ਭਾਈ ਮੰਡ ਨੇ  ਮੰਤਰੀ ਤੇ ਵਿਧਾਇਕ ਨੂੰ ਮੁੜ ਕੀਤਾ ਤਲਬ

ਭਾਈ ਮੰਡ ਨੇ  ਮੰਤਰੀ ਤੇ ਵਿਧਾਇਕ ਨੂੰ ਮੁੜ ਕੀਤਾ ਤਲਬ

ਕਾਂਗਰਸ ਸਰਕਾਰ ’ਤੇ ਧੋਖੇ ਨਾਲ ਬਰਗਾੜੀ ਮੋਰਚਾ ਖ਼ਤਮ ਕਰਾਉਣ ਦੇ ਲਗਾਏ ਦੋਸ਼

ਅੰਮ੍ਰਿਤਸਰ ਟਾਈਮਜ਼ ਬਿਉਰੋ

ਬਠਿੰਡਾ: ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ ਮੋਰਚੇ ’ਤੇ ਇਨਸਾਫ਼ ਨਾ ਮਿਲਦਾ ਦੇਖ ਇੱਥੇ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਕੀਤੀ ਗਈ। ਇਸ ਦੌਰਾਨ ਸਿੱਖ ਜਥੇਬੰਦੀਆਂ ਦੀ ਘਾਟ ਰੜਕੀ। ਜ਼ਿਕਰਯੋਗ ਹੈ ਕਿ ਜਥੇਦਾਰ ਮੰਡ ਨੇ ਕਾਂਗਰਸ ਦੇ ਦੋ ਮੰਤਰੀਆਂ ਅਤੇ ਵਿਧਾਇਕਾਂ ਨੂੰ ਦੋ ਵਾਰ ਅਕਾਲ ਤਖ਼ਤ ’ਤੇ ਤਲਬ ਕੀਤਾ ਸੀ, ਪਰ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤਿੰਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਹਰਮਿੰਦਰ ਸਿੰਘ ਗਿੱਲ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਪੇਸ਼ ਨਾ ਹੋਏ। ਜਥੇਦਾਰ ਮੰਡ ਨੇ ਬਰਗਾੜੀ ਮੋਰਚੇ ਨੂੰ ਖ਼ਤਮ ਕਰਾਉਣ ਦੀ ਕਾਂਗਰਸ ਦੀ ਚਾਲ ਕਰਾਰ ਦਿੰਦਿਆਂ ਕਿਹਾ ਕਿ ਬਰਗਾੜੀ ਮੋਰਚਾ ਸ਼ਾਂਤੀਪੂਰਵਕ ਚੱਲ ਰਿਹਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਰਚੇ ਵਿੱਚ ਭੇਜੇ ਗਏ ਕੈਬਨਿਟ ਵਜ਼ੀਰ ਅਤੇ ਤਿੰਨ ਵਿਧਾਇਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਵਿਸ਼ਵਾਸ ਦਿਵਾਇਆ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਸ ਵਿਸ਼ਵਾਸ ’ਤੇ ਬਰਗਾੜੀ ਮੋਰਚਾ ਚੁੱਕਿਆ ਗਿਆ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਾਂਗਰਸੀ ਮੰਤਰੀ ਤੇ ਵਿਧਾਇਕ 20 ਅਗਸਤ ਨੂੰ ਅਕਾਲ ਤਖ਼ਤ ’ਤੇ ਪੇਸ਼ ਨਾ ਹੋਏ ਤਾਂ ਪੰਥਕ ਧਿਰਾਂ ਵੱਲੋਂ ਬੁਲਾਈ ਇਕੱਤਰਤਾ ਮੌਕੇ ਸਰਬਸੰਮਤੀ ਨਾਲ ਲਏ ਫੈਸਲੇ ਮੁਤਾਬਕ ਸਖ਼ਤ ਸਜ਼ਾ ਸੁਣਾਈ ਜਾਵੇਗੀ।