ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਪੰਜਾਬ ਵਿੱਚ  ਗ੍ਰਿਫਤਾਰੀਆਂ ਦੀ ਨਿਖੇਧੀ 

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਪੰਜਾਬ ਵਿੱਚ  ਗ੍ਰਿਫਤਾਰੀਆਂ ਦੀ ਨਿਖੇਧੀ 

" ਵੋਟਾਂ ਬਟੋਰਨ ਲਈ ਸਿਆਸੀ ਪਾਰਟੀਆਂ ਸਿੱਖ ਵਿਰੋਧੀ ਕੁਚਾਲਾਂ ਚੱਲ ਰਹੀਆਂ ਹਨ "

ਅੰਮ੍ਰਿਤਸਰ ਟਾਈਮਜ਼ ਬਿਉਰੋ

ਲੰਡਨ- (ਲਵਸ਼ਿੰਦਰ ਸਿੰਘ ਡੱਲੇਵਾਲ): ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਜੋ ਕਿ ਦੁਨੀਆ ਦੇ ਹਰੇਕ ਮਨੁੱਖ ਨੂੰ ਆਜ਼ਾਦੀ ਨਾਲ ਜਿੰਦਗੀ ਜਿਉਣ ਦੇ ਜਨਮ ਸਿੱਧ ਅਧਿਕਾਰ  ਦਾ ਅਨੁਸਾਰੀ ਹੈ। ਪੰਜਾਬ ਵਿੱਚ ਸਿੱਖਾਂ ਦੀਆਂ ਲਗਾਤਾਰ ਪੁਲਿਸ ਅਤੇ ਏਜੰਸੀਆਂ ਵਲੋਂ ਕੀਤੀਆ ਜਾ ਰਹੀਆਂ ਗਿ੍ਫਤਾਰੀਆਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਪਿੱਛੇ ਸਿਆਸੀ ਪਾਰਟੀਆਂ ਦਾ ਅਫਰਾ ਤਫਰੀ ਵਾਲਾ ਮਹੌਲ ਪੈਦਾ ਕਰਕੇ ਵੋਟਾਂ ਬਟੋਰਨ ਦਾ ਲੁਕਵਾਂ ਏਜੰਡਾ ਪ੍ਰਤੀਤ ਹੋ ਰਿਹਾ  ਹੈ ।ਜੋ ਕਿ ਬੇਹੱਦ ਚਿੰਤਾਜਨਕ ਅਤੇ ਨਿਖੇਧੀ ਜਨਕ ਵਰਤਾਰਾ ਹੈ। 

ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਹਨਾਂ ਸਿੱਖ ਵਿਰੋਧੀ ਕੁਚਾਲਾਂ ਦੀ ਸਖਤ ਨਿਖੇਧੀ ਕੀਤੀ ਗਈ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ, ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਸਿੱਖ ਨੌਜਵਾਨ ਭਾਈ ਜਗਮੀਤ ਸਿੰਘ, ਬੀਬੀ ਜਸਵੀਰ ਕੌਰ ਅਤੇ ਭਾਈ ਰਵਿੰਦਰ ਸਿੰਘ ਦੀਆਂ ਗਿ੍ਫਤਾਰੀਆਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ । ਖਾਲਿਸਤਾਨ ਵਾਸਤੇ ਦੁਨੀਆਂ ਭਰ ਦੇ  ਸਿੱਖਾਂ ਨੂੰ  ਹਰ ਸੰਭਵ ਤਰੀਕੇ ਨਾਲ ਸੰਘਰਸ਼ ਕਰਨ ਅਤੇ ਸਦਾ ਯਤਨਸ਼ੀਲ ਰਹਿਣ ਦੀ ਜਰੂਰਤ ਹੈੰ। ਲੁਧਿਆਣਾ ਅਦਾਲਤ ਵਿੱਚ ਬੰਬ ਧਮਾਕੇ ਦੇ ਅਸਲ ਦੋਸ਼ੀਆਂ ਨੂੰ ਬਚਾਉਣ  ਲਈ ਜਾਂ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ ਫੇਲ੍ਹ ਹੋ ਚੁੱਕਾ ਪੁਲਿਸੀਆ ਤੰਤਰ ਇਸ ਨੂੰ ਵਿਦੇਸ਼ਾਂ ਵਿੱਚ ਵਸਦੇ ਅਜਾਦੀ ਪਸੰਦ ਸਿੱਖਾਂ ਸਿਰ ਮੜਨ ਵਿੱਚ ਲੱਗਾ ਹੋਇਆ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਜ਼ ਯੂ,ਕੇ ਵਲੋਂ  ਆਖਿਆ ਗਿਆ ਕਿ ਵੀਹਵੀਂ  ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭਿਆ ਹੋਇਆ ਕੌਮੀ ਆਜ਼ਾਦੀ ਦਾ ਸੰਘਰਸ਼ ਹੱਕ,ਸੱਚ ਇਨਸਾਫ ਅਤੇ ਧਰਮ ਤੇ ਅਧਾਰਿਤ ਹੈ ਜੋ ਕਿ ਫਤਿਹ ਤੱਕ ਜਾਰੀ ਰਹੇਗਾ ਅੱਜ  ਹਰੇਕ ਸਿੱਖ ਨੂੰ ਮਹਿਸੂਸ ਕਰਨ ਦੀ ਲੋੜ ਹੈ ਕਿ ਭਾਰਤ ਵਿੱਚ ਆਪਾਂ (ਸਿੱਖ)ਗੁਲਾਮ ਹਾਂ ਅਤੇ ਇਸ ਗੁਲਾਮੀ ਨੂੰ ਗਲੋਂ ਲਾਹੁਣਾ ਹੈ। ਜਿ਼ਕਰਯੋਗ ਹੈ ਕਿ ਭਾਈ ਜਗਮੀਤ ਸਿੰਘ ਜਿਸ ਨੂੰ ਉਸਦੀ ਮਾਤਾ ਜਸਵੀਰ ਕੌਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਉਸ ਨੇ ਆਪਣੀ ਬਹਾਦਰੀ ਤੇ ਜਜ਼ਬੇ ਨਾਲ ਹਿੱਕ ਡਾਹ ਪਾਣੀ ਦੀਆਂ ਬੋਛਾੜਾਂ ਦੇ ਮੂੰਹ ਮੋੜੇ ਸੀ । ਜਿਸ ਦੀ ਵੀਡੀਓ ਵੱਡੀ ਪੱਧਰ ਤੇ ਸ਼ੇਅਰ, ਹੋਈ ਸੀ । ਜਿਸ ਨਾਲ ਸਿੱਖ  ਦਲੇਰੀ  ਦਾ ਸੰਦੇਸ਼ ਦੁਨੀਆ ਭਰ ਵਿੱਚ ਪੁੱਜਿਆ ਸੀ ।ਅਹਿਜੀਆਂ ਦਲੇਰੀਆਂ ਅਤੇ ਦ੍ਰਿੜਤਾ ਸਦਕਾ ਹੀ ਕਿਸਾਨੀ ਮੋਰਚਾ ਪੰਜਾਬ ਦਾ ਬਾਰਡਰ ਟੱਪ ਦਿੱਲੀ ਜ਼ਾ ਵੜਿਆ ਅਤੇ ਅਖੀਰ ਕਿਸਾਨ ਮਾਰੂ ਤਿੰਨ ਕਾਲੇ ਕਨੂੰਨ ਵਾਪਸ ਲੈਣ ਲਈ ਸਰਕਾਰ ਨੂੰ ਮਜਬੂਰ ਹੋਣਾ ਪਿਆ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਜ਼ ਯੂਕੇ ਵਲੋਂ ਸਮੂਹ ਸਿੱਖ ਜਥੇਬੰਦੀਆਂ, ਮਨੁੱਖੀ  ਅਧਿਕਾਰ ਸੰਗਠਨਾਂ ਅਤੇ ਪੰਥ ਦਰਦੀਆਂ ਨੂੰ ਸਰਕਾਰੀ ਧੱਕੇਸ਼ਾਹੀਆਂ ਖਿਲਾਫ ਕਾਰਜਸ਼ੀਲ ਹੋਣ ਦੀ ਅਪੀਲ ਕੀਤੀ ਗਈ ਹੈ।