ਅਫ਼ਗਾਨਿਸਤਾਨ ਦੇ ਕਈ ਸੂਬਿਆਂ 'ਚ ਜੰਗ ਹੋਈ ਤੇਜ਼

ਅਫ਼ਗਾਨਿਸਤਾਨ ਦੇ ਕਈ ਸੂਬਿਆਂ 'ਚ ਜੰਗ ਹੋਈ ਤੇਜ਼

 *ਫ਼ੌਜ ਨੇ ਮਾਰੇ 254 ਤਾਲਿਬਾਨੀ 

*ਤਾਲਿਬਾਨ ਦਾ ਛੇ ਸਰਹੱਦੀ ਚੌਕੀਆਂ 'ਤੇ ਕਬਜ਼ਾ

ਪਾਕਿਸਤਾਨ ਵਲੋਂ   ਸਰਹੱਦ 'ਚ ਭੱਜ ਕੇ ਆਉਣ ਵਾਲੇ ਅਫਗਾਨੀਆਂ ਨੂੰ ਪਨਾਹ ਦੇਣ ਤੋਂ ਇਨਕਾਰ

ਅੰਮ੍ਰਿਤਸਰ ਟਾਈਮਜ਼ ਬਿਉਰੋ   

 ਕਾਬੁਲ : ਅਫ਼ਗਾਨਿਸਤਾਨ ਦੇ ਕਈ ਸੂਬਿਆਂ 'ਚ ਜੰਗ ਤੇਜ਼ ਹੋ ਗਈ ਹੈ। ਜਿਹਾਦੀ  ਹਮਲਿਆਂ ਦੌਰਾਨ ਅਫ਼ਗਾਨ ਫ਼ੌਜ ਨੇ ਪਿਛਲੇ  ਦਿਨੀਂ ਕਈ ਸੂਬਿਆਂ 'ਚ ਤਾਲਿਬਾਨੀ ਟਿਕਾਣਿਆਂ 'ਤੇ ਹਮਲੇ ਕੀਤੇ ਤੇ 254 ਜਿਹਾਦੀਆਂ ਨੂੰ ਢੇਰ ਕਰ ਦਿੱਤਾ।97 ਜਿਹਾਦੀ ਜ਼ਖ਼ਮੀ ਹੋਏ ਹਨ। ਜਿਹਾਦੀਆਂ ਦਾ ਗੋਲ਼ਾ-ਬਾਰੂਦ ਨਸ਼ਟ ਕਰ ਦਿੱਤਾ ਹੈ। ਏਧਰ ਜਿਹਾਦੀਆਂ ਨੇ ਕੰਧਾਰ ਏਅਰਪੋਰਟ 'ਤੇ ਰਾਕੇਟ ਨਾਲ ਹਮਲਾ ਕੀਤਾ। ਜਿੱਥੇ ਤਿੰਨ ਰਾਕੇਟ ਦਾਗੇ ਗਏ। ਏਅਰਪੋਰਟ 'ਤੇ ਹਮਲੇ ਤੋਂ ਬਾਅਦ ਇੱਥੇ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ। ਅਫ਼ਗਾਨ ਰੱਖਿਆ ਮੰਤਰਾਲੇ ਮੁਤਾਬਕ ਫ਼ੌਜ ਨੇ ਜੰਗ ਤੇਜ਼ ਕਰਦੇ ਹੋਏ ਗਜ਼ਨੀ, ਕੰਧਾਰ, ਹੇਰਾਤ, ਕਾਬੁਲ, ਬਲਖ ਤੇ ਕਪਿਸਾ ਆਦਿ ਸੂਬਿਆਂ 'ਚ ਜਿਹਾਦੀਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।  ਤਾਲਿਬਾਨ ਦੇ ਬੁਲਾਰੇ ਜਬੀਉੱਲ੍ਹਾ ਮੁਜਾਹਿਦ ਨੇ ਦੱਸਿਆ ਕਿ ਅਫ਼ਗਾਨ ਫ਼ੌਜ ਦੇ ਜਹਾਜ਼ ਤਾਲਿਬਾਨ 'ਤੇ ਹਮਲੇ ਲਈ ਲਗਾਤਾਰ ਕੰਧਾਰ ਤੋਂ ਹੀ ਉਡਾਣਾਂ ਭਰ ਰਹੇ ਸਨ, ਇਸੇ ਲਈ ਏਅਰਪੋਰਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਅਫ਼ਗਾਨ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ ਹਮਲੇ 'ਚ ਰਨਵੇ ਦਾ ਕੁਝ ਹਿੱਸਾ ਨੁਕਸਾਨਿਆਂ ਗਿਆ ਹੈ। ਇਨ੍ਹਾਂ ਹਮਲਿਆਂ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਜੌਜਾਨ ਸੂਬੇ 'ਚ ਹਵਾਈ ਹਮਲਿਆਂ 'ਚ 37 ਜਿਹਾਦੀ ਮਾਰੇ ਗਏ।  ਕਪਿਸਾ ਸੂਬੇ 'ਚ ਨਿਜਰਬ ਜ਼ਿਲ੍ਹੇ 'ਚ ਤਾਲਿਬਾਨਾਂ  ਨੇ ਚਾਰ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ।ਤਾਲਿਬਾਨ ਨੇ ਛੇ ਸਰਹੱਦੀ ਚੌਕੀਆਂ 'ਤੇ ਕਬਜ਼ਾ ਕਰ ਲਿਆ ਹੈ, ਜਿਨ੍ਹਾਂ ਤੋਂ ਅਫ਼ਗਾਨ ਸਰਕਾਰ ਦਾ ਮਾਲੀਆ ਘਟ ਗਿਆ ਹੈ। ਅਫ਼ਗਾਨ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਟੈਕਸ ਵਸੂਲੀ ਕੀਤੇ ਜਾਣ ਵਾਲੀਆਂ ਸਰਹੱਦੀ ਚੌਕੀਆਂ 'ਤੇ ਤਾਲਿਬਾਨ ਦਾ ਕਬਜ਼ਾ ਹੈ। ਤਾਲਿਬਾਨ ਵੱਲੋਂ ਹੀ ਹੁਣ ਇੱਥੇ ਟੈਕਸ ਵਸੂਲਿਆ ਜਾ ਰਿਹਾ ਹੈ।ਪਾਕਿਸਤਾਨ ਨੇ ਅਫ਼ਗਾਨ ਜੰਗ ਕਾਰਨ ਉਸ ਦੀ ਸਰਹੱਦ 'ਚ ਭੱਜ ਕੇ ਆਉਣ ਵਾਲੇ ਨਾਗਰਿਕਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ  ਮੋਈਦ ਯੁਸੂਫ਼ ਨੇ ਕਿਹਾ ਹੈ ਕਿ ਪਾਕਿਸਤਾਨ ਹੁਣ ਵਧੇਰੇ ਅਫ਼ਗਾਨ ਨਾਗਰਿਕਾਂ ਨੂੰ ਪਨਾਹ ਨਹੀਂ ਦੇ ਸਕਦਾ। ਕੌਮਾਂਤਰੀ ਏਜੰਸੀਆਂ ਨੂੰ ਅਫ਼ਗਾਨਿਸਤਾਨ ਦੀ ਸਰਹੱਦ 'ਚ ਹੀ ਸ਼ਰਨਾਰਥੀ ਕੈਂਪ ਖੋਲ੍ਹਣੇ ਚਾਹੀਦੇ ਹਨ। 

 ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ ਅਮਰੀਕੀ ਫ਼ੌਜਾਂ ਦੇ ਜਾਣ ਮਗਰੋਂ ਤਾਲਿਬਾਨ ਦੇ ਹੌਂਸਲੇ ਹਾਲੀਆਂ ਹਫ਼ਤਿਆਂ ਦੌਰਾਨ ਕਾਫ਼ੀ ਵਧੇ ਹਨ।2001 ਵਿੱਚ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਮੁੜ ਉੱਭਰਦੇ ਤਾਲਿਬਾਨ ਨੇ ਪਿਛਲੇ ਦੋ ਮਹੀਨਿਆਂ ਵਿੱਚ ਅਫ਼ਗਾਨਿਸਤਾਨ 'ਚ ਪਹਿਲੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਹੈ।ਲਗਭਗ ਡੇਢ ਕਰੋੜ ਲੋਕ - ਅੱਧੀ ਆਬਾਦੀ - ਜਾਂ ਤਾਂ ਤਾਲਿਬਾਨੀ ਕੰਟਰੋਲ ਵਾਲੇ ਵਿੱਚ ਰਹਿ ਰਹੇ ਸਨ ਜਾਂ ਫਿਰ ਤਾਲਿਬਾਨਾਂ ਦੀ ਖੁੱਲ੍ਹੀ ਮੌਜੂਦਗੀ ਵਾਲੇ ਖੇਤਰਾਂ ਵਿੱਚ ਰਹਿ ਰਹੇ ਸਨ।ਇਸ ਲੜਾਈ ਨੇ ਬਹੁਤ ਸਾਰੇ ਲੋਕਾਂ ਨੂੰ ਬੇਘਰੇ ਕੀਤਾ ਹੈ - ਸਾਲ ਦੀ ਸ਼ੁਰੂਆਤ ਤੋਂ ਲਗਭਗ 300,000 ਲੋਕ ਬੇਘਰ ਹੋ ਗਏ ਹਨ। ਤਾਲਿਬਾਨ ਦੇ ਹਮਲਿਆਂ ਨੇ ਅਫ਼ਗਾਨ ਸ਼ਰਨਾਰਥੀਆਂ ਅਤੇ ਸਰਕਾਰੀ ਫੌਜਾਂ ਨੂੰ ਵੀ ਤਜ਼ਾਕਿਸਤਾਨ ਵਿੱਚ ਸਰਹੱਦ ਪਾਰ ਦਾਖਲ ਹੋਣ ਲਈ ਮਜਬੂਰ ਕੀਤਾ ਹੈ।