ਕਿਸਾਨੀ ਮੋਰਚਾ ਫਤਿਹ ਹੋਣ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਤਮਸਤਕ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਟੀਮ

ਕਿਸਾਨੀ ਮੋਰਚਾ ਫਤਿਹ ਹੋਣ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਤਮਸਤਕ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਟੀਮ

 ਮੋਰਚੇ ਦੀ ਬਦੌਲਤ 300 ਸਾਲਾਂ ਤੋਂ ਟੁੱਟੀ ਸਾਂਝ ਮੁੜ ਪਈ: ਰਾਕੇਸ਼ ਟਿਕੈਤ

ਅੰਮ੍ਰਿਤਸਰ ਟਾਈਮਜ਼ 

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਥੇ ਤਿੰਨ ਖੇਤੀ ਕਾਨੁੰਨਾਂ ਖਿਲਾਫ ਲੱਗੇ ਕਿਸਾਨ ਮੋਰਚੇ ਵਿਚ ਜਿੱਤ ਮਿਲਣ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਤਮਸਤਕ ਹੋਣ ਆਈ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਦਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ।ਇਸ ਮੌਕੇ ਹੋਏ ਸੰਖੇਪ ਸਮਾਗਮ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ  ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਤੇ ਰਹਿਮਤ ਸਦਕਾ ਕਿਸਾਨ ਮੋਰਚੇ ਵਿਚ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਮੋਰਚੇ ਨੂੰ ਸਫਲ ਢੰਗ ਨਾਲ ਚਲਾਉਣ ਵਿਚ ਮੋਰਚੇ ਦੀ ਲੀਡਰਸ਼ਿਪ ਤੇ ਮੋਰਚੇ ਵਿਚ ਸ਼ਾਮਲ ਕਿਸਾਨਾਂ ਦੇ ਦ੍ਰਿੜ੍ਹ ਹੌਂਸਲੇ ਨੇ ਇਸ ਮੋਰਚੇ ਨੁੰ ਕਾਮਯਾਬ ਕੀਤਾ ਹਾਲਾਂਕਿ ਸਰਕਾਰਾਂ ਨੇ ਇਸ ਮੋਰਚੇ ਨੂੰ ਖਤਮ ਕਰਨ ਵਾਸਤੇ ਬਹੁਤ ਧੱਕੇਸ਼ਾਹੀ ਕਰਨ ਦਾ ਵੀ ਯਤਨ ਕੀਤਾ ਪਰ ਮੋਰਚੇ ਵਿਚ ਸ਼ਾਮਲ ਹਰ ਵਿਅਕਤੀ ਨੇ ਬਹਾਦਰੀ ਨਾਲ ਮੋਰਚਾ ਲੜਿਆ। ਉਹਨਾਂ ਕਿਹਾ ਕਿ ਇਸ ਮੋਰਚੇ ਵਿਚ ਜਿੱਤ ਜਾਂ ਹਾਰ ਕਿਸੇ ਨੁੰ ਨੀਵਾਂ ਵਿਖਾਉਣ ਲਈ ਨਹੀਂ ਸੀ ਬਲਕਿ ਸਿਰਫ ਤੇ ਸਿਰਫ ਆਪਣੀ ਹੋਂਦ ਦੀ ਲੜਾਈ ਸੀ। ਉਹਨਾਂ ਕਿਹਾ ਕਿ ਇਸ ਮੋਰਚੇ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਦਿੱਲੀ ਦੀਆਂ ਸੰਗਤਾਂ ਨੇ ਆਪਣੇ ਵੱਲੋਂ ਬਣਦਾ ਯੋਗਦਾਨ ਪਾਇਆ ਹੈ ਜਿਸ ਲਈ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ।​​​​​​​ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਲੜਾਈ ਨੁੰ ਜਿੱਤਣ ਵਿਚ ਦਿੱਲੀ ਦੀਆਂ ਸੰਗਤਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਦਾ ਵੀ ਅਹਿਮ ਰੋਲ ਰਿਹਾ। ਉਹਨਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ’ਤੇ ਮੋਰਚੇ ਨੁੰ ਚਲਾਉਣਾ ਸਾਡੀ ਮਜਬੂਰੀ ਸੀ ਤੇ ਇਸ ਮੋਰਚੇ ਕਾਰਨ ਦਿੱਲੀ ਦੇ ਲੋਕਾਂ ਨੂੰ ਜੋ ਤਕਲੀਫਾਂ ਹੋਈਆਂ, ਉਸ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਮੁਆਫੀ ਮੰਗਦੇ ਹਾਂ। ਉਹਨਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਵੱਲੋਂ ਅਤੇ ਆਲੇ ਦੁਆਲੇ ਦੇ ਪਿੰਡਾਂ ਵੱਲੋਂ ਮੋਰਚੇ ਵਾਸਤੇ ਜੋ ਯੋਗਦਾਨ ਪਾਇਆ ਗਿਆ, ਉਹ ਰਹਿੰਦੇ ਦੁਨੀਆਂ ਤੱਕ ਯਾਦ ਰਹੇਗਾ।ਇਸ ਮੋਰਚੇ ਦੇ ਪ੍ਰਸਿੱਧ ਆਗੂ ਰਾਕੇਸ਼ ਟਿਕੈਤ ਨੇ ਵੀ ਦਿੱਲੀ ਦੀਆਂ ਸੰਗਤਾਂ ਦਾ ਤੇ ਦਿੱਲੀ ਕਮੇਟੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੋਰਚੇ ਵਿਚ ਜਿਥੇ ਸਥਾਨਕ ਲੋਕਾਂ ਅਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਹੋਰ ਗੁਰਧਾਮਾਂ ਦਾ ਯੋਗਦਾਨ ਰਿਹਾ ਹੈ, ਉਥੇ ਹੀ ਖਾਪ ਪੰਚਾਇਤਾਂ, ਡਾਕਟਰਾਂ ਤੇ ਹਸਪਤਾਲਾਂ ਦਾ ਯੋਗਦਾਨ ਰਿਹਾ, ਸਫਾਈ ਕਰਮਚਾਰੀਆਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਜੋ ਲੋਕ ਆਪਣੇ ਪਿੰਡ, ਘਰ ਤੇ ਖੇਤ ਛੱਡ ਕੇ ਆਏ, ਉਹਨਾਂ ਦਾ ਵੱਡਾ ਯੋਗਦਾਨ। ਉਹਨਾਂ ਕਿਹਾ ਕਿ ਇਹ ਅੰਦੋਲਨ ਉਹਨਾਂ ਦੀ ਬਦੌਲਤ ਚੱਲਿਆ ਜਿਹਨਾਂ ਨੇ ਹਮੇਸ਼ਾ ਸੇਵਾ ਕੀਤੀ। ਉਹਨਾਂ ਕਿਹਾ ਕਿ ਅੰਦੋਲਨ ਗੁਰੂ ਸਾਹਿਬ ਦੀ ਰਹਿਮਤ ਸਦਕਾ ਸਫਲ ਹੋਇਆ ਹੈ ਤੇ ਸਰਕਾਰਾਂ ਨੁੰ ਵੀ ਮੋਰਚਾ ਖਤਮ ਕਰਵਾਉਣ ਵਾਸਤੇ ਗੁਰੂ ਦੀ ਸ਼ਰਣ ਪੈਣਾ ਪਿਆ ਤੇ ਗੁਰਪੁਰਬ ਵਾਲੇ ਦਿਨ ਕਾਲੇ ਕਾਨੁੰਨ ਖਤਮ ਕਰਨ ਦਾ ਐਲਾਨ ਹੋਇਆ।

ਉਹਨਾਂ ਕਿਹਾ ਕਿ ਮੋਰਚੇ ਦੀ ਬਦੌਲਤ 300 ਸਾਲਾਂ ਤੋਂ ਟੁੱਟੀ ਸਾਂਝ ਮੁੜ ਪੈ ਗਈ ਹੈ। ਉਹਨਾਂ ਕਿਹਾ ਕਿ ਅੰਗਰੇਜ਼ਾਂ ਦੇ ਸਮੇਂ ਵੱਖ ਵੱਖ ਰਾਜਾਂ ਦੇ ਲੋਕਾਂ ਦੀ ਆਪਸੀ ਸਾਂਝ ਟੁੱਟਦੀ ਚਲੀ ਪਰ ਹੁਣ ਮੋਰਚੇ ਦੀ ਬਦੌਲਤ ਇਹ ਸਾਂਝ ਮੁੜ ਪੈ ਗਈ ਹੈ। ਉਹਨਾਂ ਕਿਹਾ ਕਿ ਮਹਿੰਦਰ ਸਿੰਘ ਟਿਕੈਤ ਕਹਿੰਦੇ ਹੁੰਦੇ ਸਨ ਕਿ ਪੰਜਾਬ ਅਗਵਾਈ ਕਰੇਗਾ, ਹਰਿਆਣਾ ਨਾਲ ਲੱਗੇਗਾ ਤੇ ਦਿੱਲੀ ਦੇ 300 ਕਿਲੋਮੀਟਰ ਦੇ ਘੇਰੇ ਦੇ ਲੋਕ ਇਕਜੁੱਟ ਹੋਣਗੇ ਤੇ ਉਹ ਸਮਾਂ ਆ ਗਿਆ ਤੇ ਸਫਲਤਾ ਵੀ ਮਿਲੀ ਹੈ।ਉਹਨਾਂ ਕਿਹਾ ਕਿ ਪਿੰਡਾਂ ਵਿਚ ਬੱਚੇ ਵੀ ਇਸ ਗੱਲ ਦ੍ਰਿੜ੍ਹ ਸਨ ਕਿ ਜਿੱਤ ਕੇ ਹੀ ਵਾਪਸ ਪਰਤਣਾ ਹੈ। ਉਹਨਾ ਕਿਹਾ ਕਿ ਸਾਡੇ ’ਤੇ ਦੋਸ਼ ਵੀ ਬਹੁਤ ਲੱਗੇ ਪਰ ਅਸੀਂ ਸਾਰੇ ਝੱਲੇ, ਅਸੀਂ ਹੌਂਸਲਾ ਤੇ ਧਰਵਾਸ ਨਹੀਂ ਛੱਡਿਆ।ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਤੇ ਹੋਰਨਾਂ ਨੇ ਵੀ ਵਿਚਾਰ ਰੱਖੇ।ਸਮਾਗਮ ਵਿਚ ਬੀਬੀ ਰਣਜੀਤ ਕੌਰ ਤੇ ਅਮਰਜੀਤ ਸਿੰਘ ਪੱਪੂ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਸਿਰੋਪਾਓ ਬਖਸ਼ਿਸ਼ ਕੀਤਾ ਜਦਕਿ ਅਮਰਜੀਤ ਸਿੰਘ ਪਿੰਕੀ ਤੇ ਭੁਪਿੰਦਰ ਸਿੰਘ ਭੁੱਲਰ ਨੇ ਰਾਕੇਸ਼ ਟਿਕੈਤ ਦਾ ਸਨਮਾਨ ਕੀਤਾ ਅਤੇ ਰਮਿੰਦਰ ਸਿੰਘ ਸਵੀਟਾ ਤੇ ਭੁਪਿੰਦਰ ਸਿੰਘ ਗਿੰਨੀ ਨੇ ਮਨਜੀਤ ਸਿੰਘ ਰਾਏ ਦਾ ਸਨਮਾਨ ਕੀਤਾ।ਇਸ ਮੌਕੇ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਰਮਨਜੋਤ ਸਿੰਘ, ਗੁਰਦੇਵ ਸਿੰਘ, ਆਤਮਾ ਸਿੰਘ ਲੁਬਾਣਾ, ਭੁਪਿੰਦਰ ਸਿੰਘ ਗਿੰਨੀ, ਗੁਰਪ੍ਰੀਤ ਸਿੰਘ ਜੱਸਾ, ਸੁਖਵਿੰਦਰ ਸਿੰਘ ਬੱਬਰ, ਮਨਜੀਤ ਸਿੰਘ ਔਲਖ, ਜੁਝਾਰ ਸਿੰਘ, ਓਂਕਾਰ ਸਿੰਘ ਰਾਜਾ, ਜਤਿੰਦਰਪਾਲ ਸਿੰਘ ਗੋਲਡੀ ਆਦਿ ਵੀ ਮੌਜੂਦ ਰਹੇ।