ਤੇ ਭੂਤਾਂ ਵਾਲਾ ਤਾਂਤਰਿਕ ਬਾਬਾ ਗਾਇਬ

ਤੇ ਭੂਤਾਂ ਵਾਲਾ ਤਾਂਤਰਿਕ ਬਾਬਾ ਗਾਇਬ

ਹਡ ਬੀਤੀ                                             

ਗੱਲ ਤੀਹ ਕੁ ਸਾਲ ਪੁਰਾਣੀ ਹੈ। ਮੈਂ ਉਦੋਂ ਅਜੇ ਨੌਜਵਾਨ ਸੀ। ਮੈਂ ਡੇਰਾ ਬਾਬਾ ਨਾਨਕ ਦੇ ਸਕੂਲ ਵਿੱਚ ਆਪਣੇ ਸਟਾਫ ਨਾਲ ਬੈਠਾ ਹੋਇਆ ਸੀ। ਸਕੂਲ ਦੇ ਕੁਝ ਕੰਮਕਾਰ ਕਰਵਾਉਣ ਲਈ ਅਸੀਂ ਪਿੰਡ ਦੇ ਸਰਪੰਚ ਅਤੇ ਦੋ ਤਿੰਨ ਹੋਰ ਸੁਲਝੇ ਹੋਏ ਬੰਦਿਆਂ ਨੂੰ ਅਤੇ ਆਪਣੇ ਸੈਂਟਰ ਮੁੱਖ ਅਧਿਆਪਕ ਨੂੰ ਸੱਦਿਆ ਹੋਇਆ ਸੀ। ਅਸੀਂ ਸਾਰੇ ਬੈਠੇ ਸਲਾਹ ਮਸ਼ਵਰਾ ਕਰ ਰਹੇ ਸਾਂ ਜਦੋਂ ਸਕੂਲ ਦੇ ਨੇੜੇ ਤੋਂ ਲੰਘਦੀ ਹੋਈ ਬਟਾਲਾ ਸੜਕ ਤੋਂ ਬੱਸ ਵਿੱਚੋਂ ਇੱਕ ਚਿੱਟ ਕੱਪੜੀਆ ਬਜ਼ੁਰਗ ਉੱਤਰਿਆ। ਉਸ ਬਜ਼ੁਰਗ ਨੂੰ ਵੇਖਦਿਆਂ ਹੀ ਸਰਪੰਚ ਨੇ ਕਿਹਾ, “ਲਓ ਜੀ! ਬਾਬਾ ਆ ਗਿਆ ਜੇ। ਬੜਾ ਜ਼ਾਹਰਾ ਬੰਦਾ ਹੈ। ਇਸ ਕੋਲ ਕਾਲਾ ਇਲਮ ਹੈ, ਜਿਸ ਕਰਕੇ ਇਹਨੇ ਭੂਤ ਵੱਸ ਕੀਤੇ ਹੋਏ ਹਨ। ਇਹ ਕਿਸੇ ਨੂੰ ਆਪਣੇ ਅੱਗੇ ਅੜਨ ਨਹੀਂ ਦਿੰਦਾ ਅਤੇ ਕਿਸੇ ਦਾ ਲਿਹਾਜ਼ ਨਹੀਂ ਕਰਦਾ।”ਇਹ ਗੱਲਾਂ ਸੁਣ ਕੇ ਅਸੀਂ ਸਾਰਿਆਂ ਨੇ ਕੰਨ ਖੜ੍ਹੇ ਕਰ ਲਏ। ਸਾਨੂੰ ਬੈਠਿਆਂ ਵੇਖ ਕੇ ਬਾਬਾ ਆਪਣੇ ਆਪ ਹੀ ਸਾਡੇ ਵੱਲ ਆ ਗਿਆ। ਅਸੀਂ ਬਾਬਾ ਜੀ ਦੀ ਆਓ ਭਗਤ ਕੀਤੀ, ਬੈਠਣ ਲਈ ਕੁਰਸੀ ਦਿੱਤੀ ਅਤੇ ਪਾਣੀ ਧਾਣੀ ਪੁੱਛਿਆ।

ਬੈਠਦਿਆਂ ਹੀ ਸਰਪੰਚ ਸਾਹਿਬ ਨੇ ਬਾਬਾ ਜੀ ਨੂੰ ਪੁੱਛਿਆ, “ਅੱਜ ਕਿੱਥੋਂ ਆਏ ਹੋ?”

ਬਾਬੇ ਨੇ ਬੜੇ ਹੰਕਾਰ ਭਰੇ ਲਹਿਜ਼ੇ ਵਿੱਚ ਕਿਹਾ, “ਮੈਂ ਆਪਣੀਆਂ ਫ਼ੌਜਾਂ ਭੇਜੀਆਂ ਹੋਈਆਂ ਸਨ ਕਿਸੇ ਥਾਂ ’ਤੇ। ਉੱਥੋਂ ਕਿਸੇ ਦਾ ਕੰਮ ਕਰਵਾ ਕੇ ਲੈ ਕੇ ਆਇਆ ਹਾਂ।”

ਵਿਗਿਆਨਕ ਸੋਚ ਦਾ ਧਾਰਨੀ ਹੋਣ ਕਰਕੇ ਮੈਂਨੂੰ ਪਤਾ ਸੀ ਕਿ ਇਸ ਬਾਬੇ ਨੇ ਐਵੇਂ ਲੋਕਾਂ ਨੂੰ ਭਰਮ-ਭੁਲੇਖਿਆਂ ਵਿੱਚ ਪਾ ਕੇ ਤੇ ਡਰਾਵੇ ਦੇ ਕੇ ਡਰਾ ਕੇ ਰੱਖਿਆ ਹੋਇਆ ਹੋਵੇਗਾ। ਸਾਡੇ ਬਹੁਤੇ ਲੋਕਾਂ ਦੀ ਮਾਨਸਿਕਤਾ ਵੀ ਅੰਧ ਵਿਸ਼ਵਾਸਾਂ ਭਰਪੂਰ ਹੈ। ਮੈਥੋਂ ਰਿਹਾ ਨਾ ਗਿਆ, ਮੈਂ ਪੁੱਛ ਲਿਆ, “ਬਾਬਾ ਜੀ, ਤੁਸੀਂ ਤਾਂ ਇਕੱਲੇ ਹੀ ਹੋ ਫੌਜਾਂ ਕਿਹੜੀਆਂ ਹਨ।”

ਮੇਰੇ ਪੁੱਛਣ ’ਤੇ ਉਹ ਮੈਂਨੂੰ ਅੱਖਾਂ ਕੱਢ ਕੇ ਪਿਆ, “ਕਿਉਂ! ਤੈਨੂੰ ਚਾਅ ਹੈ ਫੌਜਾਂ ਵੇਖਣ ਦਾ?”

ਮੈਂ ਕਿਹਾ, “ਹਾਂ ਜੀ, ਮੈਂਨੂੰ ਵਿਖਾ ਦਿਉ ਤਾਂ ਤੁਹਾਡੀ ਮਿਹਰਬਾਨੀ ਹੋਵੇਗੀ।”

ਬਾਬਾ ਕੜਕਿਆ, “ਉਹ ਫੌਜਾਂ ਦਿਸਦੀਆਂ ਨਹੀਂ ਹੁੰਦੀਆਂ, ਅੱਛਾ! ਤੈਨੂੰ ਛੁਡਾਉਣਾ ਕਿਸੇ ਨਹੀਂਉਂ। ਤੈਨੂੰ ਜਵਾਨੀ ਲੜਦੀ ਪਈ ਆ। ਸਾਂਭ ਕੇ ਰੱਖ ਇਨੂੰ, ਤੇਰੇ ਵਰਗਿਆਂ ਦਾ ਮੁੜਕੇ ਖੁਰਾ ਖੋਜ ਵੀ ਨਹੀਂ ਲੱਭਦਾ ਹੁੰਦਾ। ਸਮਝਿਆ?” ਬਾਬਾ ਭੜਕ ਪਿਆ ਤੇ ਇੱਕੋ ਸਾਹੇ ਕਹਿ ਗਿਆ। ਇਹ ਵੇਖ ਕੇ ਪਿੰਡ ਦੇ ਦੋ ਪਤਵੰਤੇ ਮੇਰੇ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਮੈਂਨੂੰ ਚੁੱਪ ਰਹਿਣ ਲਈ ਇਸ਼ਾਰੇ ਕਰ ਰਹੇ ਸਨ। ਮੇਰੀ ਉਮਰ ਤੋਂ ਕਾਫ਼ੀ ਵੱਡੀ ਇੱਕ ਅਧਿਆਪਕਾ ਨੇ ਮੈਂਨੂੰ ਮੋਢੇ ਤੋਂ ਹੁਲਾਰਾ ਮਾਰ ਕੇ ਘੂਰਿਆ, “ਨਰਿੰਦਰ ਚੁੱਪ ਨਹੀਂ ਕਰਦਾ?”ਮੈਂ ਸਾਰਿਆਂ ਦੇ ਇਸ਼ਾਰੇ ਨਜ਼ਰਅੰਦਾਜ਼ ਕਰਕੇ ਬੜੀ ਹਲੀਮੀ ਨਾਲ ਗੱਲ ਕਰਦਾ ਰਿਹਾ। ਜਿਉਂ ਜਿਉਂ ਬਾਬਾ ਗਰਮ ਹੁੰਦਾ ਗਿਆ, ਮੈਂ ਤਿਉਂ ਤਿਉਂ ਠੰਢੇ ਮਨ ਨਾਲ ਗੱਲਾਂ ਕਰੀ ਗਿਆ। ਮੈਂ ਫਿਰ ਕਿਹਾ, “ਬਾਬਾ ਜੀ! ਮੇਰੇ ਨਾਲ ਜੋ ਹੋਊ, ਮੈਂ ਉਸਦਾ ਜ਼ਿੰਮੇਵਾਰ ਹਾਂ। ਤੁਸੀਂ ਮੈਂਨੂੰ ਨਾ ਛੁਡਾਇਓ। ਪਰ ਤੁਸੀਂ ਮੈਂਨੂੰ ਆਪਣੀਆਂ ਫ਼ੌਜਾਂ ਜ਼ਰੂਰ ਵਿਖਾਓ।”ਬਾਬਾ ਹੋਰ ਉੱਚੀ ਉੱਚੀ ਬੋਲਣ ਲੱਗ ਪਿਆ, “ਤੈਨੂੰ ਅੱਤ ਦਾ ਬੁਖਾਰ ਚੜ੍ਹ ਜਾਣਾ ਈ। ਸਰੀਰ ਵਿੱਚ ਕਿੱਲ ਵੱਜਣੇ ਅਤੇ ਤੂੰ ਲਹੂ ਲੁਹਾਣ ਹੋ ਜਾਣਾ ਏਂ। ਤੇਰੇ ਅੰਦਰ ਨਾ ਕੋਈ ਦਵਾਈ, ਨਾ ਪਾਣੀ ਲੰਘਣਾ ਈ। ਤੂੰ ਮਰਨ ਕਿਨਾਰੇ ਪੁੱਜ ਜਾਣਾ ਏਂ ਫੇਰ ਮੈਂਨੂੰ ਨਾ ਵਾਜਾਂ ਮਾਰੀਂ। ਆਹ ਵੇਖ ਲਓ ਤੁਸੀਂ ਕਿੰਨੇ ਬੰਦੇ ਸੁਣਦੇ ਓ, ਮੈਂ ਬਚਾਉਣ ਨਹੀਂ ਆਉਣਾ।”

ਮੈਂ ਕਿਹਾ, “ਬਾਬਾ ਜੀ, ਤੁਸੀਂ ਮੈਂਨੂੰ ਨਾ ਬਚਾਇਓ, ਪਰ ਮੈਂ ਤੁਹਾਡੀਆਂ ਫੌਜਾਂ ਜ਼ਰੂਰ ਵੇਖਣੀਆਂ ਹਨ।”

ਮੇਰੇ ਇਹ ਕਹਿਣ ’ਤੇ ਬਾਬੇ ਦਾ ਰੋਹਬ ਥੋੜ੍ਹਾ ਹੇਠਾਂ ਆ ਗਿਆ ਤੇ ਕਹਿਣ ਲੱਗਾ, “ਅੱਛਾ, ਅੱਜ ਤਾਂ ਮੈਂ ਫ਼ੌਜਾਂ ਕਿਸੇ ਹੋਰ ਥਾਂ ਭੇਜਣੀਆਂ ਨੇ, ਭਲਕੇ ਤੂੰ ਸਕੂਲ ਜ਼ਰੂਰ ਆਵੀਂ, ਕਿਤੇ ਦੌੜ ਨਾ ਜਾਵੀਂ।”

ਮੈਂ ਕਿਹਾ, “ਠੀਕ ਹੈ, ਮੈਂ ਸਵੇਰੇ ਨੌਂ ਵੱਜਣ ਤੋਂ ਪਹਿਲਾਂ ਹੀ ਸਕੂਲ ਹੋਵਾਂਗਾ। ਤੁਸੀਂ ਫ਼ੌਜਾਂ ਲੈ ਕੇ ਆ ਜਾਇਓ।”

ਇਹ ਸੁਣ ਕੇ ਬਾਬਾ ਉੱਠਿਆ ਅਤੇ ਬੜੇ ਗੁੱਸੇ ਨਾਲ ਮੇਰੇ ਵੱਲ ਨੂੰ ਵੇਖਦਾ ਹੋਇਆ ਬੁੜ ਬੁੜਾਉਂਦਾ ਤੁਰ ਪਿਆ। ਦਸ ਕੁ ਕਦਮ ਤੁਰ ਕੇ ਉਹ ਫਿਰ ਵਾਪਸ ਆ ਗਿਆ। “ਅਜੇ ਵੀ ਸੋਚ ਲੈ ਕਾਕਾ, ਜਵਾਨੀ ਦਾ ਬਹੁਤਾ ਮਾਣ ਨਹੀਂ ਕਰੀਦਾ। ਤੇਰੀ ਮੇਰੇ ਹੱਥੋਂ ਹੀ ਮੌਤ ਜਾਪਦੀ ਆ।ਮੇਰੇ ਸਾਹਮਣੇ ਅੱਜ ਤਕ ਕੋਈ ਖੰਘਿਆ ਨਹੀਂ, ਤੂੰ ਕਿੱਥੋਂ ਜੰਮਿਆ ਮੇਰੀ ਫ਼ੌਜ ਵੇਖਣ ਵਾਲਾ? ਮੇਰੇ ਹੱਥੋਂ ਮਰ ਗਿਓਂ ਨਾ, ਤੂੰ ਕੰਜਰਾਂ ਦੀ ਜੂਨੇ ਪੈਣਾ ਅਗਾਂਹ ਜਾ ਕੇ ...।”

ਮੈਂ ਕਿਹਾ, “ਬਾਬਾ ਜੀ! ਤੁਸੀਂ ਮੇਰੀ ਜੂਨ ਦੀ ਕੋਈ ਚਿੰਤਾ ਨਾ ਕਰੋ, ਤੁਸੀਂ ਕੱਲ੍ਹ ਨੂੰ ਫ਼ੌਜਾਂ ਲੈ ਕੇ ਆ ਜਾਇਓ।

“ਵੇਖ ਲਵਾਂਗਾ, ਤੈਨੂੰ ਸਮਝ ਲੱਗ ਜਾਊ ਕਿਸੇ ਨਾਲ ਵਾਹ ਪਿਆ ਸੀ।” ਇਹ ਕਹਿੰਦਾ ਬਾਬਾ ਚਲਾ ਗਿਆ। ਉਹਦੇ ਜਾਣ ਤੋਂ ਬਾਅਦ ਮੇਰਾ ਸਟਾਫ ਤੇ ਪਿੰਡ ਦੇ ਪਤਵੰਤੇ ਘਬਰਾਏ ਹੋਏ ਕਹਿਣ ਲੱਗ ਪਏ, “ਇਹ ਬੜਾ ਔਂਤਰਾ ਬੰਦਾ ਹੈ ਮਾਸਟਰ ਜੀ। ਇਹਨੇ ਭੂਤ ਪ੍ਰੇਤ ਆਪਣੇ ਵਸ ਕੀਤੇ ਹੋਏ ਨੇ। ਤੁਹਾਨੂੰ ਉਸ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਸੀ।”

ਮੈਂ ਕਿਹਾ, “ਤੁਸੀਂ ਚਿੰਤਾ ਨਾ ਕਰੋ, ਕੁਝ ਨਹੀਂ ਹੋਵੇਗਾ।”

ਮੈਂ ਅਗਲੇ ਦਿਨ ਨੌਂ ਵਜੇ ਤੋਂ ਪਹਿਲਾਂ ਹੀ ਸਕੂਲ ਪਹੁੰਚ ਗਿਆ ਤੇ ਬਾਬੇ ਨੂੰ ਉਡੀਕਣ ਲੱਗਾ। ਮੇਰਾ ਸਟਾਫ ਘਬਰਾਇਆ ਹੋਇਆ ਸੀ ਕਿ ਪਤਾ ਨਹੀਂ ਅੱਜ ਕੀ ਹੋ ਜਾਣਾ ਹੈ। ਗਿਆਰਾਂ ਕੁ ਵਜੇ ਮੇਰਾ ਸੈਂਟਰ ਮੁੱਖ ਅਧਿਆਪਕ ਸਕੂਲ ਆਇਆ। ਉਹ ਦੂਰੋਂ ਹੀ ਮੁਸਕਰਾਉਂਦਾ ਆ ਰਿਹਾ ਸੀ। ਮੈਂ ਦੱਸਿਆ ਕਿ ਮੈਂ ਬਾਬੇ ਨੂੰ ਉਡੀਕ ਰਿਹਾ ਹਾਂ। ਉਹ ਹੱਸਦਾ ਹੋਇਆ ਕਹਿਣ ਲੱਗਾ, “ਉਹ ਬਾਬਾ ਮੈਂਨੂੰ ਹੁਣੇ ਡੇਰਾ ਬਾਬਾ ਨਾਨਕ ਬਾਜ਼ਾਰ ਵਿੱਚ ਮਿਲਿਆ ਸੀ ਤੇ ਮੈਂ ਉਹਨੂੰ ਕਿਹਾ ਸੀ ਕਿ ਬਾਬਾ ਜੀ, ਤੁਸੀਂ ਤਾਂ ਫ਼ੌਜਾਂ ਲੈ ਕੇ ਕੱਲ੍ਹ ਵਾਲੇ ਸਕੂਲ ਜਾਣਾ ਸੀ? ਉਹ ਤੁਹਾਨੂੰ ਉਡੀਕਦੇ ਹੋਣਗੇ? ਤਾਂ ਬਾਬੇ ਨੇ ਨੀਵੀਂ ਜਿਹੀ ਪਾ ਕੇ ਉੱਤਰ ਦਿੱਤਾ, ਨਹੀਂ ਜਾਣਾ ਜੀ, ਉਹ ਪੜ੍ਹੇ ਲਿਖੇ ਬੰਦੇ ਨੇ, ਉਨ੍ਹਾਂ ਨਾਲ ਕੀ ਮੁਕਾਬਲਾ ਕਰਨਾ ਜੀ ਅਸੀਂ। - ਇਹ ਕਹਿ ਕੇ ਬਾਬਾ ਚਲਾ ਗਿਆ ਤੇ ਮੇਰੇ ਕੋਲ ਖਲੋਤਾ ਵੀ ਨਹੀਂ।”

ਤੇ ਇੰਜ ਭੂਤਾਂ ਵਾਲਾ ਬਾਬਾ ਦੌੜ ਗਿਆ।

 

  ਨਰਿੰਦਰ ਸਿੰਘ ਢਿੱਲੋਂ