ਸੁਖਪਾਲ ਖਹਿਰਾ ਦੇ ਬਾਦਲਾਂ ''ਤੇ ਵਰੇ,  *ਯੂਏਪੀਏ  ਤਹਿਤ ਫਸੇ ਸਿਖ ਨੌਜਵਾਨਾਂ ਦੇ ਮੁੱਦੇ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ

ਸੁਖਪਾਲ ਖਹਿਰਾ ਦੇ ਬਾਦਲਾਂ ''ਤੇ ਵਰੇ,   *ਯੂਏਪੀਏ  ਤਹਿਤ ਫਸੇ ਸਿਖ ਨੌਜਵਾਨਾਂ ਦੇ ਮੁੱਦੇ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ

ਅੰਮ੍ਰਿਤਸਰ ਟਾਈਮਜ਼ ਬਿਉਰੋ

ਜਲੰਧਰ—  ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ  ਨੇ ਬਾਦਲਾਂ ’ਤੇ ਤਿੱਖੇ ਨਿਸ਼ਾਨੇ ਵਿੰਨ੍ਹਦਿਆਂ ਵੱਡੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਸਰਕਾਰ ਵੇਲੇ ਨਵਾਂਸ਼ਹਿਰ ਦੀ ਪੁਲਸ ਨੇ ਯੂ. ਏ. ਪੀ. ਏ. ਦੇ ਤਹਿਤ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਬਾਅਦ ਦੇਸ਼ਧ੍ਰੋਹ ਦੇ ਕੇਸ ’ਚ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਇਹ ਸਾਰਾ ਮਾਮਲਾ ਲਿਟਰੇਚਰ ਉਤੇ ਬਣਾਇਆ ਗਿਆ ਸੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਕੋਈ ਕਤਲੇਆਮ ਕੀਤਾ ਹੈ ਅਤੇ ਨਾ ਹੀ ਕੋਈ ਉਨ੍ਹਾਂ ਦੇ ਕੋਲੋਂ ਹਥਿਆਰ ਮਿਲੇ। ਇਸ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਜ਼ਮਾਨਤਾਂ ਨਹੀਂ ਹੋਈਆਂ। ਬਾਦਲਾਂ ਨੇ ਇਨ੍ਹਾਂ ਤਿੰਨੋਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਸਿਰਫ਼ ਲਿਟਰੇਚਰ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਅਤੇ ਕੁਝ ਪੋਸਟਰ ਤੇ ਕਿਤਾਬਾਂ ਕਰਕੇ ਇਨ੍ਹਾਂ ਨੂੰ ਸਜ਼ਾ ਸੁਣਾਈ ਗਈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਨੌਜਵਾਨਾਂ ਤੋਂ ਸਿਰਫ਼ 400 ਜਾਂ 460 ਰੁਪਏ ਹੀ ਬਰਾਮਦ ਹੋ ਸਕੇ ਸਨ। ਉਹ ਲਗਭਗ ਪਿਛਲੇ 5 ਸਾਲਾਂ ਤੋਂ ਮੈਕਸੀਮਮ ਸਕਿਓਰਿਟੀ ਜੇਲ੍ਹ ਨਾਭਾ ’ਚ ਬੰਦ ਹਨ। ਖਹਿਰਾ ਨੇ ਕਿਹਾ ਕਿ ਇਕ ਪਾਸੇ ਤਾਂ ਬਾਦਲ ਸਰਕਾਰ ਕਹਿੰਦੀ ਹੈ ਕਿ ਉਹ ਪੰਥ ਹਿਤੈਸ਼ੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੇ ਧੱਕੇ ਨਾਲ ਇਨ੍ਹਾਂ ਨੌਜਵਾਨਾਂ 'ਤੇ ਯੂਆਪਾ ਲਗਾਇਆ, ਜੋਕਿ ਬੇਹੱਦ ਸ਼ਰਮਨਾਕ ਵਾਲੀ ਗੱਲ ਹੈ। ਖਹਿਰਾ ਨੇ ਬਾਦਲਾਂ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਉਨ੍ਹਾਂ ਕੋਲ ਅਖੰਡ ਕੀਰਤਨੀ ਜਥੇ ਵਾਲੇ ਭਾਈ ਰਣਧੀਰ ਸਿੰਘ ਦੀ ਜੇਲ੍ਹ ਡਾਇਰੀ ਅਤੇ ਲਿਟਰੇਚਰ ਮਿਲਿਆ ਸੀ। ਭਾਈ ਰਣਧੀਰ ਸਿੰਘ ਨੇ 1915 ਤੋਂ ਲੈ ਕੇ 37 ਤੱਕ ਕਰੀਬ 15 ਸਾਲ ਦੇਸ਼ ਦੀ ਆਜ਼ਾਦੀ ਦੇ ਲਈ ਜੇਲ੍ਹ ਕੱਟੀ ਸੀ। ਉਨ੍ਹਾਂ ਦੀਆਂ ਚਿੱਠੀਆਂ ਨੂੰ ਆਧਾਰ ਬਣਾ ਕੇ ਨੌਜਵਾਨਾਂ ਨੂੰ ਉਮਰ ਕੈਦ ਦਿੱਤੀ ਗਈ ਜਦਕਿ ਭਾਈ ਰਣਧੀਰ ਸਿੰਘ ਦੇ ਨਾਮ 'ਤੇ ਲੁਧਿਆਣਾ ਵਿੱਚ ਬੀ. ਆਰ. ਐੱਸ. ਨਗਰ ਬਣਾਇਆ ਗਿਆ ਹੈ। 

ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸਜ਼ਾ ਮੁਆਫ਼ੀ ਦੇਣ ਲਈ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹਨ ਅਤੇ ਉਨ੍ਹਾਂ ਦੇ ਵੱਲੋਂ ਇਸ ਬਾਰੇ ਸਕਾਰਾਤਮਕ ਜਵਾਬ ਮਿਲਿਆ ਹੈ। ਇਸ ਸਬੰਧੀ ਫੇਸਬੁੱਕ ਜ਼ਰੀਏ ਵੀ ਖਹਿਰਾ ਨੇ ਦੱਸਦੇ ਕਿਹਾ ਕਿ ਆਜ਼ਾਦੀ ਘੁਲਾਟੀਏ ਭਾਈ ਰਣਧੀਰ ਸਿੰਘ ਦੀ ਜੇਲ੍ਹ ਡਾਇਰੀ ਅਤੇ ਹੋਰ ਲਿਟਰੇਚਰ ਰੱਖਣ ਦੇ ਆਧਾਰ 'ਤੇ ਬਾਦਲ ਸਰਕਾਰ ਵੱਲੋਂ ਨਵਾਂਸ਼ਹਿਰ ਦੇ ਅਰਵਿੰਦਰ ਸਿੰਘ ਅਤੇ ਦੋ ਹੋਰਨਾਂ ਨੂੰ ਦੇਸ਼ਧ੍ਰੋਹ ਅਤੇ ਯੂ. ਏ. ਪੀ. ਏ.ਵਰਗੇ ਕਾਲੇ ਕਾਨੂੰਨ ਤਹਿਤ ਉਮਰ ਕੈਦ ਦੀ ਸਜ਼ਾ ਕਰਵਾਏ ਜਾਣ ਬਾਰੇ ਮੁੱਖ ਮੰਤਰੀ ਪੰਜਾਬ ਨੂੰ ਦੱਸਿਆ ਹੈ ਅਤੇ ਉਨ੍ਹਾਂ ਦੀ ਸਜ਼ਾ ਮੁਆਫ਼ੀ ਲਈ ਮੈਮੋਰੰਡਮ ਦਿੱਤਾ ਗਿਆ ਹੈ।