ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਦੀ ਮੌਜੂਦਾ ਭਾਰਤੀ ਕੌਂਸਲਰ ਨਿਤਿਆ ਰਮਨ ਨੇ ਮੁੜ ਚੋਣ ਜਿੱਤੀ

ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਦੀ ਮੌਜੂਦਾ ਭਾਰਤੀ ਕੌਂਸਲਰ ਨਿਤਿਆ ਰਮਨ ਨੇ ਮੁੜ ਚੋਣ ਜਿੱਤੀ
ਨਿਤਿਆ ਰਮਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੀ ਅਮਰੀਕੀ ਨਿਤਿਆ ਰਮਨ ਦੁਬਾਰਾ ਫਿਰ ਲਾਸ ਏਂਜਲਸ ਦੀ ਕੌਂਸਲ ਮੈਂਬਰ ਚੁਣੀ ਗਈ ਹੈ। ਉਸ ਨੇ ਜਿੱਤ ਲਈ ਲੋੜੀਂਦੀਆਂ 50% ਤੋਂ ਵਧ ਵੋਟਾਂ ਪ੍ਰਾਪਤ ਕਰ ਲਈਆਂ ਹਨ। ਲਾਸ ਏਂਜਲਸ ਦੀ ਚੌਥੇ ਡਿਸਟ੍ਰਿਕਟ ਸੀਟ ਤੋਂ ਦੂਸਰੀ ਵਾਰ ਚੋਣ ਮੈਦਾਨ ਵਿਚ ਉੱਤਰੀ ਰਮਨ ਨੂੰ 2 ਉਮੀਦਵਾਰਾਂ ਵੱਲੋਂ ਚੁਣੌਤੀ ਦਿੱਤੀ ਗਈ ਸੀ । ਇਨਾਂ ਵਿਰੋਧੀ ਉਮੀਦਵਾਰਾਂ ਨੇ ਬੇਘਰੇ ਲੋਕਾਂ ਦੀ ਸਮੱਸਿਆ ਤੇ ਅਪਰਾਧ ਨਾਲ ਨਜਿੱਠਣ ਦੀ ਰਮਨ ਦੀ ਸਮਰੱਥਾ ਉਪਰ ਸਵਾਲ ਉਠਾਏ ਸਨ ਪਰੰਤੂ ਵੋਟਰਾਂ ਨੇ ਉਨਾਂ ਵੱਲੋਂ ਉਠਾਏ ਸਵਾਲਾਂ ਨੂੰ ਨਕਾਰ ਦਿੱਤਾ ਤੇ ਮੁੜ ਉਸ ਦੀ ਕਾਬਲੀਅਤ 'ਤੇ ਮੋਹਰ ਲਾ ਦਿੱਤੀ। ਰਮਨ ਨੂੰ ਕੁਲ 32430 (50.64%) ਵੋਟਾਂ ਮਿਲੀਆਂ ਜਦ ਕਿ ਦੂਸਰੇ ਸਥਾਨ 'ਤੇ ਰਹੇ ਉਸ ਦੇ  ਵਿਰੋਧੀ ਡਿਪਟੀ ਸਿਟੀ ਅਟਾਰਨੀ ਏਥਾਨ ਵੀਵਰ  ਨੂੰ 24730 (38.62%) ਵੋਟਾਂ ਮਿਲੀਆਂ। ਏਥਾਨ ਰਮਨ ਨੇ ਆਪਣੀ ਹਾਰ ਸਵਿਕਾਰ ਕਰਦਿਆਂ ਰਮਨ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਉਨਾਂ ਕਿਹਾ ਕਿ ''ਅਸੀਂ ਸਾਡੇ ਸ਼ਹਿਰ ਦੇ ਅਹਿਮ ਮੁੱਦਿਆਂ ਬਾਰੇ ਸਹਿਮਤ ਰਹੇ ਹਾਂ ਪਰੰਤੂ ਇਨਾਂ ਮੁੱਦਿਆਂ ਦੇ ਹਲ ਨੂੰ ਲੈ ਕੇ ਵੱਖਰੇ ਵਿਚਾਰ ਰਖਦੇ ਹਾਂ ਪਰੰਤੂ ਅਸੀਂ ਕੱਟੜ ਵਿਰੋਧੀ ਕਦੇ ਵੀ ਨਹੀਂ  ਰਹੇ। ਮੈਂ ਇਸ ਕਮਾਲ ਦੀ ਜਿੱਤ ਲਈ ਰਮਨ ਨੂੰ ਵਧਾਈ ਦਿੰਦਾ ਹਾਂ।'' ਰਮਨ ਨੇ ਜਿੱਤ ਉਪਰੰਤ ਕਿਹਾ ਹੈ ਕਿ ਉਹ ਆਪਣੇ ਸਾਰੇ ਵਾਲੰਟੀਅਰਾਂ,ਹਮਾਇਤੀਆਂ ਤੇ ਸਾਡੇ ਜਿਲੇ ਦੇ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨਾਂ ਨੇ ਮੈਨੂੰ ਦੁਬਾਰਾ ਕੌਂਸਲ ਮੈਂਬਰ ਵਜੋਂ ਕੰਮ ਕਰਨ ਦਾ ਮੌਕਾ ਦਿੱਤਾ ਹੈ।