ਵਿੱਚ ਪੈਰਿਸ ਦੇ ਬਿਸ਼ਪ ਬਣੇ ਮੌਰਿਸ ਡੀ ਸੁਲੀ ਨੇ ਇਸ ਚਰਚ ਨੂੰ ਬਣਾਉਣ ਦਾ ਫੈਂਸਲਾ ਕੀਤਾ ਸੀ। ਇਸ ਸਮੇਂ ਦੌਰਾਨ ਪੈਰਿਸ ਸ਼ਹਿਰ ਯੂਰਪ ਵਿੱਚ ਰਾਜਨੀਤਕ, ਆਰਥਿਕ ਅਤੇ ਵਿਚਾਰਧਾਰਕ ਕਾਰਵਾਈਆਂ ਦਾ ਕੇਂਦਰ ਬਣ ਰਿਹਾ ਸੀ। 

ਇਸ ਚਰਚ ਦੇ ਖੰਭੇ 220 ਫੁੱਟ ਤੋਂ ਵੱਧ ਉੱਚੇ ਹਨ ਅਤੇ ਇਮਾਰਤ 400 ਫੁੱਟ ਤੋਂ ਵੱਧ ਲੰਬੀ ਹੈ ਜਿਸ ਦਾ ਕੁੱਲ ਖੇਤਰ 52,000 ਸਕੁਏਅਰ ਫੁੱਟ ਹੈ। 


ਚਰਚ ਨੂੰ ਲੱਗੀ ਅੱਗ ਵੇਖ ਕੇ ਰੋਂਦੀ ਹੋਈ ਇੱਕ ਬੀਬੀ

ਫਰਾਂਸ ਇਨਕਲਾਬ ਦੌਰਾਨ ਇਸ ਇਮਾਰਤ ਨੂੰ ਲੁੱਟਣ ਅਤੇ ਤੋੜਨ ਦੇ ਵੇਰਵੇ ਮਿਲਦੇ ਹਨ ਕਿਉਂਕਿ ਉਸ ਇਨਕਲਾਬ ਦੌਰਾਨ ਇਸ ਖਿੱਤੇ ਵਿੱਚ ਕੈਥੋਲਿਕ ਚਰਚ ਖਿਲਾਫ ਲੋਕਾਂ ਅੰਦਰ ਕਾਫੀ ਗੁੱਸਾ ਸੀ। 

ਨੈਪੋਲੀਅਨ ਫਾਉਂਡੇਸ਼ਨ ਮੁਤਾਬਿਕ ਫਰਾਂਸ ਇਨਕਲਾਬ ਦੇ ਸਮੇਂ ਇਸ ਇਮਾਰਤ ਦਾ ਨਾਂ ਬਦਲ ਕੇ "ਟੈਂਪਲ ਟੂ ਦਾ ਗੋਡਡੈਸ ਰੀਜ਼ਨ" ਰੱਖਿਆ ਗਿਆ ਸੀ ਅਤੇ ਇਕ ਸਮੇਂ 'ਤੇ ਇਸ ਇਮਾਰਤ ਨੂੰ ਸ਼ਰਾਬ ਜਮ੍ਹਾ ਕਰਨ ਲਈ ਵੀ ਵਰਤਿਆ ਜਾਂਦਾ ਸੀ।

1801 ਵਿੱਚ ਜਦੋਂ ਫਰਾਂਸ ਦੀ ਸੱਤਾ ਅਤੇ ਕੈਥੋਲਿਕ ਚਰਚ ਦਰਮਿਆਨ ਰਿਸ਼ਤੇ ਦੁਬਾਰਾ ਸੁਧਰੇ ਤਾਂ ਇਸ ਇਮਾਰਤ ਨੂੰ ਦੁਬਾਰਾ ਚਰਚ ਹਵਾਲੇ ਕੀਤਾ ਗਿਆ। ਫਾਉਂਡੇਸ਼ਨ ਮੁਤਾਬਿਕ ਨੈਪੋਲੀਅਨ ਨੇ ਆਪਣੀ ਤਾਜਪੋਸ਼ੀ ਸਮੇਂ ਇਸ ਇਮਾਰਤ ਨੂੰ ਹੀ ਵਰਤਿਆ ਸੀ। 

ਇਹ 850 ਸਾਲ ਪੁਰਾਣੀ ਇਮਾਰਤ ਵਿਕਟਰ ਹੂਗੋ ਦੀਆਂ ਲਿਖਤਾਂ ਵਿੱਚ ਵੀ ਵਿਸ਼ੇਸ਼ ਥਾਂ ਰੱਖਦੀ ਹੈ, ਜਿਸ ਕਰਕੇ ਇਸਦੀ ਮਸ਼ਹੂਰੀ ਹੋਰ ਜ਼ਿਆਦਾ ਵਧੀ।

ਜੀਸਸ ਕਰਾਇਸਟ ਨੂੰ ਸ਼ਹੀਦ ਕਰਨ ਮੌਕੇ ਉਨ੍ਹਾਂ ਦੇ ਸਿਰ 'ਤੇ ਪਾਇਆ ਗਿਆ ਕੰਡਿਆਂ ਦਾ ਤਾਜ ਵੀ ਇਸ ਚਰਚ ਕੋਲ ਹੈ। ਇਸ ਤੋਂ ਇਲਾਵਾ ਜਿਸ ਤਖਤੇ 'ਤੇ ਜੀਸਸ ਨੂੰ ਸ਼ਹੀਦ ਕੀਤਾ ਗਿਆ ਉਸ ਤਖਤੇ ਦਾ ਇਕ ਭਾਗ ਇਸ ਚਰਚ ਕੋਲ ਮੋਜੂਦ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਤੇ ਇੱਕ ਕਿੱਲ ਜੋ ਜੀਸਸ ਦੇ ਲਾਈ ਗਈ ਉਹ ਵੀ ਇਸ ਚਰਚ ਕੋਲ ਦੱਸੀ ਜਾਂਦੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ