ਹਾਕੀ ਖਿਡਾਰੀ ਹਰਮਨਪ੍ਰੀਤ  ਦਾ ਟੀਚਾ ਓਲੰਪਿਕ 'ਚ ਟੀਮ ਨੂੰ ਗੋਲਡ ਦਿਵਾਉਣਾ 

ਹਾਕੀ ਖਿਡਾਰੀ ਹਰਮਨਪ੍ਰੀਤ  ਦਾ ਟੀਚਾ ਓਲੰਪਿਕ 'ਚ ਟੀਮ ਨੂੰ ਗੋਲਡ ਦਿਵਾਉਣਾ 

ਅੰਮ੍ਰਿਤਸਰ ਟਾਈਮਜ਼ ਬਿਉਰੋ

 ਅੰਮਿ੍ਤਸਰ : ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰਰੀਤ ਸਿੰਘ ਇਨ੍ਹੀਂ ਦਿਨੀਂ ਬੈਂਗਲੁਰੂ ਮੌਜੂਦ ਕੋਚਿੰਗ ਕੈਂਪ ਵਿਚ ਖੇਡ ਦੀਆਂ ਬਰੀਕੀਆਂ ਸਿੱਖ ਰਹੇ ਹਨ ਤਾਂਕਿ ਓਲੰਪਿਕ ਵਿਚ ਦੇਸ਼ ਨੂੰ ਮੁੜ ਗੋਲਡ ਦਿਵਾ ਸਕਣ। ਆਪਣੀਆਂ ਤਿਆਰੀਆਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਲਗਭਗ ਡੇਢ ਸਾਲ ਤੋਂ ਉਹ ਇੱਥੇ ਤਿਆਰੀਆਂ ਵਿਚ ਰੁੱਝੇ ਹੋਏ ਹਨ। ਹਰ ਰੋਜ਼ ਉਹ ਆਪਣੀ ਖੇਡ ਵਿਚ ਸੁਧਾਰ ਕਰ ਰਹੇ ਹਨ। ਸਖ਼ਤ ਮਿਹਨਤ ਜਲਦੀ ਹੀ ਰੰਗ ਲਿਆਵੇਗੀ। ਅਪ੍ਰਰੈਲ ਵਿਚ ਅਰਜਨਟੀਨਾ ਵਿਚ ਹੋਏ ਟੂਰਨਾਮੈਂਟ ਵਿਚ ਉਨ੍ਹਾਂ ਦੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਰੀਓ ਓਲੰਪਿਕ ਵਿਚ ਉਨ੍ਹਾਂ ਦੀ ਟੀਮ ਅੱਠਵੇਂ ਸਥਾਨ 'ਤੇ ਰਹੀ ਸੀ ਪਰ ਟੋਕੀਓ ਓਲੰਪਿਕ ਵਿਚ ਉਨ੍ਹਾਂ ਦਾ ਟੀਚਾ ਟੀਮ ਨੂੰ ਗੋਲਡ ਮੈਡਲ ਦਿਵਾਉਣਾ ਹੈ।ਇਸ ਲਈ ਪੂਰੀ ਟੀਮ ਸਖ਼ਤ ਅਭਿਆਸ ਕਰ ਰਹੀ ਹੈ। ਹਰਮਨਪ੍ਰਰੀਤ ਸਿੰਘ ਨੇ ਅੱਗੇ ਕਿਹਾ ਕਿ ਡਿਫੈਂਸਿੰਗ ਤੇ ਟੈਕਲਿੰਗ 'ਤੇ ਪੂਰਾ ਫੋਕਸ ਹੈ ਤਾਂਕਿ ਪਿਛਲੀ ਵਾਰ ਦੀਆਂ ਗ਼ਲਤੀਆਂ ਨਾ ਹੋਣ। ਕੋਚ ਗ੍ਰਾਹਮ ਰੀਡ ਇਸ 'ਤੇ ਧਿਆਨ ਦੇ ਰਹੇ ਹਨ। ਉਥੇ ਪਿਤਾ ਸਰਬਜੀਤ ਸਿੰਘ ਉਨ੍ਹਾਂ ਨੂੰ ਹਮੇਸ਼ਾ ਸਖ਼ਤ ਮਿਹਨਤ ਕਰਨ ਲਈ ਪ੍ਰਰੇਰਿਤ ਕਰਦੇ ਰਹਿੰਦੇ ਹਨ। ਪੰਜਾਬ ਦੇ ਅੰਮਿ੍ਤਸਰ ਜ਼ਿਲ੍ਹਾ ਦੇ ਕਸਬਾ ਜੰਡਿਆਲਾ ਗੁਰੂ ਦੇ ਛੋਟੇ ਜਿਹੇ ਪਿੰਡ ਤੀਮੋਵਾਲ ਵਿਚ ਜਨਮੇ ਭਾਰਤੀ ਹਾਕੀ ਦੇ ਡਿਫੈਂਡਰ ਤੇ ਡ੍ਰੈਗ ਫਲਿਕਰ ਹਰਮਨਪ੍ਰਰੀਤ ਸਿੰਘ ਦੇਸ਼ ਲਈ ਹੁਣ ਤਕ 117 ਮੈਚ ਖੇਡ ਚੁੱਕੇ ਹਨ ਤੇ 68 ਗੋਲ ਕਰ ਚੁੱਕੇ ਹਨ।

ਪੈਨਲਟੀ ਸ਼ਾਟ ਨੂੰ ਗੋਲ ਵਿਚ ਬਦਲਣ ਵਾਲੇ ਹਰਮਨਪ੍ਰਰੀਤ ਦੇ ਕਰੀਅਰ ਦੀ ਸ਼ੁਰੂਆਤ ਬਤੌਰ ਫਾਰਵਰਡ ਖਿਡਾਰੀ ਹੋਈ ਸੀ। ਸਾਲ 2014 ਵਿਚ ਮਲੇਸ਼ੀਆ ਵਿਚ ਹੋਏ ਸੁਲਤਾਨ ਜੋਹੋਰ ਕੱਪ ਵਿਚ ਨੌ ਪੈਨਲਟੀ ਕਾਰਨਰਾਂ ਨੂੰ ਉਨ੍ਹਾਂ ਨੇ ਗੋਲ ਵਿਚ ਬਦਲਿਆ ਸੀ। 2016 ਵਿਚ ਜੂਨੀਅਰ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਹਿੱਸਾ ਬਣੇ ਤੇ ਟੀਮ ਨੂੰ ਖ਼ਿਤਾਬ ਦਿਵਾਉਣ ਵਿਚ ਯੋਗਦਾਨ ਦਿੱਤਾ। 2016 ਵਿਚ ਰੀਓ ਓਲੰਪਿਕ ਵਿਚ ਭਾਰਤੀ ਟੀਮ ਦਾ ਹਿੱਸਾ ਬਣੇ। 2018 ਵਿਚ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਟੀਮ ਨੂੰ ਕਾਂਸੇ ਦਾ ਮੈਡਲ ਦਿਵਾਉਣ ਵਿਚ ਯੋਗਦਾਨ ਦਿੱਤਾ।