ਜਾਰਜ ਫਲਾਇਡ ਦੀ ਮੌਤ ਸਾਹ ਘੁੱਟਣ ਕਾਰਨ ਹੋਈ- ਚੀਫ ਮੈਡੀਕਲ ਅਧਿਕਾਰੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ : (ਹੁਸਨ ਲੜਆ ਬੰਗਾ) ਜਾਰਜ ਫਲਾਇਡ ਦੀ ਮੌਤ ਪੁਲਿਸ ਅਧਿਕਾਰੀ ਡੈਰੇਕ ਸ਼ੌਵਿਨ ਵੱਲੋਂ ਉਸ ਦਾ ਗਲਾ ਦਬਾਉਣ ਦੇ ਸਿੱਟੇ ਵਜੋਂ ਘਟੇ ਆਕਸੀਜ਼ਨ ਦੇ ਪੱਧਰ ਕਾਰਨ ਹੋਈ। ਇਹ ਪ੍ਰਗਟਾਵਾ ਅਦਾਲਤ ਵਿਚ ਆਪਣੀ ਗਵਾਹੀ ਦਿੰਦੀਆਂ ਮੁੱਖ ਮੈਡੀਕਲ ਅਧਿਕਾਰੀ ਹੈਨੇਪਿਨ ਕਾਊਂਟੀ ਡਾਕਟਰ ਐਂਡਰੀਊ ਬੇਕਰ ਨੇ ਕੀਤਾ ਜਿਸ ਨੇ ਜਾਰਜ ਫਲਾਇਡ ਦਾ ਪੋਸਟ ਮਾਰਟਮ ਕੀਤਾ ਸੀ। ਉਸ ਨੇ ਅਦਾਲਤ ਨੂੰ ਦੱਸਿਆ ਕਿ ਜਾਰਜ ਫਲਾਇਡ ਦੀ ਦਿੱਲ ਦੀ ਬਿਮਾਰੀ ਉਸ ਦੀ ਮੌਤ ਦਾ ਦੂਸਰਾ ਕਾਰਨ ਹੋ ਸਕਦੀ ਹੈ। ਪਿਛਲੇ ਸਾਲ ਆਪਣੀ ਪੋਸਟ ਮਾਰਟਮ ਰਿਪੋਰਟ ਵਿਚ ਬੇਕਰ ਨੇ ਕਿਹਾ ਸੀ ਕਿ ਲਾਅ ਇਨਫੋਰਸਮੈਂਟ ਅਧਿਕਾਰੀ ਵੱਲੋਂ ਜਾਰਜ ਫਲਾਇਡ ਦੀ ਧੌਣ ਉਪਰ ਪਾਏ ਦਬਾਅ ਦੌਰਾਨ ਉਸ ਦੇ ਦਿੱਲ ਤੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਸ ਸਮੇ ਬੇਕਰ ਨੇ ਸਾਹ ਘੁੱਟਣ ਜਾਂ ਆਕਸੀਜ਼ਨ ਦੀ ਘਾਟ ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਸੀ।
ਡਾਕਟਰ ਲਿੰਡਸੇ ਥੌਮਸ
ਲੰਘੇ ਦਿਨ ਅਦਾਲਤ ਵਿਚ ਗਵਾਹੀ ਦਿੰਦਿਆਂ ਉਸ ਨੇ ਸਪੱਸ਼ਟ ਕਿਹਾ ਕਿ ਪੁਲਿਸ ਅਫਸਰ ਵੱਲੋਂ ਧੌਣ ਉਪਰ ਪਾਏ ਦਬਾਅ ਕਾਰਨ ਫਲਾਇਡ ਨੂੰ ਸਾਹ ਆਉਣਾ ਬੰਦ ਹੋ ਗਿਆ ਸੀ। ਬੇਕਰ ਤੋਂ ਇਲਾਵਾ ਡਾ ਲਿੰਡਸੇਅ ਥਾਮਸ ਸਾਬਕਾ ਫੋਰੈਂਸਿਕ ਪਥਾਲੋਜਿਸਟ ਨੇ ਆਪਣੀ ਗਵਾਹੀ ਵਿਚ ਕਿਹਾ ਕਿ ਦਿੱਲ ਤੇ ਫੇਫੜਿਆਂ ਵੱਲੋਂ ਕੰਮ ਕਰਨਾ ਬੰਦ ਕਰ ਦੇਣ ਕਾਰਨ ਫਲਾਇਡ ਦੀ ਮੌਤ ਹੋਈ ਸੀ। ਇਥੇ ਜਿਕਰਯੋਗ ਹੈ ਕਿ ਫਲਾਇਡ ਦੇ ਪਰਿਵਾਰ ਵੱਲੋਂ ਕਰਵਾਏ ਪੋਸਟ ਮਾਰਟਮ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਉਸ ਦੀ ਮੌਤ ਇਕ ਕਤਲ ਹੈ ਕਿਉਂਕਿ ਪੁਲਿਸ ਅਫਸਰ ਨੇ ਉਸ ਦਾ ਸਾਹ ਬੰਦ ਕਰ ਦਿੱਤਾ ਸੀ। ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ਵਿਚ ਮੈਡੀਕਲ ਅਫਸਰਾਂ ਦੀ ਗਵਾਹੀਆਂ ਨਿਰਣਾਇਕ ਸਾਬਤ ਹੋ ਸਕਦੀਆਂ ਹਨ।
Comments (0)