ਭਾਰਤ ਇਕ ਅਰਬ ਕੋਰੋਨਾ ਟੀਕੇ ਤਿਆਰ ਕਰੇਗਾ-ਭਾਰਤੀ ਰਾਜਦੂਤ ਸੰਧੂ

ਭਾਰਤ ਇਕ ਅਰਬ ਕੋਰੋਨਾ ਟੀਕੇ ਤਿਆਰ ਕਰੇਗਾ-ਭਾਰਤੀ ਰਾਜਦੂਤ ਸੰਧੂ
ਕੈਪਸ਼ਨ : ਸਨਫਰਾਂਸਿਸਕੋ ਵੈਲੀ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਸਵਾਗਤ ਮੌਕੇ ਮੰਚ ਉਪਰ ਇੰਡੀਅਨ ਐਸੋਸੀਏਸ਼ਨ ਲਾਸ ਏਂਜਲਸ ਦੇ ਅਹੁੱਦੇਦਾਰ ਤੇ ਸਮਰਥਕ ਨਜਰ ਆ ਰਹੇ ਹਨ।

* ਅਮਰੀਕਾ ਦੇਵੇਗਾ ਤਕਨੀਕ ਤੇ ਜਪਾਨ ਕਰੇਗਾ ਖਰਚ

* ਭਾਰਤ ਵਿਸ਼ਵ ਵਿਚ ਦਵਾਈਆਂ ਦਾ ਸਭ ਤੋਂ ਵੱਡਾ ਉਤਪਾਦਕ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-  ਭਾਰਤੀ-ਅਮਰੀਕੀ ਭਾਈਚਾਰੇ ਦੀ ਇਕੱਤਰਤਾ ਦੌਰਾਨ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਭਾਰਤ ਵੱਲੋਂ ਡਾਕਟਰੀ ਖੇਤਰ ਵਿਚ ਕੀਤੀ ਜਾ ਰਹੀ ਪ੍ਰਗਤੀ ਬਾਰੇ ਚਾਨਣਾ ਪਾਇਆ। ਉਨਾਂ ਕਿਹਾ ਕਿ ਭਾਰਤ 'ਕੁਐਡ ਗਰੁੱਪ' ਦੇ ਹਿੱਸੇ ਵਜੋਂ ਇਕ ਅਰਬ ਕੋਵਿਡ ਵੈਕਸੀਨ ਤਿਆਰ ਕਰੇਗਾ ਜਿਸ ਵਾਸਤੇ ਅਮਰੀਕਾ ਤਕਨੀਕੀ ਸਹਾਇਤਾ ਕਰੇਗਾ ਜਦ ਕਿ ਜਪਾਨ ਪੈਸਾ ਲਾਵੇਗਾ। ਵੱਡੀ ਪੱਧਰ ਉਪਰ ਟੀਕੇ ਬਣਾਉਣ ਵਿੱਚ ਆਸਟ੍ਰੇਲੀਆ ਵੀ ਲੋੜੀਂਦੀ ਮੱਦਦ ਕਰੇਗਾ। ਉਨਾਂ ਕਿਹਾ ਕਿ ਇਸ ਸਮੇ ਵਿਸ਼ਵ ਭਰ ਵਿਚ ਬਣ ਰਹੀਆਂ ਦਵਾਈਆਂ ਦਾ 60% ਹਿੱਸਾ ਭਾਰਤ ਤਿਆਰ ਕਰਦਾ ਹੈ। ਸਨਫਰਾਂਸਿਸਕੋ ਵੈਲੀ  ਦੇ ਰਾਇਲ ਦਿੱਲੀ ਪੈਲਸ ਵਿਚ ਭਾਰਤੀ ਰਾਜਦੂਤ ਸੰਧੂ ਨਾਲ ਭਾਰਤੀ-ਅਮਰੀਕੀ ਭਾਈਚਾਰੇ ਦੀ ਮਿਲਣੀ ਇੰਡੀਆ ਐਸੋਸੀਏਸ਼ਨ ਆਫ ਲਾਸ ਏਂਜਲਸ ਦੇ ਚੇਅਰਮੈਨ ਸੁਨੀਲ ਅਗਰਵਾਲ ਤੇ ਹੋਰ ਅਹੁੱਦੇਦਾਰਾਂ ਦੇ ਯਤਨਾਂ ਸਦਕਾ ਸੰਭਵ ਹੋਈ। ਸੰਧੂ ਰਾਜਦੂਤ ਦਾ ਅਹੁੱਦਾ ਸੰਭਾਲਣ ਉਪਰੰਤ ਪਹਿਲੀ ਵਾਰ ਕੈਲੀਫੋਰਨੀਆ ਆਏ ਸਨ। ਸੰਧੂ ਨੇ ਕਿਹਾ ਕਿ ਭਾਰਤ ਵਿਚ ਹਾਲ ਹੀ ਵਿਚ ਫੈਲੀ ਕੋਵਿਡ ਮਹਾਮਾਰੀ ਦੌਰਾਨ ਭਾਰਤ ਤੇ ਅਮਰੀਕਾ ਦੇ ਮਜਬੂਤ ਸਬੰਧ ਵੇਖਣ ਨੂੰ ਮਿਲੇ ਹਨ। ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਫੌਰੀ ਮੱਦਦ ਦੀ ਪੇਸ਼ਕਸ਼ ਕੀਤੀ। ਅਮਰੀਕੀ ਸਨਅਤ ਨੇ 40 ਲੱਖ ਡਾਲਰ ਦੀ ਮੱਦਦ ਕੀਤੀ ਜਦ ਕਿ ਫੈਡੈਕਸ ਦੇ 4 ਜਹਾਜ਼ਾਂ ਵਿਚ ਅੱਤ ਜਰੂਰੀ ਮੈਡਕੀਲ ਸਾਜ ਸਮਾਨ ਭੇਜਿਆ ਗਿਆ। ਉਨਾਂ ਕਿਹਾ ਕਿ ਭਵਿੱਖ ਭਾਰਤ ਤੇ ਅਮਰੀਕਾ ਦੇ ਸਬੰਧਾਂ ਉਪਰ ਨਿਰਭਰ ਕਰਦਾ ਹੈ। ਸਨਫਰਾਂਸਿਸਕੋ ਸਥਿੱਤ ਭਾਰਤ ਦੇ ਕੌਂਸਲ ਜਨਰਲ ਡਾ ਨਾਗੇਂਦਰ ਪ੍ਰਸਾਦ ਨੇ ਆਪਣੇ ਸਬੋਧਨ ਵਿਚ ਕਿਹਾ ਕਿ ਭਾਰਤੀ ਰਾਜਦੂਤ ਅਮਰੀਕਾ ਦੇ ਬਣੇ ਹੋਏ ਫੌਜੀ ਹੈਲੀਕਾਪਟਰਾਂ ਦੀ ਸਪੁਰਦਗੀ ਲੈਣ ਲਈ ਕੈਲੀਫੋਰਨੀਆ ਆਏ ਹਨ ਜੋ ਹੈਲੀਕਾਪਟਰ ਭਾਰਤੀ ਸਮੁੰਦਰੀ ਫੌਜ ਦੇ ਹਵਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਸਮਾਗਮ ਵਿਚ ਵੱਡੀ ਪੱਧਰ ਉਪਰ ਲੋਕਾਂ ਦੀ ਸ਼ਮੂਲੀਅਤ ਭਾਰਤੀਆਂ ਦੀ ਭਾਰਤ ਪ੍ਰਤੀ ਖਿੱਚ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਕੌਂਸਲਖਾਨਾ ਭਾਰਤੀ-ਅਮਰੀਕੀਆਂ ਦੀ ਸੇਵਾ ਵਿਚ ਹਰ ਵੇਲੇ ਖੁਲਾ ਹੈ। ਸਮਾਗਮ ਨੂੰ ਕਾਂਗਰਸ ਦੇ ਮੈਂਬਰ ਬਰਾਡੇ ਸ਼ੇਰਮਨ ਤੇ ਜਿਮੀ ਗੋਮਜ ਨੇ ਵੀ ਸੰਬੋਧਨ ਕੀਤਾ। ਉਨਾਂ ਕਿਹਾ ਕਿ ਉਨਾਂ ਦੇ ਦਫਤਰ ਭਾਰਤੀ-ਅਮਰੀਕੀ ਭਾਈਚਾਰੇ ਦੀ ਲੋੜੀਂਦੀ ਸਹਾਇਤਾ ਕਰਨ ਵਾਸਤੇ ਹਮੇਸ਼ਾਂ ਤਿਆਰ ਹਨ।