ਪੰਜਾਬ ਦੀਆਂ ਖਿਡਾਰਨਾਂ ਨੇ  ਹਾਕੀ ’ਚ ਦਿਖਾਇਆ ਦਮ, ਕੌਮੀ ਮਹਿਲਾ ਹਾਕੀ ਕੈਂਪ ’ਚ ਪੰਜਾਬ ਦੀਆਂ ਅੱਠ ਖਿਡਾਰਨਾਂ ਦੀ  ਚੋਣ ਹੋਈ

ਪੰਜਾਬ ਦੀਆਂ ਖਿਡਾਰਨਾਂ ਨੇ  ਹਾਕੀ ’ਚ ਦਿਖਾਇਆ ਦਮ, ਕੌਮੀ ਮਹਿਲਾ ਹਾਕੀ ਕੈਂਪ ’ਚ ਪੰਜਾਬ ਦੀਆਂ ਅੱਠ ਖਿਡਾਰਨਾਂ ਦੀ  ਚੋਣ ਹੋਈ

ਅੰਮ੍ਰਿਤਸਰ ਟਾਈਮਜ਼ ਬਿਉਰੋ

 ਜਲੰਧਰ : ਭਾਰਤ ਦੀ ਹਾਕੀ ਨੂੰ ਕੌਮਾਂਤਰੀ ਪੱਧਰ ’ਤੇ ਬੁਲੰਦੀਆ ’ਤੇ ਪਹੁੰਚਾਉਣ ਲਈ ਪੰਜਾਬ ਦੇ ਹਾਕੀ ਖਿਡਾਰੀਆਂ ਦੀ ਓਲੰਪਿਕ ਖੇਡਾਂ ਲਈ ਹੋਈ ਚੋਣ ਤੋਂ ਬਾਅਦ ਪੰਜਾਬ ਦੀਆਂ ਹਾਕੀ ਖਿਡਾਰਨਾਂ ਨੇ ਵੀ ਪੂਰਾ ਦਮ ਦਿਖਾਇਆ ਹੈ। ਇਹ ਪਹਿਲਾ ਮੌਕਾ ਹੈ ਜਦ ਟੋਕੀਓ ’ਚ ਹੋਣ ਜਾ ਰਹੀਆਂ ਓਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੀ ਭਾਰਤੀ ਮਰਦ ਹਾਕੀ ਟੀਮ ਨੂੰ ਹਾਕੀ ਪੰਜਾਬ ਨੇ 10 ਖਿਡਾਰੀ ਦਿੱਤੇ ਹਨ, ਉਥੇ ਇਕ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਓਲੰਪਿਕ ਖੇਡਾਂ ’ਚ ਹਿੱਸਾ ਲਵੇਗੀ। ਇਨ੍ਹਾਂ ਤੋਂ ਇਲਾਵਾ ਪੰਜਾਬ ਦੀਆਂ ਛੇ ਹੋਰ ਹਾਕੀ ਖਿਡਾਰਨਾਂ ਭਾਰਤ ਦੇ ਜੂਨੀਅਰ ਹਾਕੀ ਕੈਂਪ ਲਈ ਚੁਣੀਆ ਗਈਆਂ ਹਨ। ਇਨਾਂ ’ਚ ਬਲਜੀਤ ਕੌਰ, ਗੋਲਕੀਪਰ ਰਸ਼ਨਪ੍ਰੀਤ ਕੌਰ, ਓਤਿਕਾ ਕਲਸੀ, ਗੁਰਮੇਲ ਕੌਰ, ਕਿਰਨਦੀਪ ਕੌਰ ਤੇ ਪਰਨੀਤ ਕੌਰ ਸ਼ਾਮਲ ਹਨ। ਇਹ ਸਾਰੀਆਂ ਖਿਡਾਰਨਾਂ ਇਸ ਵੇਲੇ ਬੈਂਗਲੁਰੂ ਵਿਖੇ ਕੈਂਜਿਪ ’ਚ ਪਸੀਨਾ ਵਹਾਅ ਰਹੀਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਜਨਰਲ ਸਕੱਤਰ ਓਲੰਪੀਅਨ ਪਰਗਟ ਸਿੰਘ ਅਤੇ ਹਾਕੀ ਪੰਜਾਬ ਦੀ ਮਹਿਲਾ ਵਿੰਗ ਦੀ ਮੁਖੀ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਕਿਹਾ ਕਿ ਹਾਕੀ ਪੰਜਾਬ ਵੱਲੋਂ ਜਿੱਥੇ ਮਰਦਾਂ ਦੀ ਹਾਕੀ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਥੇ ਮਹਿਲਾ ਹਾਕੀ ’ਚ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1980 ਮਾਸਕੋ ਉਲੰਪਿਕ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੀ ਖਿਡਾਰਨ ਗੁਰਜੀਤ ਕੌਰ ਓਲੰਪਿਕ ’ਚ ਹਿੱਸਾ ਲੈਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਬਣੀ ਹੈ। ਇਸਦੇ ਨਾਲ ਹੀ ਰਾਜਵਿੰਦਰ ਕੌਰ ਵੀ ਬੈਂਗਲੁਰੂ ਵਿਖੇ ਭਾਰਤੀ ਸੀਨੀਅਰ ਮਹਿਲਾ ਹਾਕੀ ਕੈਂਪ ਵਿੱਚ ਹਿੱਸਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਹਾਕੀ ਪੰਜਾਬ ਸੰਸਥਾ ਆਪਣੇ ਪੱਧਰ ’ਤੇ ਮਹਿਲਾ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜੋ ਸਹਿਯੋਗ ਮਿਲਣਾ ਚਾਹੀਦਾ ਹੈ, ਉਹ ਨਹੀਂ ਮਿਲ ਰਿਹਾ, ਕਈ ਖੇਡ ਸੈਂਟਰ ਬੰਦ ਕਰ ਦਿੱਤੇ ਗਏ ਹਨ, ਜਿਸ ਕਰਕੇ ਮਹਿਲਾ ਹਾਕੀ ਖਿਡਾਰਨਾਂ ’ਚ ਕਾਫੀ ਰੋਸ ਹੈ।