ਪ੍ਰਵਾਸੀ ਪੰਜਾਬੀ  ਨੂੰ ਮਰਿਆ ਦੱਸ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਕਰੋੜਾਂ ਦੀ ਠਗੀ 

ਪ੍ਰਵਾਸੀ ਪੰਜਾਬੀ  ਨੂੰ ਮਰਿਆ ਦੱਸ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਕਰੋੜਾਂ ਦੀ ਠਗੀ 

* ਪਟਵਾਰੀ ਨੇ ਧੋਖੇ 'ਚ ਰੱਖ ਕੇ ਕਰਵਾਏ ਦਸਤਖ਼ਤ : ਨੰਬਰਦਾਰ     

* ਰੱਦ ਕੀਤਾ ਜਾਵੇਗਾ ਇੰਤਕਾਲ : ਐੱਸਡੀਐੱਮ 

ਅੰਮ੍ਰਿਤਸਰ ਟਾਈਮਜ਼ ਬਿਉਰੋ

 ਰਾਜਪੁਰਾ : ਰਾਜਪੁਰਾ ਨੇੜਲੇ ਪਿੰਡ ਢਕਾਨਸੂ ਅਤੇ ਪਹਿਰ ਵਿਖੇ ਕਰੋੜਾਂ ਰੁਪਏ ਦੀ ਜ਼ਮੀਨ ਹੜੱਪਣ ਦੀ ਨੀਯਤ ਨਾਲ ਨੌਜਵਾਨ ਵੱਲੋਂ ਅਮਰੀਕਾ ਰਹਿੰਦੇ ਅਸਲ ਮਾਲਕਾਂ ਨੂੰ ਮਰਿਆ ਹੋਇਆ ਸਾਬਤ ਕਰਕੇ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਉਨ੍ਹਾਂ ਦਾ ਇਕਲੌਤਾ ਵਾਰਸ ਦੱਸ ਕੇ ਵਿਰਾਸਤੀ ਇੰਤਕਾਲ ਆਪਣੇ ਨਾਂ ਕਰਵਾਉਣ ਦੇ ਮਾਮਲੇ 'ਚ ਪੀੜਤ ਐੱਨਆਰਆਈ ਦੇ ਪਿਤਾ ਵੱਲੋਂ ਐੱਸਐੱਸਪੀ ਪਟਿਆਲਾ, ਐੱਸਡੀਐੱਮ ਰਾਜਪੁਰਾ ਤੇ ਤਹਿਸੀਲਦਾਰ ਰਾਜਪੁਰਾ ਨੂੰ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਮੰਗ ਕਰਦਿਆਂ ਧੋਖਾਧੜੀ ਮਾਮਲੇ 'ਚ ਲਿਪਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਇਸ ਸਬੰਧੀ ਕਰਮ ਸਿੰਘ ਵਾਸੀ ਪਿੰਡ ਢਕਾਨਸੂ ਕਲਾਂ ਹਾਲ ਅਬਾਦ ਫੋਕਲ ਪੁਆਇੰਟ ਨੇ ਭੇਜੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਲੜਕਾ ਲਖਵਿੰਦਰ ਸਿੰਘ, ਉਸ ਦੀ ਪਤਨੀ ਹਰਜੀਤ ਕੌਰ, ਪੋਤਰਾ ਮਨਪ੍ਰਰੀਤ ਸਿੰਘ ਤੇ ਇੱਕ ਹੋਰ ਲੜਕਾ ਤੇ ਲੜਕੀ ਸਮੇਤ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿਖੇ ਰਹਿ ਰਿਹਾ ਹੈ ਜਿਸ 'ਤੇ ਇੱਕ ਨਕਲੀ ਮਨਪ੍ਰੀਤ ਸਿੰਘ ਨਾਮਕ ਨੌਜਵਾਨ ਨੇ ਉਸ ਦੇ ਲੜਕੇ ਲਖਵਿੰਦਰ ਸਿੰਘ ਤੇ ਉਸ ਦੀ ਪਤਨੀ ਹਰਜੀਤ ਕੌਰ ਨੂੰ ਮਿ੍ਤਕ ਦਿਖਾ ਕੇ ਲਖਵਿੰਦਰ ਸਿੰਘ ਦਾ ਮੌਤ ਦਾ ਸਰਟੀਫਿਕੇਟ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਬਣਵਾ ਕੇ ਤੇ ਉਸ ਦੇ ਪੋਤਰੇ ਮਨਪ੍ਰੀਤ ਸਿੰਘ ਦੇ ਨਾਂ ਦਾ ਰਾਜਪੁਰਾ ਦੇ ਸ਼ਹੀਦ ਭਗਤ ਸਿੰਘ ਕਾਲੋਨੀ ਵਿਖੇ ਪੱਕੇ ਪਤੇ ਦਾ ਆਧਾਰ ਕਾਰਡ ਵੀ ਬਣਵਾ ਲਿਆ। ਇਸ ਤੋਂ ਬਾਅਦ ਨਕਲੀ ਮਨਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਇਕਲੌਤਾ ਵਾਰਸ ਦੱਸ ਕੇ ਪਿੰਡ ਪਹਿਰ ਨੇੜੇ ਸਾਢੇ 3 ਏਕੜ ਜ਼ਮੀਨ ਅਤੇ ਪਿੰਡ ਢਕਾਨਸੂ ਰੋਡ 'ਤੇ ਸਥਿਤ ਕਰੀਬ 8 ਵਿੱਘੇ ਜ਼ਮੀਨ ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਬਣਦੀ ਹੈ, ਨੂੰ ਹੜੱਪਣ ਦੀ ਨੀਯਤ ਨਾਲ ਇਕਲੌਤਾ ਵਾਰਸ ਹੋਣ ਦਾ ਜਾਅਲੀ ਹਲਫੀਆ ਬਿਆਨ, ਲਖਵਿੰਦਰ ਸਿੰਘ ਦੀ ਮੌਤ ਦਾ ਸਰਟੀਫਿਕੇਟ ਸਮੇਤ ਹੋਰਨਾਂ ਜਾਅਲੀ ਦਸਤਾਵੇਜ਼ਾਂ ਦੇ ਨਾਂ ਜਾਅਲੀ ਕੁਰਸੀਨਾਮਾ ਤਿਆਰ ਕਰਕੇ ਵਿਰਾਸਤੀ ਇੰੰਤਕਾਲ ਆਪਣੇ ਨਾਂ ਕਰਵਾ ਲਿਆ।ਸ਼ਿਕਾਇਤਕਰਤਾ ਕਰਮ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਲਖਵਿੰਦਰ ਸਿੰਘ ਤੇ ਉਸ ਦੀ ਪਤਨੀ ਹਰਜੀਤ ਕੌਰ ਜਿਊਂਦੇ ਹਨ ਤੇ ਅਮਰੀਕਾ ਵਿਖੇ ਆਪਣੇ ਲੜਕੇ ਮਨਪ੍ਰੀਤ ਸਿੰਘ ਤੇ 2 ਹੋਰ ਬੱਚਿਆਂ ਨਾਲ ਰਹਿ ਰਹੇ ਹਨ। ਕਰਮ ਸਿੰਘ ਨੇ ਸ਼ਿਕਾਇਤ ਰਾਹੀਂ ਦੱਸਿਆ ਕਿ ਉਕਤ ਮਾਮਲੇ ਵਿਚ ਇੰਤਕਾਲਾਂ ਤੇ ਲਖਵਿੰਦਰ ਸਿੰਘ ਦੇ ਮਰੇ ਹੋਣ ਸਬੰਧੀ ਵਾਰਸਾਂ ਦੀ ਸ਼ਨਾਖਤ ਸਰਬਜੀਤ ਸਿੰਘ ਸਿੱਧੂ ਨੰਬਰਦਾਰ ਢਕਾਨਸੂ ਕਲਾਂ ਤਹਿਸੀਲ ਰਾਜਪੁਰਾ ਨੇ ਕੀਤੀ ਹੈ ਜਿਸ ਤੋਂ ਬਾਅਦ ਸਬੰਧਤ ਜਾਅਲੀ ਮਨਪ੍ਰੀਤ ਸਿੰਘ ਦੇ ਨਾਂ ਇੰਤਕਾਲ ਮਨਜ਼ੂਰ ਹੋ ਕੇ ਦਰਜ ਹੋ ਗਏ ਹਨ।ਇਸ ਸਬੰਧੀ ਨੰਬਰਦਾਰ ਸਰਬਜੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਹਸਤਾਖਰ ਉਨ੍ਹਾਂ ਦੇ ਹਨ ਪਰ ਇਸ ਸਬੰਧੀ ਹਲਕਾ ਪਟਵਾਰੀ ਵੱਲੋਂ ਧੋਖੇ 'ਚ ਰੱਖ ਕੇ ਇਹ ਦਸਤਖਤ ਕਰਵਾਏ ਹਨ ਕਿਉਂਕਿ ਸਬੰਧਤ ਜ਼ਮੀਨ ਦਾ ਇੰਤਕਾਲ ਕਰਵਾਉਣ ਸਬੰਧੀ ਸਾਰੇ ਦਸਤਾਵੇਜ਼ ਹਲਕਾ ਪਟਵਾਰੀ ਕੋਲ ਜਮ੍ਹਾ ਸਨ। ਇਸ ਤੋਂ ਇਲਾਵਾ ਜ਼ਮੀਨ ਦੇ ਇੰਤਕਾਲ 'ਚ ਪਿੰਡ ਪਹਿਰ ਦਾ ਹਵਾਲਾ ਵੀ ਹੈ ਜਦ ਕਿ ਉਹ ਤਾਂ ਪਿੰਡ ਢਕਾਨਸੂ ਕਲਾਂ ਦੇ ਨੰਬਰਦਾਰ ਹਨ। ਉਹ ਇਸ ਮਾਮਲੇ ਸਬੰਧੀ ਹਰੇਕ ਪੁੱਛਗਿੱਛ ਵਿੱਚ ਸਬੰਧਤ ਵਿਭਾਗ ਤੇ ਪੁਲਿਸ ਦਾ ਸਾਥ ਦੇਣਗੇ।

ਇਸ ਸਬੰਧੀ ਜਦੋਂ ਐੱਸਡੀਐੱਮ ਰਾਜਪੁਰਾ ਖੁਸ਼ਦਿਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਰਮ ਸਿੰਘ ਵੱਲੋਂ ਜਦੋਂ ਸ਼ਿਕਾਇਤ ਦਿੱਤੀ ਤਾਂ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਤਹਿਸੀਲਦਾਰ ਰਾਜਪੁਰਾ ਵੱਲੋਂ ਕੀਤੀ ਜਾ ਰਹੀ ਹੈ ਤੇ ਗਲਤ ਹੋਇਆ ਇੰਤਕਾਲ ਵੀ ਰੱਦ ਕਰਵਾਉਣ ਸਬੰਧੀ ਲਿਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਡਿਪਟੀ ਕਮਿਸ਼ਨਰ ਪਟਿਆਲਾ, ਐੱਸਐੱਸਪੀ ਪਟਿਆਲਾ ਤੇ ਏਜੀ ਪਟਿਆਲਾ ਵੱਲੋਂ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਦੋਸ਼ੀ ਪਾਏ ਗਏ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।