ਨਵਾਂਸ਼ਹਿਰ ਜ਼ਿਲ੍ਹੇ ਦੇ ਆਪ ਆਗੂ ਦਾ ਜੀਪ ਚੜ੍ਹਾ ਕੇ ਕਤਲ ਕੀਤਾ

ਨਵਾਂਸ਼ਹਿਰ ਜ਼ਿਲ੍ਹੇ ਦੇ ਆਪ ਆਗੂ ਦਾ ਜੀਪ ਚੜ੍ਹਾ ਕੇ ਕਤਲ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਰਾਣੇਵਾਲ ਵਿਚ ਆਮ ਆਦਮੀ ਪਾਰਟੀ ਦੇ ਆਗੂ ਪਰਮਜੀਤ ਸਿੰਘ ਦਾ ਪਿੰਡ ਦੇ ਹੀ ਦੋ ਬੰਦਿਆਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਜੀਪ ਚੜ੍ਹਾ ਕੇ ਕਤਲ ਕਰ ਦਿੱਤਾ ਗਿਆ।

ਇਸ ਘਟਨਾ ਦੇ ਚਸ਼ਮਦੀਦ ਗਵਾਹ ਬਲਿਹਾਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਾਣੇਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ 25 ਮਈ ਸ਼ਾਮ ਨੂੰ ਪਿੰਡ ਮਜਾਰਾ ਖ਼ੁਰਦ ਵਿਚਾਲੇ ਪੈਂਦੇ ਆਪਣੇ ਖੇਤਾਂ 'ਚ ਮੋਟਰ 'ਤੇ ਕੰਮ ਕਰ ਰਿਹਾ ਸੀ। ਉਕਤ ਰੋਡ ਤੋਂ ਪਰਮਜੀਤ ਸਿੰਘ (45) ਪੁੱਤਰ ਬੂਝਾ ਸਿੰਘ ਆਪਣੀ ਸਕੂਟਰੀ ਨੰਬਰ 'ਤੇ ਸਵਾਰ ਹੋ ਕੇ ਪਿੰਡ ਰਾਣੇਵਾਲ ਨੂੰ ਜਾ ਰਿਹਾ ਸੀ। ਉਸ ਦੇ ਅੱਗੇ ਪ੍ਰੀਤਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਣੇਵਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਸੀ। 

ਇਨ੍ਹਾਂ ਦੋਵਾਂ ਦੇ ਪਿੱਛੇ ਪਿੰਡ ਮਜਾਰਾ ਖ਼ੁਰਦ ਤੋਂ ਇਕ ਕਾਲੇ ਰੰਗ ਦੀ ਜੀਪ ਦੇ ਚਾਲਕ ਚਰਨਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਲੋਂ ਤੇਜ਼ੀ ਨਾਲ ਜਾਣ ਬੁੱਝ ਕੇ ਸਕੂਟਰੀ ਸਵਾਰ ਪਰਮਜੀਤ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਟੱਕਰ ਮਾਰ ਦਿੱਤੀ ਗਈ। ਉਸ ਸਮੇਂ ਜੀਪ 'ਤੇ ਜੇਲ੍ਹ ਤੋਂ ਪੈਰੋਲ 'ਤੇ ਆਇਆ ਉਸ ਦਾ ਚਾਚਾ ਗੁਰਮੁਖ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਾਣੇਵਾਲ ਵੀ ਸਵਾਰ ਸੀ। ਉਸ ਨੇ ਦੱਸਿਆ ਕਿ ਉਪਰੰਤ ਜੀਪ ਸਵਾਰ ਦੋਵੇਂ ਲਲਕਾਰੇ ਮਾਰਦੇ ਪਿੰਡ ਰਾਣੇਵਾਲ ਵੱਲ ਨੂੰ ਮੁੜ ਗਏ।

ਉਸ ਨੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਦੋਵੇਂ ਜ਼ਖਮੀਆਂ ਨੂੰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਜ਼ਿਆਦਾ ਸੱਟਾਂ ਲੱਗਣ ਕਾਰਨ ਪਰਮਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਪ੍ਰੀਤਮ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸਬੰਧੀ ਥਾਣਾ ਸਦਰ ਪੁਲਿਸ ਵਲੋਂ ਦੋਸ਼ੀਆਂ ਦੇ ਵਿਰੁੱਧ ਧਾਰਾ 302,427, 34,120-ਬੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।