ਯੂਪੀ ਬਣਿਆ ਝੂਠੇ ਪੁਲਿਸ ਮੁਕਾਬਲਿਆਂ ਦਾ  ਪ੍ਰਦੇਸ਼

ਯੂਪੀ ਬਣਿਆ ਝੂਠੇ ਪੁਲਿਸ ਮੁਕਾਬਲਿਆਂ ਦਾ  ਪ੍ਰਦੇਸ਼

*ਮਨੁੱਖੀ ਅਧਿਕਾਰ ਸੰਗਨਨਾਂਂ ਨੇ ਲਗਾਏ ਦੋਸ਼ ਕਿ ਮੁਸਲਮ ਭਾਈਚਾਰੇ ਦਾ ਲੱਕ ਤੋੜਨ ਲਈ ਮੁਸਲਮ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ   

 * 8472 ਐਨਕਾਊਂਂਟਰਾਂ 'ਚ 3302 ਕਥਿਤ ਅਪਰਾਧੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਫੱਟੜ  

ਅੰਮ੍ਰਿਤਸਰ ਟਾਈਮਜ਼ ਬਿਉਰੋ

 ਲਖਨਊ: ਯੂ ਪੀ ਸਰਕਾਰ ਲੰਮੇ ਸਮੇਂ ਤੋਂ ਅਪਰਾਧਿਕ ਸਰਗਰਮੀਆਂ ਵਿਚ ਕਮੀ ਹੋਣ ਦਾ ਦਾਅਵਾ ਕਰ ਰਹੀ ਹੈ । ਖੁਦ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਲਗਾਤਾਰ ਅਪਰਾਧੀਆਂ ਨੂੰ ਧਮਕਾਉਂਦੇ ਤੇ ਯੂ ਪੀ ਛੱਡ ਜਾਣ ਦੀਆਂ ਨਸੀਹਤਾਂ ਦਿੰਦੇ ਆ ਰਹੇ ਹਨ ।ਇਸੇ ਦੌਰਾਨ ਪੁਲਸ ਨੇ ਅਪਰਾਧ ਦੀ ਰੋਕਥਾਮ ਲਈ ਜਿਹੜੇ ਅੰਕੜੇ ਜਾਰੀ ਕੀਤੇ ਹਨ, ਉਹ ਕਾਫੀ ਹੈਰਾਨ ਕਰਨ ਵਾਲੇ ਹਨ । ਮਾਰਚ 2017 ਵਿਚ ਸੱਤਾ 'ਚ ਆਈ ਭਾਜਪਾ ਦੇ ਰਾਜ 'ਚ ਪੁਲਸ ਹੁਣ ਤੱਕ 8472 ਐਨਕਾਊਂਂਟਰਾਂ 'ਚ 3302 ਕਥਿਤ ਅਪਰਾਧੀਆਂ ਨੂੰ ਗੋਲੀਆਂ ਮਾਰ ਕੇ ਫੱਟੜ ਕਰ ਚੁੱਕੀ ਹੈ । ਇਨ੍ਹਾਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਹੁਣ ਤੱਕ 146 ਲੋਕ ਮਾਰੇ ਜਾ ਚੁੱਕੇ ਹਨ ਤੇ ਵੱਡੀ ਗਿਣਤੀ 'ਚ ਲੋਕਾਂ ਦੇ ਪੈਰਾਂ 'ਚ ਗੋਲੀਆਂ ਲੱਗੀਆਂ ਹਨ ।ਹਾਲਾਂਕਿ ਅਧਿਕਾਰਤ ਤੌਰ 'ਤੇ ਸਰਕਾਰ ਨੇ ਇਨ੍ਹਾਂ ਆਪ੍ਰੇਸ਼ਨਾਂ ਨੂੰ ਕੋਈ ਨਾਂਅ ਨਹੀਂ ਦਿੱਤਾ ਹੈ, ਪਰ ਕੁਝ ਪੁਲਸ ਵਾਲੇ ਇਸ ਨੂੰ 'ਆਪ੍ਰੇਸ਼ਨ ਲੰਗੜਾ' ਕਹਿੰਦੇ ਹਨ । ਪੁਲਸ ਵਾਲੇ ਪੈਰਾਂ 'ਚ ਗੋਲੀਆਂ ਮਾਰਨ ਨੂੰ ਆਪ੍ਰੇਸ਼ਨ ਲੰਗੜਾ ਕਹਿੰਦੇ ਹਨ ਪਰ ਹਕੀਕਤ 'ਚ ਇਹ ਆਪ੍ਰੇਸ਼ਨ ਇਕ ਫਿਰਕੇ ਅਤੇ ਛੋਟੀਆਂ ਜਾਤਾਂ ਵਾਲਿਆਂ ਨੂੰ ਲੰਗੜਾ ਕਰਨ ਵਾਲਾ ਹੈ ।

  ਕਿਸੇ ਜ਼ਮਾਨੇ ਵਿਚ ਯੂ ਪੀ ਦੇ ਵੱਡੇ ਪੁਲਸ ਅਫਸਰ ਰਹੇ ਐੱਸ ਆਰ ਦਾਰਾਪੁਰੀ, ਜਿਹੜੇ ਅੱਜਕੱਲ੍ਹ ਮਨੁੱਖੀ ਅਧਿਕਾਰ ਕਾਰਕੁੰਨ ਹਨ, ਦਾ ਕਹਿਣਾ ਹੈ-ਪੁਲਸ ਇਕ ਰਣਨੀਤੀ ਤਹਿਤ ਐਨਕਾਊਂਂਟਰ ਕਰ ਰਹੀ ਹੈ । ਖਾਸ ਤੌਰ 'ਤੇ ਮੁਸਲਮ ਭਾਈਚਾਰੇ ਦਾ ਲੱਕ ਤੋੜਨ ਲਈ ਮੁਸਲਮ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ । ਦਲਿਤਾਂ ਤੇ ਓ ਬੀ ਸੀ ਵਿਰੁੱਧ ਇਸ ਦਾ ਇਸਤੇਮਾਲ ਉਨ੍ਹਾਂ ਨੂੰ ਅਪਰਾਧਿਕ ਮਾਮਲਿਆਂ 'ਚ ਫਸਾਉਣ ਲਈ ਕੀਤਾ ਜਾ ਰਿਹਾ ਹੈ ।ਪੁਲਸ ਮੁਸਲਮਾਨਾਂ, ਦਲਿਤਾਂ ਤੇ ਓ ਬੀ ਸੀ ਵਿਰੁੱਧ ਅਪਰਾਧ ਰੋਕਣ ਲਈ ਵੀ ਏਨੀ ਸਰਗਰਮੀ ਕਿਉਂ ਨਹੀਂ ਦਿਖਾਉਂਦੀ?ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ ਸਿਰਫ ਇਸ ਲਈ ਕਿ ਕੋਈ ਮੁਲਜ਼ਮ ਖਤਰਨਾਕ ਅਪਰਾਧੀ ਹੈ, ਪੁਲਸ ਨੂੰ ਉਸ ਨੂੰ ਜਾਨ ਤੋਂ ਮਾਰ ਦੇੇਣ ਦਾ ਅਧਿਕਾਰ ਨਹੀਂ ਮਿਲ ਜਾਂਦਾ ।ਪੁਲਸ ਦਾ ਕੰਮ ਮੁਲਜ਼ਮ ਨੂੰ ਗਿ੍ਫਤਾਰ ਕਰਨਾ ਤੇ ਉਸ 'ਤੇ ਮੁਕੱਦਮਾ ਚਲਾਉਣਾ ਹੈ | ਇਸ ਅਦਾਲਤ ਨੇ ਵਾਰ-ਵਾਰ ਬੰਦੂਕ ਦਾ ਟਿ੍ਗਰ ਦੱਬਣ ਵਿਚ ਆਨੰਦ ਲੈਣ ਵਾਲੇ ਪੁਲਸ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ, ਜਿਹੜੇ ਅਪਰਾਧੀਆਂ ਨੂੰ ਮਾਰਨ ਤੋਂ ਬਾਅਦ ਘਟਨਾ ਨੂੰ ਐਨਕਾਊਂਂਟਰ ਦਾ ਨਾਂਅ ਦਿੰਦੇ ਹਨ । 

ਪੰਜਾਬ ਟਾਈਮਜ ਸਮਝਦਾ ਹੈ ਕਿ ਅਜਿਹੇ ਕਤਲਾਂ ਦੀ ਨਿਸ਼ਚਤ ਤੌਰ 'ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ । ਇਨ੍ਹਾਂ ਨੂੰ ਭਾਰਤੀ ਫੌਜਦਾਰੀ ਨਿਆਂ ਦੀ ਪ੍ਰਸ਼ਾਸਨਕ ਵਿਵਸਥਾ 'ਚ ਕਾਨੂੰਨ-ਅਨੁਸਾਰ ਨਹੀਂ ਮੰਨਿਆ ਜਾਂਦਾ ਹੈ । ਇਹ ਰਾਜ-ਪ੍ਰਯੋਜਿਤ ਦਹਿਸ਼ਤਗਰਦੀ ਦੇ ਬਰਾਬਰ ਹੈ । ਪਰ ਲੱਗਦਾ ਹੈ ਕਿ ਯੂ ਪੀ ਦੇ ਮੁੱਖ ਮੰਤਰੀ ਦਹਿਸ਼ਤ ਪੈਦਾ ਕਰਕੇ ਹੀ ਰਾਜ ਕਰਨਾ ਚਾਹੁੰਦੇ ਹਨ । ਉਹ ਅਗਲੇ ਸਾਲ ਹੋਣ ਵਾਲੀਆਂ ਅਸੰਬਲੀ ਚੋਣਾਂ ਜਿੱਤਣ ਲਈ ਐਨਕਾਊਂਂਟਰਾਂ ਨੂੰ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰ ਰਹੇ ਹਨ