ਅਮਰੀਕਾ ਦੇ ਮਿਨੇਸੋਟਾ ਰਾਜ ਵਿਚ ਕੋਰੋਨਾਵਾਇਰਸ ਮਹਾਮਾਰੀ ਰਾਹਤ ਪ੍ਰੋਗਰਾਮ ਵਿਚ 25 ਕਰੋੜ ਡਾਲਰ ਦਾ ਘਪਲਾ

ਅਮਰੀਕਾ ਦੇ ਮਿਨੇਸੋਟਾ ਰਾਜ ਵਿਚ ਕੋਰੋਨਾਵਾਇਰਸ ਮਹਾਮਾਰੀ ਰਾਹਤ ਪ੍ਰੋਗਰਾਮ ਵਿਚ 25 ਕਰੋੜ ਡਾਲਰ ਦਾ ਘਪਲਾ

47 ਵਿਅਕਤੀਆਂ ਵਿਰੁੱਧ ਦੋਸ਼ ਆਇਦ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ
21 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਰਾਹਤ ਪ੍ਰੋਗਰਾਮ ਵਿਚ ਵੱਡੀ ਪੱਧਰ ਉਪਰ ਕਥਿੱਤ ਘਪਲੇਬਾਜੀ ਸਾਹਮਣੇ ਆਈ ਹੈ। ਸੰਘੀ ਅਧਿਕਾਰੀਆਂ ਨੇ ਕੋਰੋਨਾਵਾਇਰਸ ਮਹਾਮਾਰੀ ਰਾਹਤ ਪ੍ਰੋਗਰਾਮ ਵਿਚੋਂ ਬੇਈਮਾਨੀ ਨਾਲ 25 ਕਰੋੜ ਡਾਲਰ ਕਢਵਾਉਣ ਦੇ ਮਾਮਲੇ ਵਿਚ 47 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਹਨ। ਇਨਾਂ ਲੋਕਾਂ ਨੇ ਮਹਾਮਾਰੀ ਦੌਰਾਨ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਉਣ ਦੇ ਨਾਂ 'ਤੇ ਠੱਗੀ ਮਾਰੀ। ਇਹ ਠੱਗੀ ਮਾਰਨ ਦਾ ਮਾਮਲਾ ਮਿਨੇਸੋਟਾ ਰਾਜ ਵਿਚ ਸਾਹਮਣੇ ਆਇਆ ਹੈ। ਚੀਫ ਫੈਡਰਲ ਪ੍ਰਾਸੀਕਿਊਟਰ ਮਿਨੇਸੋਟਾ ਯੂ ਐਸ ਅਟਾਰਨੀ ਐਂਡਰੀਊ ਆਮ ਲੂਗਰ  ਨੇ ਕਿਹਾ ਹੈ ਕਿ ਸ਼ੱਕੀ ਦੋਸ਼ੀਆਂ ਨੇ ਬੱਚਿਆਂ ਨੂੰ ਖਾਣਾ ਸਪਲਾਈ ਲਈ ਅਦਾਇਗੀ ਉਪਰ ਦਾਅਵਾ ਕਰਨ ਲਈ ਸਥਾਨਕ ਗੈਰ-ਮੁਨਾਫਾ ਸੰਸਥਾ ' ਫੀਡਿੰਗ ਆਵਰ ਫਿਊਚਰ' ਦੀ ਵਰਤੋਂ ਕੀਤੀ ਜੋ ਖਾਣਾ ਕਦੀ ਪਹੁੰਚਾਇਆ ਹੀ ਨਹੀਂ ਗਿਆ। ਇਸ ਪੈਸੇ ਦੀ ਵਰਤੋਂ ਕਥਿੱਤ ਦੋਸ਼ੀਆਂ ਨੇ ਮਹਿੰਗੀਆਂ ਕਾਰਾਂ, ਘਰ , ਗਹਿਣੇ ਤੇ ਹੋਰ ਜਾਇਦਾਦ ਖਰੀਦਣ ਲਈ ਕੀਤੀ। ਲੂਗਰ ਨੇ ਕਿਹਾ ਹੈ 'ਮੈ ਉਨਾਂ ਅਧਿਕਾਰੀਆਂ ਤੇ ਜਾਂਚਕਾਰਾਂ ਦੀ ਸ਼ਲਾਘਾ ਕੀਤੇ ਬਿਨਾਂ ਨਹੀਂ ਰਹਿ ਸਕਦਾ ਜਿਨਾਂ ਨੇ ਝੂਠ ਤੇ ਬੇਈਮਾਨੀ ਦਾ ਪਰਦਾਫਾਸ਼ ਕੀਤਾ ਹੈ ਤੇ ਇਸ ਗੁੰਝਲਦਾਰ ਮਾਮਲੇ 'ਤੇ ਰੋਸ਼ਨੀ ਪਾਈ ਹੈ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਸ ਨੂੰ ਇਕ ਵਿਆਪਕ ਘਪਲੇ ਦਾ ਨਾਂ ਦਿੱਤਾ ਹੈ ਜੋ ਸਰਕਾਰ ਦੀਆਂ ਮਹਾਮਾਰੀ ਦੌਰਾਨ ਰਾਹਤ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵਿਚੋਂ ਕੀਤਾ ਗਿਆ। ਐਫ ਬੀ ਆਈ ਡਾਇਰੈਕਟਰ ਕ੍ਰਿਸਟੋਫਰ ਵਰੇ ਨੇ ਕਿਹਾ ਹੈ ਕਿ ਲਾਏ ਗਏ ਦੋਸ਼ਾਂ ਤੋਂ ਪਤਾ ਲੱਗਦਾ ਹੈ ਕਿ ਸ਼ੱਕੀ ਦੋਸ਼ੀਆਂ ਨੇ ਆਪਣੇ ਮਾੜੇ ਇਰਾਦਿਆਂ ਨੂੰ ਪੂਰਾ ਕਰਨ ਲਈ ਇਕ ਵਿਆਪਕ ਸਾਜਿਸ਼ ਰਚੀ  ਤੇ ਉਹ ਮਾਲਾਮਾਲ ਹੋਏ। ਜਸਟਿਸ ਕੈਂਪਬੈੱਲ ਜੋ ਇੰਟਰਨਲ ਰੈਵਨਿਊ ਸਰਵਿਸਜ ਕ੍ਰਿਮੀਨਲ ਇਨਵੈਸਟੀਗੇਸ਼ਨ ਡਵੀਜਨ ਸ਼ਿਕਾਗੋ ਦੇ ਸਪੈਸ਼ਲ ਏਜੰਟ ਇੰਚਾਰਜ ਹਨ, ਨੇ ਕਿਹਾ ਹੈ ਕਿ '' ਕੌਮੀ ਸੰਕਟ ਸਮੇ ਬਚਿਆਂ ਨੂੰ ਖਾਣਾ ਦੇਣ  ਵਾਲੇ ਸਰਕਾਰੀ ਪ੍ਰੋਗਰਾਮ ਦੀ ਨਿੱਜੀ ਫਾਇਦ ਲਈ ਵਰਤੋਂ ਕਰਨਾ ਕਥਿੱਤ ਦੋਸ਼ੀਆਂ ਦੀ ਭੁੱਖ ਦਾ ਪ੍ਰਤੀਕ ਹੈ। ਉਨਾਂ ਨੇ ਬੱਚਿਆਂ ਦੀ ਲਾਗਤ ਉਪਰ ਆਪਣੇ ਆਪ  ਨੂੰ ਅਮੀਰ ਬਣਾਇਆ ਹੈ ਤੇ ਦੇਸ਼ ਦੇ ਭਵਿੱਖ ਨੂੰ ਬਚਾਉਣ ਦੀ ਬਜਾਏ ਉਨਾਂ ਨੇ ਭਵਿੱਖ ਨੂੰ ਮਾਰਨ ਦਾ ਕੰਮ ਕੀਤਾ ਹੈ।''