ਅਮਰੀਕਾ ਦੇ ਹਵਾਈ ਟਾਪੂ 'ਤੇ ਲੱਗੀ ਭਿਆਨਕ ਅੱਗ ਤੋਂ ਬਾਅਦ ਵਾਪਸ ਆ ਰਹੇ ਲੋਕਾਂ ਨੂੰ ਰਹਿਣ ਲਈ ਨਹੀਂ ਮਿਲ ਰਹੀ ਜਗਾ

ਅਮਰੀਕਾ ਦੇ ਹਵਾਈ ਟਾਪੂ 'ਤੇ ਲੱਗੀ ਭਿਆਨਕ ਅੱਗ ਤੋਂ ਬਾਅਦ ਵਾਪਸ ਆ ਰਹੇ ਲੋਕਾਂ ਨੂੰ ਰਹਿਣ ਲਈ ਨਹੀਂ ਮਿਲ ਰਹੀ ਜਗਾ
ਕੈਪਸ਼ਨ ਮਾਊਈ, ਹਵਾਈ ਵਿਚ ਸਮਾਜ ਸੇਵਕ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਦੇ ਹੋਏ

ਹੁਣ ਤੱਕ 93 ਮੌਤਾਂ, ਹੋਰ ਵਧ ਸਕਦੀ ਹੈ ਗਿਣਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਹਵਾਈ ਸੂਬੇ ਦੇ ਦੂਸਰੇ ਵੱਡੇ ਟਾਪੂ ਮਾਊਈ ਨੂੰ ਜੰਗਲੀ ਅੱਗ ਕਾਰਨ ਪੈਦਾ ਹੋਏ ਹਾਲਾਤ ਵਿਚੋਂ ਉਭਰਨ ਲਈ ਲੰਬਾ ਸਮਾਂ ਲੱਗੇਗਾ ਜਦ ਕਿ  ਅੱਗ ਨਾਲ ਪੂਰੀ ਤਰਾਂ ਸੜੇ ਲਾਹੈਨਾ ਕਸਬੇ ਵਿਚ ਪਰਤ ਰਹੇ ਲੋਕਾਂ ਨੂੰ ਰਹਿਣ ਲਈ ਜਗਾ ਨਾ ਮਿਲਣ ਦੀਆਂ ਰਿਪੋਰਟਾਂ ਹਨ। ਉਨਾਂ ਨੂੰ ਦਿਨ ਤੇ ਰਾਤਾਂ ਬਿਨਾਂ ਛੱਤ ਦੇ ਬਿਤਾਉਣੀਆਂ ਪੈ ਰਹੀਆਂ ਹਨ ਹਾਲਾਂ ਕਿ ਪ੍ਰਸ਼ਾਸਨ ਬਦਲਵੀਂ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਯਤਨਸ਼ੀਲ ਹੈ। ਉਜੜੇ ਲੋਕਾਂ ਦਾ ਕਹਿਣਾ ਹੈ ਕਿ ਇਹ  ਇਕ ਬੁਰੇ ਸੁਪਨੇ ਦੀ ਤਰਾਂ ਹੈ ਤੇ ਉਹ ਬਿਨਾਂ ਘਰ ਰਹਿਣ ਲਈ ਮਜਬੂਰ ਹਨ। ਦੂਸਰੇ ਪਾਸੇ ਹਵਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਾਪੂ ਦਾ ਖਾਸ ਕਰਕੇ ਪੂਰਬੀ ਹਿੱਸਾ ਜੋ ਜੰਗਲੀ ਅੱਗ ਤੋਂ ਪ੍ਰਭਾਵਿਤ ਨਹੀਂ ਹੋਇਆ, ਸੈਲਾਨੀਆਂ ਲਈ ਖੁਲਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੱਛਮੀ ਮਾਊਈ ਦੇ ਪ੍ਰਭਾਵਿਤ ਲੋਕਾਂ ਨੂੰ ਹੋਟਲਾਂ ਵਿਚ ਰਹਿਣ ਲਈ ਥਾਂ ਲੱਭਣ ਵਾਸਤੇ ਸੈਲਾਨੀਆਂ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਸੈਲਾਨੀਆਂ ਨੂੰ ਇਥੇ ਆਉਣ ਤੋਂ ਰੋਕਣਾ ਚਾਹੀਦਾ ਹੈ ਕਿਉਂਕਿ ਸਥਾਨਕ ਲੋਕਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ। ਹੋਟਲਾਂ ਦੇ ਕਮਰੇ ਸਥਾਨਕ ਲੋਕਾਂ ਲਈ ਰਾਖਵੇਂ ਹੋਣੇ ਚਾਹੀਦੇ ਹਨ। ਹੁਣ ਤੱਕ ਅੱਗ ਵਿਚ ਸੜ ਕੇ ਮਰਨ ਵਾਲਿਆਂ ਦੀ ਗਿਣਤੀ 93 ਹੋ ਗਈ ਹੈ ਜਿਸ ਦੇ ਵਧਣ ਦੀ ਸੰਭਾਵਨਾ ਹੈ। ਨੈਸ਼ਨਲ ਫਾਇਰ ਪ੍ਰੋਟੈਕਸ਼ਨ ਐਸੋਸੀਏਸ਼ਨ ਵੱਲੋਂ ਕੀਤੀ ਪੁੜਚੋਲ ਅਨੁਸਾਰ ਮਾਊਈ ਜੰਗਲੀ ਅੱਗ ਅਮਰੀਕਾ ਵਿਚ ਪਿਛਲੇ 100 ਸਾਲ ਦੇ ਵੀ ਵਧ ਸਮੇਂ ਦੌਰਾਨ ਲੱਗੀਆਂ ਜੰਗਲੀ ਅੱਗਾਂ ਵਿਚੋਂ ਸਭ ਤੋਂ ਵਧ ਭਿਆਨਕ ਹੈ। ਹਵਾਈ ਦੇ ਗਵਰਨਰ ਜੋਸ਼ ਗਰੀਨ ਅਨੁਸਾਰ ਹੁਣ ਤੱਕ ਹੰਢਾਈਆਂ ਕੁੱਦਰਤੀ ਆਫਤਾਂ ਵਿਚੋਂ ਇਹ ਸਭ ਤੋਂ ਵੱਡੀ ਆਫਤ ਹੈ। ਉਨਾਂ ਕਿਹਾ ਕਿ ਇਹ ਕੁੱਦਰਤੀ ਤਬਾਹੀ ਹੈ ਜਿਸ ਵਿਚੋਂ ਉਭਰਨ ਲਈ ਕਾਫੀ ਸਮਾਂ ਲੱਗੇਗਾ।