ਮੋਦੀ ਦੇ ਲੇਹ ਦੌਰੇ ਤੋਂ 10 ਦਿਨ ਪਹਿਲਾਂ ਹੀ ਜ਼ਖਮੀ ਫੌਜੀਆਂ ਨੂੰ ਚੰਡੀਗੜ੍ਹ ਤੇ ਦਿੱਲੀ ਭੇਜ ਦਿੱਤਾ ਗਿਆ ਸੀ

ਮੋਦੀ ਦੇ ਲੇਹ ਦੌਰੇ ਤੋਂ 10 ਦਿਨ ਪਹਿਲਾਂ ਹੀ ਜ਼ਖਮੀ ਫੌਜੀਆਂ ਨੂੰ ਚੰਡੀਗੜ੍ਹ ਤੇ ਦਿੱਲੀ ਭੇਜ ਦਿੱਤਾ ਗਿਆ ਸੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਟਕਰਾਅ 'ਚ ਜ਼ਖਮੀ ਹੋਏ ਭਾਰਤੀ ਜਵਾਨਾਂ ਨੂੰ ਨਰਿੰਦਰ ਮੋਦੀ ਦੇ ਲੱਦਾਖ ਦੌਰੇ ਤੋਂ 10 ਦਿਨ ਪਹਿਲਾਂ ਹੀ ਚੰਡੀਗੜ੍ਹ ਅਤੇ ਦਿੱਲੀ ਦੇ ਹਸਪਤਾਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੇਹ ਦੇ ਹਸਪਤਾਲ ਵਿਚ ਜ਼ਖਮੀ ਫੌਜੀਆਂ ਵਿਚਾਲੇ ਖੜ੍ਹ ਕੇ ਤਸਵੀਰਾਂ ਕਰਾਉਣ ਪਿੱਛੇ ਮਸ਼ਹੂਰੀ ਸਟੰਟ ਦੇ ਦਾਅਵਿਆਂ ਨੂੰ ਹੋਰ ਹਵਾ ਮਿਲੀ ਹੈ।

ਦੱਸ ਦਈਏ ਕਿ ਮੋਦੀ ਸ਼ੁਕਰਵਾਰ ਨੂੰ ਅਚਨਚੇਤ ਲੇਹ ਪਹੁੰਚੇ ਸਨ ਅਤੇ ਉਹਨਾਂ ਦੇ ਇਸ ਦੌਰੇ ਨੂੰ ਭਾਰਤ ਵਿਚ ਬਹੁਤ ਵੱਡੇ ਪੱਧਰ 'ਤੇ ਪ੍ਰਚਾਰਿਆ ਗਿਆ ਸੀ। ਇਸ ਦੌਰਾਨ ਮੋਦੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਜਿਸ ਵਿਚ ਉਹ ਇਕ ਹਾਲ ਵਿਚ ਬਿਸਤਰਿਆਂ 'ਤੇ ਸਾਵਧਾਨ ਬੈਠੇ ਫੌਜੀਆਂ ਨੂੰ ਮਿਲ ਰਹੇ ਸਨ। ਤਸਵੀਰਾਂ 'ਤੇ ਸਵਾਲ ਉੱਠੇ ਸਨ ਕਿ ਇਹ ਹਾਲ ਕਿਸੇ ਵੀ ਪਾਸਿਓਂ ਹਸਪਤਾਲ ਨਹੀਂ ਲਗਦਾ ਕਿਉਂਕਿ ਉੱਥੇ ਨਾ ਹੀ ਹਸਪਤਾਲ ਵਿਚ ਮਰੀਜ਼ਾਂ ਦੀ ਸੰਭਾਲ ਲਈ ਜ਼ਰੂਰੀ ਕੋਈ ਸਮਾਨ ਨਜ਼ਰ ਆ ਰਿਹਾ ਸੀ ਅਤੇ ਨਾ ਹੀ ਕੋਈ ਡਾਕਟਰ ਜਾਂ ਨਰਸ ਨਜ਼ਰ ਆ ਰਹੀ ਸੀ। ਮਰੀਜ਼ਾਂ ਦੇ ਵੀ ਜ਼ਖਮਾਂ ਦਾ ਕੋਈ ਨਿਸ਼ਾਨ ਨਹੀਂ ਸੀ। 

ਇਹ ਸਵਾਲ ਉੱਠਣ ਤੋਂ ਬਾਅਦ ਭਾਰਤੀ ਫੌਜ ਨੂੰ ਸਪਸ਼ਟੀਕਰਨ ਦੇਣਾ ਪਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਇਹ ਫੌਜੀ ਗਲਵਾਨ ਵਿਚ ਜ਼ਖਮੀ ਹੋਏ ਜਵਾਨ ਹੀ ਸਨ ਅਤੇ ਇਹਨਾਂ ਨੂੰ ਕੋਰੋਨਵਾਇਰਸ ਕਰਕੇ ਕਾਨਫਰੰਸ ਹਾਲ ਵਿਚ ਬਣਾਏ ਗਏ ਇਸ ਵਾਰਡ ਅੰਦਰ ਰੱਖਿਆ ਗਿਆ ਸੀ। ਭਾਰਤੀ ਮੀਡੀਆ ਨੇ ਫੌਜੀ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਛਾਪੀਆਂ ਹਨ ਕਿ ਗਲਵਾਨ ਘਾਟੀ ਵਿਚ ਜ਼ਖਮੀ ਹੋਏ 40 ਫੌਜੀਆਂ ਨੂੰ ਮੋਦੀ ਦੇ ਦੌਰੇ ਤੋਂ 10 ਦਿਨ ਪਹਿਲਾਂ ਹੀ ਦਿੱਲੀ ਅਤੇ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਸੀ।

ਮੋਦੀ ਦੇ ਆਲੋਚਕਾਂ ਤੇ ਵਿਰੋਧੀਆਂ ਵੱਲੋਂ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਹਸਪਤਾਲ ਦਾ ਦੌਰਾ ਤੈਅਸ਼ੁਦਾ-ਯੋਜਨਾਬੱਧ ‘ਸਿਆਸੀ ਡਰਾਮੇਬਾਜ਼ੀ’ ਸੀ। ਜਦਕਿ ਫ਼ੌਜ ਦੇ ਚੋਟੀ ਦੇ ਸੂਤਰਾਂ ਮੁਤਾਬਕ ਜ਼ਖ਼ਮੀ ਜਵਾਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮਿਲੇ, ਹਲਕੀਆਂ ਸੱਟਾਂ ਵਾਲੇ ਸਨ। ਸੂਤਰਾਂ ਮੁਤਾਬਕ ਗੰਭੀਰ ਜ਼ਖ਼ਮੀਆਂ ’ਚੋਂ ਜ਼ਿਆਦਾ ਦੇ ਸਿਰ ’ਚ ਸੱਟਾਂ ਲੱਗੀਆਂ ਹਨ। ਇਕ ਅਧਿਕਾਰੀ ਮੁਤਾਬਕ ਲੇਹ ਦਾਖ਼ਲ ਜਵਾਨ ਕਾਫ਼ੀ ਹੱਦ ਤੱਕ ਠੀਕ ਹੋ ਗਏ ਹਨ। ਫ਼ੌਜੀ ਸੂਤਰਾਂ ਨੇ ਕਿਹਾ ਕਿ ਗੰਭੀਰ ਜ਼ਖ਼ਮੀ ਵੀ ਠੀਕ ਹੋ ਰਹੇ ਹਨ।