ਟਰੱਕਾਂ ਵਾਲਿਆਂ ਵਲੋਂ, ਕੋਵਿਡ-19 ਤੇ ਟੀਕਿਆਂ ਸਬੰਧੀ ਪਾਬੰਦੀਆਂ ਦੇ ਵਿਰੋਧ ਵਜੋਂ ਅੰਦੋਲਨ
*ਟਰੱਕਾਂ ਵਾਲਿਆਂ ਵਲੋਂ ਘੇਰਾਓ ਕਾਰਨ ਪ੍ਰਧਾਨ ਮੰਤਰੀ ਟਰੂਡੋ ਨੂੰ ਪਰਿਵਾਰ ਸਣੇ ਅਣਦੱਸੀ ਥਾਂ ਲੁੁੁਕੇ
ਅੰਮ੍ਰਿਤਸਰ ਟਾਈਮਜ਼
ਜਲੰਧਰ: ਪੂਰੇ ਕੈਨੇਡਾ ਵਿੱਚ ਹਫ਼ਤੇ ਭਰ ਦੇ ਲੰਮੇ ਸਫ਼ਰ ਤੋਂ ਬਾਅਦ, ਵਾਹਨਾਂ ਦਾ ਇੱਕ ਵੱਡਾ ਕਾਫਲਾ ਰਾਸ਼ਟਰੀ ਰਾਜਧਾਨੀ ਓਟਾਵਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਘੇਰਾਓ ਕਰੀ ਬੈਠਾ ਹੈ। ਕੈਨੇਡਾ ਦੇ ਟਰੱਕਾਂ ਵਾਲਿਆਂ ਦਾ ਇਹ ਕਾਫ਼ਲਾ ਇੱਥੇ, ਕੋਵਿਡ-19 ਅਤੇ ਟੀਕਿਆਂ ਸਬੰਧੀ ਪਾਬੰਦੀਆਂ ਦਾ ਵਿਰੋਧ ਕਰਨ ਲਈ ਪਹੁੰਚਿਆ ਹੋਇਆ ਹੈ।ਹਾਲਾਂਕਿ ਆਯੋਜਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅੰਦੋਲਨ ਸ਼ਾਂਤੀਪੂਰਨ ਰਹੇਗਾ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਗੰਭੀਰ ਸਥਿਤੀ ਲਈ ਤਿਆਰ ਹਨ।ਟਰਕਾਂ ਵਾਲਿਆਂ ਨੇ ਇਸ ਨੂੰ ‘ਆਜ਼ਾਦੀ ਦਾ ਕਾਫ਼ਲਾ’ ਨਾਮ ਦਿੱਤਾ ਗਿਆ ਹੈ ਅਤੇ ਇਸਦੀ ਵਿਸ਼ਵ ਪੱਧਰ ਉਪਰ ਖੂਬ ਚਰਚਾ ਹੋ ਰਹੀ ਹੈ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਕੋਵਿਡ ਪਾਬੰਦੀਆਂ ਦੀ ਤੁਲਨਾ ਫਾਸੀਵਾਦ ਨਾਲ ਕੀਤੀ ਅਤੇ ਕੈਨੇਡੀਅਨ ਝੰਡੇ ਦੇ ਨਾਲ ਨਾਜ਼ੀ ਚਿੰਨ੍ਹ ਪ੍ਰਦਰਸ਼ਿਤ ਕੀਤੇ।ਪੁਲਿਸ ਨੇ ਅੰਦੋਲਨ ਤੋਂ ਡਰਦਿਆਂ ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਰਿਵਾਰ ਨੂੰ ਕਿਸੇ ਅਣਦੱਸੀ ਥਾਂ ਉੱਤੇ ਲਿਜਾਇਆ ਗਿਆ ਹੈ।
ਇਹ ਅੰਦੋਲਨ, ਇਸ ਮਹੀਨੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੁਆਰਾ ਲਾਗੂ ਆਦੇਸ਼ਾਂ ਤੋਂ ਬਾਅਦ ਸ਼ੁਰੂ ਹੋਇਆ, ਜਿਨ੍ਹਾਂ ਵਿੱਚ ਯੂਐਸ-ਕੈਨੇਡਾ ਸਰਹੱਦ ਪਾਰ ਕਰਨ ਵਾਲੇ ਟਰੱਕਾਂ ਲਈ ਕੋਵਿਡ-19 ਦੇ ਟੀਕੇ ਸਬੰਧੀ ਪਾਬੰਦੀ ਲਗਾਈ ਗਈ ਹੈ।ਇਨ੍ਹਾਂ ਨਵੀਆਂ ਹਿਦਾਇਤਾਂ ਅਨੁਸਾਰ ਕੈਨੇਡੀਅਨ ਟਰੱਕਾਂ ਨੂੰ ਦੋ ਦੇਸ਼ਾਂ ਦੀ ਸੀਮਾ ਪਾਰ ਕਰਨ ਤੋਂ ਬਾਅਦ, ਘਰ ਪਰਤਣ ਮਗਰੋਂ ਕੁਆਰੰਟੀਨ ਹੋਣਾ ਪਏਗਾ। ਇਸ ਫੈਸਲੇ ਨਾਲ ਪਰੇਸ਼ਾਨ ਟਰੱਕ ਡਰਾਈਵਰਾਂ ਨੇ ਪੱਛਮੀ ਕੈਨੇਡਾ ਵਿੱਚ ਕ੍ਰਾਸ-ਕੰਟਰੀ ਡਰਾਈਵ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕ ਪਹਿਲਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਰਾਜਨੀਤੀ ਦਾ ਵਿਰੋਧ ਕਰ ਰਹੇ ਹਨ ਅਤੇ ਹੁਣ ਮਹਾਂਮਾਰੀ ਸਬੰਧੀ ਇਨ੍ਹਾਂ ਹਦਾਇਤਾਂ ਤੋਂ ਉਹ ਹੋਰ ਨਿਰਾਸ਼ ਹੋ ਗਏ ਹਨ।
ਸੜਕਾਂ ਦੇ ਕਿਨਾਰਿਆਂ ਅਤੇ ਓਵਰਪਾਸਾਂ 'ਤੇ ਇਕੱਠੇ ਹੋਏ ਲੋਕ ਟਰਕ ਡਰਾਈਵਰਾਂ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਟਰੂਡੋ ਦੇ ਖਿਲਾਫ ਕੈਨੇਡੀਅਨ ਝੰਡੇ ਅਤੇ ਨਿਸ਼ਾਨਾਂ ਨੂੰ ਲਹਿਰਾ ਰਹੇ ਹਨ।ਪੋਡਕਾਸਟਰ ਜੋਅ ਰੋਗਨ, ਡੌਨਲਡ ਟਰੰਪ ਜੂਨੀਅਰ- ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਪੁੱਤਰ ਅਤੇ ਬ੍ਰਿਟਿਸ਼ ਕਾਮੇਡੀਅਨ ਰਸਲ ਬ੍ਰਾਂਡ ਨੇ ਵੀ ਇਨ੍ਹਾਂ ਦਾ ਸਮਰਥਨ ਕੀਤਾ ਹੈ।ਪ੍ਰਦਰਸ਼ਨਕਾਰੀ ਘੱਟੋ-ਘੱਟ ਹਫਤੇ ਦੇ ਅੰਤ ਤੱਕ ਪਾਰਲੀਮੈਂਟ ਹਿੱਲ ਦੇ ਨੇੜੇ ਓਟਾਵਾ ਦੇ ਡਾਊਨਟਾਊਨ ਵਿੱਚ ਰਹਿਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਹਨ ਸਰਹੱਦੀ ਵੈਕਸੀਨ ਸਬੰਧੀ ਆਦੇਸ਼ ਨੂੰ ਰੱਦ ਕਰੋ ਤੇ ਦੇਸ਼ ਭਰ ਵਿੱਚ ਅਜਿਹੇ ਸਾਰੇ ਆਦੇਸ਼ਾਂ ਨੂੰ ਖਤਮ ਕਰੋ। ਓਟਵਾ ਦੇ ਪੁਲਿਸ ਮੁਖੀ ਪੀਟਰ ਸਲੋਲੀ ਨੇ ਕਿਹਾ, "ਇਸ ਹਫਤੇ ਦੇ ਅੰਤ ਵਿੱਚ ਪ੍ਰਦਰਸ਼ਨ ਵਿਲੱਖਣ, ਜੋਖਮ ਭਰਪੂਰ ਹੋਣਗੇ ਅਤੇ "ਬਦਕਿਸਮਤੀ ਨਾਲ ਸੁਭਾਅ ਤੋਂ ਧਰੁਵੀਕਰਨ ਵਾਲੇ ਹਨ"।ਇਸ ਸਬੰਧੀ ਤਿਖੀ ਨਜ਼ਰ ਰਖੀ ਜਾ ਰਹੀ ਹੈ।ਸਰਕਾਰੀ ਹਲਕਿਆਂ ਨੇ ਇਸ ਗੱਲੋਂ ਚਿੰਤਾ ਪ੍ਰਗਟਾਈ ਗਈ ਹੈ ਕਿ ਪ੍ਰੋਟੈੱਸਟਰਾਂ ਕੋਲ ਫੜੇ ਝੰਡਿਆਂ ਵਿਚ ਇਕ ਨਾਜ਼ੀ ਝੰਡਾ ਵੀ ਨਜ਼ਰ ਆਇਆ |
ਪ੍ਰਧਾਨ ਮੰਤਰੀ ਟਰੂਡੋ ਨੇ ਇਸ ਵਿਰੋਧ ਅਤੇ ਇਸ ਦੇ ਸਮਰਥਕਾਂ ਨੂੰ ਨਕਾਰਿਆ ਹੈ ਤੇ ਕਿਹਾ ਹੈ ਕਿ ਇਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਇਸ ਅੰਦੋਲਨ ਨੂੰ ਕੰਜ਼ਰਵੇਟਿਵ ਸਿਆਸਤਦਾਨਾਂ ਦਾ ਸਮਰਥਨ ਹੈ, ਜੋ ਕਹਿੰਦੇ ਹਨ ਕਿ ਇਹ ਮਹਾਂਮਾਰੀ ਦੇ ਦੋ ਸਾਲਾਂ ਵਿੱਚ ਕੈਨੇਡਾ ਦੀ ਆਰਥਿਕਤਾ ਡਿਗੀ ਹੈ।ਇਸ ਲਈ' ਟਰੂਡੋ ਜ਼ਿੰਮੇਵਾਰ ਹੈ। ਇਸ ਲਈ ਵਧ ਰਹੀ ਲੋਕਾਂ ਦੀ ਚਿੰਤਾ ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਟਰੂਡੋ ਦੀਆਂ ਨਵੀਆਂ ਹਿਦਾਇਤਾਂ ਨੇ ਕੁਝ ਹੋਰ ਕਾਰਨਾਂ ਕਰਕੇ ਵੀ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।ਬਹੁਤ ਸਾਰੇ ਦੇਸ਼ਾਂ ਦੀ ਤਰ੍ਹਾਂ, ਕੈਨੇਡਾ ਵੀ ਵਧਦੀ ਮਹਿੰਗਾਈ ਅਤੇ ਸਪਲਾਈ ਲੜੀ ਨਾਲ ਨਜਿੱਠ ਰਿਹਾ ਹੈ ਜੋ ਪਹਿਲਾਂ ਹੀ ਮਹਾਂਮਾਰੀ, ਮਜ਼ਦੂਰਾਂ ਦੀ ਘਾਟ ਤੇ ਖਰਾਬ ਮੌਸਮ ਕਾਰਨ ਤਣਾਅ ਵਿੱਚ ਹੈ।ਭੋਜਨ ਅਤੇ ਪੈਟਰੋਲ ਸਮੇਤ ਕੀਮਤਾਂ ਵਧ ਰਹੀਆਂ ਹਨ। ਕਰਿਆਨੇ ਦੀਆਂ ਦੁਕਾਨਾਂ ਦੀਆਂ ਸ਼ੈਲਫਾਂ 'ਤੇ ਕੁਝ ਉਤਪਾਦਾਂ ਨੂੰ ਲੱਭਣਾ ਮੁਸ਼ਕਲ ਹੋ ਰਿਹਾ ਹੈ।
ਕੈਨੇਡਾ ਦੀ ਆਰਥਿਕਤਾ ਬਹੁਤ ਹੱਦ ਤੱਕ ਟਰਕਾਂ ਵਾਲਿਆਂ 'ਤੇ ਨਿਰਭਰ ਹੈ ਜੋ ਦੇਸ਼ ਵਿੱਚ ਖਪਤ ਹੋਣ ਵਾਲੇ ਭੋਜਨ ਅਤੇ ਵਸਤੂਆਂ ਦੀ ਵੱਡੀ ਬਹੁਗਿਣਤੀ ਨੂੰ ਸਰਹੱਦ ਪਾਰ ਤੋਂ ਦੇਸ ਵਿੱਚ ਲੈ ਕੇ ਆਉਂਦੇ ਹਨ।ਕੈਨੇਡੀਅਨ ਟਰੱਕਿੰਗ ਅਲਾਇੰਸ ਦਾ ਅੰਦਾਜ਼ਾ ਹੈ ਕਿ 120,000 ਕੈਨੇਡੀਅਨ ਟਰੱਕ ਡਰਾਈਵਰਾਂ ਵਿੱਚੋਂ 85% ਤੋਂ 90% ਜੋ ਕਿ ਸਰਹੱਦ ਪਾਰ ਰੂਟਾਂ 'ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ।ਇਸ ਅਲਾਈਂਸ ਦਾ ਕਹਿਣਾ ਹੈ ਕਿ ਓਟਾਵਾ ਵਿੱਚ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਦਾ ਇਸ ਉਦਯੋਗ ਨਾਲ ਕੋਈ ਸਬੰਧ ਹੀ ਨਹੀਂ ਹੈ।ਹਾਲਾਂਕਿ ਗੱਠਜੋੜ ਕਾਫਲੇ ਦਾ ਸਮਰਥਨ ਨਹੀਂ ਕਰਦਾ ਅਤੇ ਇਸ ਨੇ ਕਿਹਾ ਹੈ ਕਿ ਉਦਯੋਗ ਨੂੰ ਆਦੇਸ਼ ਦੇ ਅਨੁਕੂਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਕਰੀਬ 16,000 ਡਰਾਈਵਰਾਂ ਨੂੰ ਹਟਾਇਆ ਜਾ ਸਕਦਾ ਹੈ।ਬਹੁਤ ਸਾਰੇ ਕਾਰੋਬਾਰੀ ਸਮੂਹਾਂ ਨੇ ਵੀ ਕਿਹਾ ਹੈ ਕਿ ਉਹ ਚਿੰਤਤ ਹਨ ਕਿ ਨਵਾਂ ਆਦੇਸ਼, ਸਿਰਫ ਮੌਜੂਦਾ ਸਪਲਾਈ ਚੇਨ ਸਬੰਧੀ ਸਮੱਸਿਆਵਾਂ ਨੂੰ ਵਧਾਏਗਾ।ਹਾਲੇ ਤਕ ਟਰੂਡੋ ਨੇ ਇਸ ਫੈਸਲੇ ਤੋਂ ਪਿੱਛੇ ਹਟਣ ਦਾ ਕੋਈ ਇਰਾਦਾ ਨਹੀਂ ਜਤਾਇਆ ਹੈ।ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਮੁੱਖ ਜੰਗੀ ਯਾਦਗਾਰ 'ਤੇ ਨੱਚਦੇ ਨਜ਼ਰ ਆਏ, ਜਿਸ ਦੀ ਕੈਨੇਡਾ ਦੇ ਚੋਟੀ ਦੇ ਸਿਪਾਹੀ ਜਨਰਲ ਵੇਨ ਆਇਰ ਤੇ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਨਿੰਦਾ ਕੀਤੀ ਹੈ। ਕੈਨੇਡਾ ਵਿਚ ਟਰੱਕ ਵਾਲਿਆਂ ਵਿਚੋਂ ਇਕ-ਚੌਥਾਈ ਤੋਂ ਵੱਧ ਭਾਰਤੀ ਮੂਲ, ਖਾਸਕਰ ਪੰਜਾਬੀ ਹਨ।
Comments (0)