ਨਿਊਜ਼ੀਲੈਂਡ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਗਭੱਰੂ ਮਨਸਿਮਰਤ ਸਿੰਘ ਸ਼ਾਮਲ

ਨਿਊਜ਼ੀਲੈਂਡ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ  ਗਭੱਰੂ ਮਨਸਿਮਰਤ ਸਿੰਘ ਸ਼ਾਮਲ

ਅੰਮ੍ਰਿਤਸਰ ਟਾਈਮਜ਼ ਬਿਉਰੋ

ਆਕਲੈਂਡ : ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਨਿਊਜ਼ੀਲੈਂਡ ਫ਼ੌਜ ਵਿਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ ਹੋ ਗਿਆ ਹੈ। ਨਿਊਜ਼ੀਲੈਂਡ ਦੇ ਪਹਿਲੇ ਦਸਤਾਰਧਾਰੀ ਗੋਰੇ ਸਿੱਖ ਨੌਜਵਾਨ ਲੂਈਸ ਸਿੰਘ ਖਾਲਸਾ  ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ 18 ਸਾਲਾ ਮਨਸਿਮਰਤ ਸਿੰਘ ਰਿਕਰੂਟ ਰੈਗੂਲਰ ਫੋਰਸ 401 ਦਾ ਨਵਾਂ ਗ੍ਰੈਜੁਏਟ ਹੈ, ਜਿਸ ਨੇ ਵਾਇਓਰੂ ਮਿਲਟਰੀ ਕੈਂਪ ਵਿਚ ਟਰੇਨਿੰਗ ਪੂਰੀ ਕੀਤੀ ਹੈ। ਜਿਸ ਪਿੱਛੋਂ ਉਹ ਫ਼ੌਜ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਵੇਗਾ।ਇਸ ਸੰਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਆਕਲੈਂਡ ਦੀ ਕੋ-ਆਪ ਟੈਕਸੀ ਦੇ ਡਾਇਰੈਕਟਰ ਮਨਜੀਤ ਸਿੰਘ ਬਿੱਲਾ ਮੁਤਾਬਕ ਇਹ ਪਰਿਵਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬੌੜ (ਨੇੜੇ ਖੇੜੀ ਨੌਧ ਸਿੰਘ) ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਫ਼ੌਜ ਵਿਚ ਪੱਗ ਨੂੰ ਸਨਮਾਨ ਦਿਵਾਉਣ ਵਾਲਾ ਲੂਈ ਸਿੰਘ ਖਾਲਸਾ ਵੀ ਹੈ ਜੋ ਇੱਥੋਂ ਦੇ ਗੋਰੇ ਭਾਈਚਾਰੇ ਨਾਲ ਸਬੰਧਤ ਹੈ। ਉਹ ਪੰਜਾਬ ਜਾਣ ਪਿੱਛੋਂ ਅੰਮ੍ਰਿਤਧਾਰੀ ਸਿੰਘ ਬਣਕੇ ਫ਼ੌਜ ਵਿਚ ਭਰਤੀ ਹੋਇਆ ਸੀ। 18 ਸਾਲਾ ਮਨਸਿਮਰਤ ਸਿੰਘ ਦੇ ਮਾਤਾ ਪਿਤਾ ਬੱਕਲੈਂਡ ਬੀਚ ਵਿਖੇ ਰਹਿੰਦੇ ਹਨ। ਇਸ ਪਰਿਵਾਰ ਦਾ ਜੱਦੀ ਪਿੰਡ ਬੌੜ ਤਹਿਸੀਲ ਖਮਾਣੋ ਜਿਲ੍ਹਾ ਫਤਹਿਗੜ੍ਹ ਸਾਹਿਬ ਹੈ। 

1998 ਵਿਚ ਇਹ ਪਰਿਵਾਰ ਇੱਥੇ ਆਇਆ ਸੀ। ਇਸ ਨੌਜਵਾਨ ਨੇ ਮੌਕਲੀਨ ਕਾਲਜ ਵਿਚ ਪੜ੍ਹਾਈ ਸ਼ੁਰੂ ਕੀਤੀ ਤੇ ਫਿਰ ਸਕਾਲਰਸ਼ਿੱਪ ਦੇ ਨਾਲ ਇਕ ਵੱਕਾਰੀ ਕਾਲਜ ਸੇਂਟ ਕੇਂਟੀਗਰਨ ਪਾਕੂਰੰਗਾ ਵਿਖੇ ਬਾਕੀ ਦੀ ਪੜ੍ਹਾਈ ਪੂਰੀ ਕੀਤੀ। ਮਨਸਿਮਰਤ ਸਿੰਘ ਨੇ 5 ਸਾਲ ਦੀ ਉਮਰ ਵਿਚ ਹੀ ਅੰਮ੍ਰਿਤ ਛੱਕ ਲਿਆ ਸੀ। ਉਹ ਅੰਡਰ 18 ਵਿਚ ਆਕਲੈਂਡ ਲਈ ਖੇਡ ਚੁੱਕਿਆ ਹੈ। ਉਹ ਪ੍ਰੀਮੀਅਰ ਹਾਕੀ ਟੀਮ ਹੌਵਿਕ-ਪਾਕੂਰੰਗਾ ਅਤੇ ਸੇਂਟ ਕੇਂਟਸ ਦੀ ਹਾਕੀ ਟੀਮ ਦਾ ਹਿੱਸਾ ਰਿਹਾ। ਇਹ ਨੌਜਵਾਨ ਗਤਕਾ ਵੀ ਸੋਹਣਾ ਖੇਡਦਾ ਹੈ ਤੇ ਨਿਊਜ਼ੀਲੈਂਡ ਦੀ ਗਤਕਾ ਟੀਮ ਵਿਚ ਕੈਨੇਡਾ, ਆਸਟ੍ਰੇਲੀਆ, ਇੰਡੀਆ ਗਿਆ ਸੀ। ਮਨਸਿਮਰਤ ਗੁਰਬਾਣੀ ਕੀਰਤਨ ਵੀ ਕਰ ਲੈਂਦਾ ਹੈ। ਨਿਊਜ਼ੀਲੈਂਡ ਫ਼ੌਜ ਵਿਚ ਭਰਤੀ ਹੋਣ ਬਾਅਦ ਉਸ ਦੀ ਡਿਉਟੀ ਸਿਸਟਮ ਇੰਜੀਨੀਅਰ ਵਜੋਂ ਲਗਾਈ ਜਾਣੀ ਹੈ ਜੋ ਕਿ ਨੌਕਰੀ ਦੌਰਾਨ ਤਕਨੀਕੀ ਪੜ੍ਹਾਈ ਪੂਰੀ ਕਰਨ ਬਾਅਦ ਸ਼ੁਰੂ ਹੋਵੇਗੀ। ਫੌਜ ਦੀ ਟ੍ਰੇਨਿੰਗ ਵਿਚ ਇਹ ਅੱਵਲ ਆਇਆ ਹੈ ਅਤੇ ਉਸ ਨੇ ਕਈ ਹੋਰ ਇਨਾਮ ਹਾਸਿਲ ਕੀਤੇ।  ਸਾਡਾ ਪਖ ਹੈ ਕਿ ਸਿਖ ਦੇਸ਼ਾਂ ਵਿਦੇਸ਼ਾਂ ਵਿਚ ਹਰ ਫੀਲਡ ਵਿਚ ਤਰਕੀਆਂ ਕਰ ਰਹੇ ਹਨ।ਇਹੋ ਜਿਹੇ ਨੌਜਵਾਨ ਵਰਗ ਨੂੰ ਉਤਸ਼ਾਹਿਤ ਕਰਨ ਲਈ ਗੁਰਦੁਆਰਿਆਂ ਤੇ ਜਥੇਬੰਦੀਆਂ ਵਲੋਂ ਉਤਸ਼ਾਹਿਤ ਕਰਨਾ ਚਾਹੀਦਾ ਤਾਂ ਜੋ ਉਹ ਪੰਥ ਦਾ ਨਾਮ ਰੋਸ਼ਨ ਕਰ ਸਕਣ।ਸਿਖ ਨੌਜਵਾਨਾਂ ਵਿਚ ਉਤਸ਼ਾਹ ਜਾਗ ਸਕੇ।