ਕੋਰੋਨਾਵਾਇਰਸ ਦੀ ਆੜ ਵਿਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬੀ ਕਿਸਾਨਾਂ ਦੀ ਜ਼ਮੀਨ ਕੋਡੀਆਂ ਭਾਅ ਲੁੱਟਣ ਦੀ ਤਿਆਰੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਦੇ ਪਿੰਡਾਂ ਨੂੰ ਕੋਡੀਆਂ ਭਾਅ ਉਜਾੜ ਕੇ ਬਣਾਏ ਚੰਡੀਗੜ 'ਤੇ ਕਾਬਜ਼ ਪ੍ਰਸ਼ਾਸਨ ਅੱਜ ਵੀ ਆਪਣੀ ਪੰਜਾਬੀ ਵਿਰੋਧੀ ਨੀਤੀ 'ਤੇ ਲਗਾਤਾਰ ਡਟਿਆ ਹੋਇਆ ਹੋਇਆ ਹੈ। ਪੰਜਾਬ ਤੇ ਚੰਡੀਗੜ੍ਹ ਨੂੰ ਆਪਸ ਵਿੱਚ ਲਿੰਕ ਕਰਨ ਵਾਲੀ ਪੀਆਰ-4 ਸੜਕ ਦੇ ਲਈ ਐਕੁਆਇਰ ਕੀਤੀ ਜਾਣ ਵਾਲੀ ਪਿੰਡ ਡੱਡੂਮਾਜਰਾ ਅਤੇ ਧਨਾਸ ਦੇ ਪੰਜਾਬੀ ਕਿਸਾਨਾਂ ਦੀ ਜ਼ਮੀਨ 'ਤੇ ਚੰਡੀਗੜ੍ਹ ਪ੍ਰਸ਼ਾਸਨ ਕੋਡੀਆਂ ਦੇ ਭਾਅ ਕਬਜ਼ਾ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਇਹ ਸਾਰਾ ਕੁੱਝ ਕੋਰੋਨਾਵਾਇਰਸ ਦੀ ਆੜ ਵਿਚ ਕੀਤਾ ਜਾ ਰਿਹਾ ਹੈ।
ਜ਼ਮੀਨ ਦਾ ਮੁਆਵਜ਼ਾ ਘੱਟ ਐਲਾਨੇ ਜਾਣ ਤੋਂ ਪ੍ਰੇਸ਼ਾਨ ਪਿੰਡ ਡੱਡੂਮਾਜਰਾ ਅਤੇ ਧਨਾਸ ਦੇ ਜ਼ਮੀਨ ਮਾਲਕ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਠੇ ਹੋਏ ਕਿਸਾਨਾਂ ਨੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਐਕੁਆਇਰ ਹੋਣ ਵਾਲੀ ਜ਼ਮੀਨ ਵਿੱਚ ਖੜ੍ਹੇ ਹੋ ਕੇ ਹੱਥਾਂ ਵਿੱਚ ਪ੍ਰਸ਼ਾਸਨ ਵਿਰੋਧੀ ਬੈਨਰ ਫੜੇ ਹੋਏ ਸਨ।
ਪੇਂਡੂ ਸੰਘਰਸ਼ ਕਮੇਟੀ ਤੋਂ ਮਾਸਟਰ ਮੋਹਨ ਸਿੰਘ, ਅਮਰੀਕ ਸਿੰਘ, ਅੰਮ੍ਰਿਤ ਲਾਲ, ਜਸਵੀਰ ਸਿੰਘ ਡੱਡੂਮਾਜਰਾ ਆਦਿ ਨੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਲਈ ਜ਼ਮੀਨ ਮਾਲਕਾਂ ਵੱਲੋਂ ਹਾਈ ਕੋਰਟ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ਼ ਰਿੱਟ ਦਾਇਰ ਕੀਤੀ ਹੋਈ ਹੈ ਜਿਸ ਦਾ ਫ਼ੈਸਲਾ ਆਉਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਲੈਂਡ ਐਕਿਊਜ਼ੀਸ਼ਨ ਕੁਲੈਕਟਰ ਵੱਲੋਂ ਕਰੋਨਾ ਮਹਾਮਾਰੀ ਦੀ ਆੜ ਵਿੱਚ 20 ਮਈ ਨੂੰ ਐਵਾਰਡ ਸੁਣਾ ਕੇ ਪਿੰਡਾਂ ਵਿੱਚ ਨੋਟਿਸ ਚਿਪਕਾ ਕੇ ਲੋਕਾਂ ਤੋਂ ਇਤਰਾਜ਼ ਮੰਗ ਲਏ ਗਏ ਸਨ। ਜਦੋਂ ਕਿਸਾਨ ਆਪਣੇ ਇਤਰਾਜ਼ ਸੁਣਾਉਣ ਲਈ ਗਏ ਤਾਂ ਉਥੇ ਪਬਲਿਕ ਡੀਲਿੰਗ ਬੰਦ ਹੋਣ ਕਾਰਨ ਕੋਈ ਸੁਣਵਾਈ ਨਹੀਂ ਹੋਈ।
ਜ਼ਮੀਨ ਮਾਲਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਜ਼ਮੀਨ ਨੂੰ ਪੈਰੀਫੇਰੀ ਦਾ ਬਹਾਨਾ ਬਣਾ ਕੇ ਬਹੁਤ ਹੀ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਮੀਨ ਨੂੰ ਰੂਰਲ ਏਰੀਆ ਵਿੱਚ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਪਹਿਲਾਂ ਇਹ ਗੱਲ ਸਿੱਧ ਕਰੇ ਕਿ ਚੰਡੀਗੜ੍ਹ ਪੇਂਡੂ ਖੇਤਰ ਹੈ ਜਾਂ ਸ਼ਹਿਰੀ। ਜੇਕਰ ਚੰਡੀਗੜ੍ਹ ਸ਼ਹਿਰੀ ਖੇਤਰ ਹੈ ਤਾਂ ਫਿਰ ਨਿਗਮ ਅਧੀਨ ਆਉਂਦੇ ਇਨ੍ਹਾਂ ਪਿੰਡਾਂ ਨੂੰ ਵੀ ਸ਼ਹਿਰੀ ਮੰਨ ਕੇ ਸ਼ਹਿਰੀ ਮਾਰਕੀਟ ਦੇ ਰੇਟ ਮੁਤਾਬਕ ਕੀਮਤ ਦਿੱਤੀ ਜਾਵੇ ਅਤੇ ਜ਼ਮੀਨ ਐਕੁਆਇਰ ਕਰਨ ਦੀਆਂ ਸ਼ਰਤਾਂ ਮੁਤਾਬਕ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।
ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਸੁਣਾਇਆ ਗਿਆ ਉਪਰੋਕਤ ਐਵਾਰਡ ਤੁਰੰਤ ਰੱਦ ਕੀਤਾ ਜਾਵੇ ਅਤੇ ਚੰਡੀਗੜ੍ਹ ਦੀ ਸਾਰੀ ਜ਼ਮੀਨ ਨੂੰ ਸ਼ਹਿਰੀ ਐਲਾਨਿਆ ਜਾਵੇ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)