ਪੰਜਾਬ ਵਿਚ ਅੰਧਵਿਸ਼ਵਾਸੀ ਲੋਕਾਂ ਨੇ ਸਿਖ ਦਾ ਕੀਤਾ ਬਾਈਕਾਟ
ਅੰਮ੍ਰਿਤਸਰ ਟਾਈਮਜ਼ ਬਿਉਰੋ
ਤਲਵੰਡੀ ਸਾਬੋ-ਪਿੰਡ ਮਿਰਜ਼ੇਆਣਾ ਦੀ ਪੰਚਾਇਤ ਦੇ ਤੁਗਲਕੀ ਫੈਸਲੇ ਨੇ ਨਾ ਸਿਰਫ ਉਸ ਦੀ ਆਪਣੀ ਸੋਚ ਦਾ ਜਨਾਜ਼ਾ ਕੱਢ ਕੇ ਰੱਖ ਦਿੱਤੈ, ਸਗੋਂ ਫੈਸਲੇ ਨੂੰ ਨਾ ਮੰਨਣ ਵਾਲੇ ਇਕ ਅਸਲੋਂ ਸਿਆਣੇ ਅਤੇ ਪੜ੍ਹੇ-ਲਿਖੇ ਗੁਰਸਿੱਖ ਪਰਿਵਾਰ ਦਾ ਸਮਾਜਕ ਬਾਈਕਾਟ ਕਰ ਦਿਤਾ।ਪਸ਼ੂਆਂ ਦੀ ਮੂੰਹ-ਖੁਰ ਦੀ ਬਿਮਾਰੀ ਨੂੰ ਲੈ ਕੇ ਪਿੰਡ ਦੀ ਪੰਚਾਇਤ ਨੇ ਪਿੰਡ ਪੱਧਰ 'ਤੇ ਸਮੂਹਿਕ ਤੌਰ 'ਤੇ ਟੂਣਾ ਕਰਨ ਦਾ ਪ੍ਰੋਗਰਾਮ ਬਣਾਇਆ । ਉਸ ਦਿਨ ਰਾਤ ਨੂੰ 8 ਤੋਂ ਲੈ ਕੇ ਸਵੇਰ ਦੇ ਛੇ ਵੱਜਣ ਤੱਕ ਨਾ ਸਿਰਫ ਘਰਾਂ ਦੀਆਂ ਸਾਰੀਆਂ ਬੱਤੀਆਂ ਬੰਦ ਰੱਖਣ ਦਾ ਤੁਗਲਕੀ ਹੁਕਮ ਚਾੜਿ੍ਹਆ ਗਿਆ, ਸਗੋਂ ਘਰਾਂ ਦੇ ਦਰਵਾਜ਼ੇ ਵੀ ਖੁੱਲ੍ਹੇ ਰੱਖਣੇ ਸਨ । ਪਸ਼ੂਆਂ ਨੂੰ ਟੂਣਾ ਕੀਤੇ ਪਾਣੀ ਦੇ ਛਿੱਟੇ ਹੇਠੋਂ ਲੰਘਾਣ ਸਮੇਤ ਹੋਰ ਵੀ ਕਈ ਅਡੰਬਰ ਉਸ ਦਿਨ ਕੀਤੇ ਗਏ, ਜਿਨ੍ਹਾਂ ਵਿੱਚ ਸ਼ਾਮਲ ਹੋਣ ਤੋਂ ਇਕ ਪੜ੍ਹੇ-ਲਿਖੇ ਪਰਵਾਰ ਨੇ ਮਨਜ਼ੂਰ ਨਾ ਕੀਤਾ । ਸਰਪੰਚ ਸਮੇਤ ਉਕਤ ਟੂਣਾ ਕਰਵਾ ਰਹੇ ਲਾਈਲੱਗ ਲੋਕ ਪੰਚਾਇਤ ਦਾ ਹੁਕਮ ਨਾ ਮੰਨਣ ਵਾਲੇ ਪੀੜਤ ਪਰਵਾਰ ਉਪਰ ਏਨੇ ਕਰੋਧਵਾਨ ਹੋ ਗਏ ਕਿ ਉਨ੍ਹਾਂ ਪਿੰਡ ਦਾ ਇਕੱਠ ਕਰ ਕੇ ਉਕਤ ਪਰਵਾਰ ਦਾ ਸਮਾਜਕ ਬਾਈਕਾਟ ਕਰਨ ਦਾ ਮਤਾ ਪਾਸ ਕਰ ਦਿੱਤਾ ।ਹੋਰ ਤਾਂ ਹੋਰ ਪਤਾ ਲੱਗਾ ਹੈ ਕਿ ਉਸ ਪਖੰਡ ਨੂੰ ਅੰਜਾਮ ਦੇਣ ਲਈ ਗੁਰੂ ਘਰ ਦੇ ਗ੍ਰੰਥੀ ਵੱਲੋਂ ਵੀ ਸਪੀਕਰ ਤੋਂ ਅਨਾਊਸਮੈਂਟ ਕਰਦਿਆਂ ਬਾਰ-ਬਾਰ ਲੋਕਾਂ ਨੂੰ ਪ੍ਰੇਰ ਕੇ ਪਖੰਡ ਵਿੱਚ ਭਾਈਵਾਲ ਬਣਾਉਣ ਦੀ ਕੋਈ ਕਸਰ ਬਾਕੀ ਨਾ ਛੱਡੀ ਗਈ । ਇਸ ਮਾਮਲੇ ਵਿੱਚ ਪਿੰਡ ਵਾਲਿਆਂ ਵੱਲੋਂ ਕੀਤੇ ਬਾਈਕਾਟ ਦਾ ਸਾਹਮਣਾ ਕਰ ਰਹੇ ਪਰਵਾਰ ਦੇ ਇੱਕ ਕਾਰਕੁਨ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾ ਸਿਰਫ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲ ਕੇ ਉਨ੍ਹਾਂ ਦਾ ਬਾਈਕਾਟ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਸਗੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਮਾਮਲੇ ਤੋਂ ਜਾਣੂ ਕਰਵਾ ਕੇ ਦਖਲ ਦੀ ਮੰਗ ਕੀਤੀ ਹੈ । ਉਧਰ ਤਰਕਸ਼ੀਲ ਸੁਸਾਇਟੀ ਦੀ ਤਲਵੰਡੀ ਸਾਬੋ ਇਕਾਈ ਨੇ ਪਿੰਡ ਦੀ ਪੰਚਾਇਤ ਅਤੇ ਉਥੋਂ ਦੇ ਲਾਈਲੱਗ ਲੋਕਾਂ ਵੱਲੋਂ ਉਕਤ ਰੂੜ੍ਹੀਵਾਦੀ ਅਡੰਬਰ ਦੀ ਅਲੋਚਨਾ ਕਰਦਿਆਂ ਇਸ ਨੂੰ ਇੱਕ ਅਪਰਾਧਕ ਵਰਤਾਰਾ ਐਲਾਨਿਆ ਹੈ, ਜਿਸ ਵਿੱਚ ਜ਼ਿੰਮੇਵਾਰ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਉਪਰ ਜ਼ੋਰ ਦਿੱਤਾ ਗਿਆ ਹੈ।
Comments (0)