ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਹੋ ਸਕਦੀਆਂ ਨੇ ਜਲਦ 

ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਹੋ ਸਕਦੀਆਂ ਨੇ ਜਲਦ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ- ਪੰਜਾਬ, ਹਰਿਆਣਾ, ਹਿਮਾਚਲ ਤੇ ਯੂ.ਟੀ. ਚੰਡੀਗੜ੍ਹ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਲਦ ਹੋਣ ਦੀ ਸੰਭਾਵਨਾ ਬਣ ਗਈ ਹੈ ,ਕਿਉਂਕਿ ਭਾਰਤ ਸਰਕਾਰ ਵਲੋਂ ਨਿਯੁਕਤ ਕੀਤੇ ਗੁਰਦੁਆਰਾ ਚੋਣਾਂ ਬਾਰੇ ਮੁੱਖ ਕਮਿਸ਼ਨਰ ਸੇਵਾ ਮੁਕਤ ਜਸਟਿਸ ਸੁਰਿੰਦਰ ਸਿੰਘ ਸਾਰੋਂ ਨੇ ਚਾਰਜ ਸੰਭਾਲ ਲਿਆ ਹੈ । ਉਨ੍ਹਾਂ ਦੱਸਿਆ ਕਿ ਮੈਂ ਹੁਣ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਭਾਵੇਂ ਲਗਾਤਾਰ ਦਫ਼ਤਰ ਵਿਚ ਅਜੇ ਨਹੀਂ ਜਾ ਰਿਹਾ ਕਿਉਂਕਿ ਸੈਕਟਰ-17 ਵਿਚ ਦਫ਼ਤਰ ਦਾ ਕੰਮ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ । ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਹੁਣੇ ਜਿਹੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਸ਼ੋ੍ਰਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਲਈ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਚੋਣਾਂ ਦੇ ਇੱਛੁਕ ਮੈਨੂੰ ਨਿਰਧਾਰਤ ਸਮੇਂ 'ਤੇ ਆ ਕੇ ਮਿਲ ਵੀ ਸਕਦੇ ਹਨ । ਭਾਵੇਂ ਮੇਰੇ ਦਫ਼ਤਰ 'ਚ ਅਜੇ ਉਨ੍ਹਾਂ ਨੂੰ ਮਿਲਣ ਬਾਰੇ ਬੈਠਣ ਲਈ ਕੁਰਸੀ ਦੀ ਸਹੂਲਤ ਨਹੀਂ ਪਰ ਮੈਂ ਦਫ਼ਤਰ ਦੇ ਬਾਹਰ ਆ ਕੇ ਮਿਲਣ ਲਈ ਤਿਆਰ ਹਾਂ । ਜਸਟਿਸ ਸਾਰੋਂ ਨੇ ਇਹ ਪ੍ਰਗਟਾਵਾ ਵੀ ਕੀਤਾ ਕਿ ਮੈਨੂੰ ਅਜੇ ਤੱਕ ਸਟਾਫ਼ ਨਹੀਂ ਮਿਲਿਆ, ਇੱਥੋਂ ਤੱਕ ਕਿ ਸੈਕਟਰੀ ਤੇ ਕਲਰਕ ਅਤੇ ਸੁਪਰਡੈਂਟ ਮੁਹੱਈਆ ਨਹੀਂ ਕੀਤੇ ਗਏ ਪਰ ਮੈਨੂੰ ਆਸ ਹੈ ਕਿ ਲੋੜੀਂਦਾ ਸਟਾਫ਼ ਜਲਦੀ ਮਿਲ ਜਾਵੇਗਾ ।