ਮੇਰੀ ਮਾਂ ਦਾ ਆਖਰੀ ਸਫਰ; ਜਰਮਨ ਤੋਂ ਲੰਡਨ, ਤੇ ਫਿਰ ਨਨਕਾਣਾ ਸਾਹਿਬ ਤੱਕ

ਮੇਰੀ ਮਾਂ ਦਾ ਆਖਰੀ ਸਫਰ; ਜਰਮਨ ਤੋਂ ਲੰਡਨ, ਤੇ ਫਿਰ ਨਨਕਾਣਾ ਸਾਹਿਬ ਤੱਕ

ਬਿਕਰਮਜੀਤ ਕੌਰ ਯੂਕੇ

ਮੈਂ ਆਪਣੇ ਪਤੀ ਗੁਰਪ੍ਰੀਤ ਸਿੰਘ ਤੇ ਭੈਣ ਜਸਪਾਲ ਕੌਰ ਜਰਮਨ ਨਾਲ ਆਪਣੀ ਮਾਂ ਦੀ ਆਖਰੀ ਇੱਛਾ ਮੁਤਾਬਕ ਉਹਨਾਂ ਦੀਆਂ ਅਸਥੀਆਂ ਲੈ ਕੇ ਨਨਕਾਣਾ ਸਾਹਿਬ ਜਾ ਕੇ ਆਈ ਹਾਂ।

ਅਸੀਂ ਨਨਕਾਣਾ ਸਾਹਿਬ ਦੀਆਂ ਸੰਗਤਾਂ ਨਾਲ ਮਿਲ ਕੇ ਮਾਂ ਦੀਆਂ ਅਸਥੀਆਂ ਨਨਕਾਣਾ ਸਾਹਿਬ ਨਾਲ ਪੈਂਦੀ ਚੰਦਰਕੋਟ ਨਹਿਰ ਵਿੱਚ ਜੱਲ੍ਹ ਪਰਵਾਹ ਕੀਤੀਆਂ। ਪਹਿਲਾਂ ਗੁਰਦਵਾਰਾ ਜਨਮ ਅਸਥਾਨ ਵਿਖੇ ਮਾਂ ਦੀ ਅੰਤਮ ਅਰਦਾਸ ਕੀਤੀ ਤੇ ਫਿਰ ਚੰਦਰਕੋਟ ਨਹਿਰ ਦੇ ਇੱਤਹਾਸਕ ਪੁੱਲ ਤੇ ਜਾ ਕੇ ਜੱਲ੍ਹ ਪਰਵਾਹ ਕੀਤੀਆਂ।

ਚੰਦਰਕੋਟ ਨਹਿਰ ਦੇ ਪੁਰਾਣੇ ਪੁੱਲ ਤੇ 1921 ਵਿੱਚ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸ਼ਹੀਦ ਭਾਈ ਲਛਮਣ ਸਿੰਘ ਜੀ ਦੇ ਜੱਥੇ ਨੇ ਅਰਦਾਸ ਕੀਤੀ ਸੀ।

ਨਨਕਾਣਾ ਸਾਹਿਬ ਦੀ ਪਵਿਤੱਰ ਧਰਤੀ ਨਾਲ ਮੇਰੀ ਮਾਂ ਤੇ ਮੇਰੀਆਂ ਵੀ ਬਹੁਤ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਹਨ। ਜਦੋਂ ਅਸੀਂ ਪਾਪਾ ਨੂੰ ਜੇਲ੍ਹ ਵਿੱਚ ਮਿਲਣ ਪਾਕਿਸਤਾਨ ਗਏ ਸੀ ਤਾਂ ਸਾਨੂੰ ਨਨਕਾਣਾ ਸਾਹਿਬ ਰਹਿਣ ਦਾ ਵੀ ਸੁਭਾਗ ਪ੍ਰਾਪਤ ਹੋਇਆ ਸੀ। ਉਸ ਵਕਤ ਨਨਕਾਣਾ ਸਾਹਿਬ ਦੇ ਸਿੱਖ ਪਰਿਵਾਰਾਂ ਵੱਲੋਂ ਸਾਨੂੰ ਬਹੁਤ ਪਿਆਰ ਮਿਲਿਆ ਸੀ।

ਹੁਣ ਜਦੋਂ ਮੈਂ ਮਾਂ ਦੀਆਂ ਅਸਥੀਆਂ ਲੈ ਕੇ ਗਈ ਸੀ, ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ ਤੇ ਫਿਰ ਨਨਕਾਣਾ ਸਾਹਿਬ ਦੀ ਸੰਗਤ ਤੋਂ ਬਹੁਤ ਪਿਆਰ ਮਿਲਿਆ।

ਮੈਂ ਨਨਕਾਣਾ ਸਾਹਿਬ ਤੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੀ ਦੁੱਖ ਦੀ ਘੜ੍ਹੀ ਵਿੱਚ ਇੰਨਾ ਪਿਆਰ ਤੇ ਸਾਥ ਦਿੱਤਾ।

ਪਾਕਿਸਤਾਨ ਦੇ ਲੋਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਵੱਲੋਂ ਰੱਜ ਕੇ ਪਿਆਰ, ਸਤਿਕਾਰ ਤੇ ਸਹਿਯੋਗ ਮਿਲਿਆ।

ਗੁਰੂ ਨਾਨਕ ਸਾਹਿਬ ਦੇ ਪੰਜ ਸੋ ਪੰਜਾਹ ਸਾਲਾ ਗੁਰਪੁਰਬ ਦੀਆਂ ਤਿਆਰੀਆਂ ਜੋਰ ਸ਼ੋਰ ਨਾਲ ਹੋ ਰਹੀਆਂ ਦੇਖ ਕੇ ਆਈ ਹਾਂ। ਜਿਸ ਜੋਰ ਸ਼ੋਰ ਨਾਲ ਨਨਕਾਣਾ ਸਾਹਿਬ ਦੀਆਂ ਸਿੱਖ ਸੰਗਤਾਂ ਤੇ ਪਾਕਿਸਤਾਨ ਸਰਕਾਰ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਹੈ, ਉਸੀ ਜੋਸ਼ ਨਾਲ ਦੁਨੀਆਂ ਭਰ ਦੇ ਸਿੱਖਾਂ ਨੂੰ ਵੀ ਪਹੁੰਚਣ ਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ।

ਮੇਰੀ ਮਾਂ ਨੇ ਜਿਸ ਤਰ੍ਹਾਂ ਸਾਰੀ ਜ਼ਿੰਦਗੀ ਪਾਪਾ ਨਾਲ ਤੇ ਉਨ੍ਹਾਂ ਦੇ ਸੰਘਰਸ਼ ਨਾਲ ਰਿਸ਼ਤਾ ਨਿਭਾਇਆ ਹੈ, ਮੈਂ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਮੈਨੂੰ ਤੇ ਮੇਰੇ ਬੱਚਿਆਂ ਨੂੰ ਵੀ ਉਹ ਰਿਸ਼ਤਾ ਸਾਰੀ ਉਮਰ ਨਿਭਾਉਣ ਦੀ ਹਿੰਮਤ, ਹੌਂਸਲਾ ਤੇ ਸੁਮੱਤ ਬਖਸ਼ੇ।

(ਲੇਖਿਕਾ ਸਿੱਖ ਅਜ਼ਾਦ ਦੇਸ਼ 'ਖਾਲਿਸਤਾਨ' ਲਈ ਜੂਝਦਿਆਂ ਜਲਾਵਤਨੀ ਕੱਟ ਰਹੇ ਦਲ ਖ਼ਾਲਸਾ ਆਗੂ ਭਾਈ ਗਜਿੰਦਰ ਸਿੰਘ ਦੀ ਸਪੁੱਤਰੀ ਹੈ।)

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ