ਹਾਂਗਕਾਂਗ ਨੇ ਐਵਰੈਸਟ ਅਤੇ ਐਮਡੀਐਚ ਮਸਾਲਿਆਂ ਉਪਰ ਲੱਗਾਈ ਪਾਬੰਦੀ

ਹਾਂਗਕਾਂਗ ਨੇ ਐਵਰੈਸਟ ਅਤੇ ਐਮਡੀਐਚ  ਮਸਾਲਿਆਂ ਉਪਰ ਲੱਗਾਈ ਪਾਬੰਦੀ

ਉਤਪਾਦਾਂ ਵਿੱਚ  ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਹੋਣ ਦਾ ਖਤਰਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਹਾਂਗਕਾਂਗ: ਹਾਂਗਕਾਂਗ ਨੇ ਐਮਡੀਐਚ ਪ੍ਰਾਈਵੇਟ ਲਿਮਟਿਡ ਅਤੇ ਐਵਰੈਸਟ ਫੂਡ ਪ੍ਰੋਡਕਟਸ ਲਿਮਟਿਡ ਦੇ ਕਰੀ ਮਸਾਲਿਆਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਦੋਵਾਂ ਕੰਪਨੀਆਂ ਦੇ ਉਤਪਾਦਾਂ ਵਿੱਚ ਕਾਰਸੀਨੋਜੇਨਿਕ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਉਤਪਾਦਾਂ ਵਿੱਚ ਇਸ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਹੋਣ ਦਾ ਖਤਰਾ ਹੈ। ਹਾਂਗਕਾਂਗ ਤੋਂ ਪਹਿਲਾਂ ਸਿੰਗਾਪੁਰ ਦੇ ਅਧਿਕਾਰੀਆਂ ਨੇ ਵੀ ਇਸੇ ਕਾਰਨ ਐਵਰੈਸਟ ਦੇ ਫਿਸ਼ ਕਰੀ ਸਪਾਈਸ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣ ਦਾ ਆਦੇਸ਼ ਜਾਰੀ ਕੀਤਾ ਸੀ।

ਹਾਂਗਕਾਂਗ ਦੇ ਫੂਡ ਸੇਫਟੀ ਡਿਪਾਰਟਮੈਂਟ ਨੇ  ਕਿਹਾ ਕਿ  ਐਮਡੀਐਚ ਗਰੁੱਪ ਦੇ ਤਿੰਨ ਮਸਾਲੇ ਮਿਕਸ ਮਦਰਾਸ ਕਰੀ ਪਾਊਡਰ, ਸਾਂਭਰ ਮਸਾਲਾ ਪਾਊਡਰ ਅਤੇ ਕਰੀ ਪਾਊਡਰ - ਵਿੱਚ ਕਾਰਸੀਨੋਜਨਿਕ ਪੈਸਟੀਸਾਈਡ ਐਥੀਲੀਨ ਆਕਸਾਈਡ ਦੀ ਮਾਤਰਾ ਵੱਧ ਪਾਈ ਗਈ ਸੀ। ਰੂਟੀਨ ਸਰਵੀਲਾਂਸ ਪ੍ਰੋਗਰਾਮ ਦੇ ਤਹਿਤ ਐਵਰੈਸਟ ਦੇ ਫਿਸ਼ ਕਰੀ ਮਸਾਲੇ ਵਿੱਚ ਵੀ ਇਹ ਕੀਟਨਾਸ਼ਕ ਪਾਇਆ ਗਿਆ ਹੈ। ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਨੇ ਐਥੀਲੀਨ ਆਕਸਾਈਡ ਨੂੰ ਗਰੁੱਪ 1 ਕਾਰਸਿਨੋਜੇਨ ਵਜੋਂ ਸ਼੍ਰੇਣੀਬੱਧ ਕੀਤਾ ਹੈ। ਭੋਜਨ ਨਿਯਮਾਂ ਦੇ ਅਨੁਸਾਰ, ਕੀਟਨਾਸ਼ਕਾਂ ਵਾਲੇ ਭੋਜਨ ਨੂੰ ਮਨੁੱਖੀ ਖਪਤ ਲਈ ਤਾਂ ਹੀ ਵੇਚਿਆ ਜਾ ਸਕਦਾ ਹੈ ਜੇਕਰ ਭੋਜਨ ਖਤਰਨਾਕ ਜਾਂ ਸਿਹਤ ਲਈ ਹਾਨੀਕਾਰਕ ਨਾ ਹੋਵੇ।

ਵਿਭਾਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸੈਂਟਰ ਫਾਰ ਫੂਡ ਸੇਫਟੀ ਨੇ ਵਿਕਰੇਤਾਵਾਂ ਨੂੰ ਬੇਨਿਯਮੀਆਂ ਬਾਰੇ ਸੂਚਿਤ ਕੀਤਾ ਹੈ ਤੇ ਉਨ੍ਹਾਂ ਨੂੰ ਵਿਕਰੀ ਬੰਦ ਕਰਨ ਅਤੇ ਇਨ੍ਹਾਂ ਉਤਪਾਦਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਸੈਂਟਰ ਫਾਰ ਫੂਡ ਸੇਫਟੀ ਦੀਆਂ ਹਦਾਇਤਾਂ ਅਨੁਸਾਰ, ਵਿਤਰਕਾਂ ਅਤੇ ਦਰਾਮਦਕਾਰਾਂ ਨੇ ਪ੍ਰਭਾਵਿਤ ਉਤਪਾਦਾਂ ਨੂੰ ਵਾਪਸ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ।

ਸਿੰਗਾਪੁਰ ਦੇ ਅਧਿਕਾਰੀਆਂ ਨੇ ਐਵਰੈਸਟ ਦੇ ਫਿਸ਼ ਕਰੀ ਮਸਾਲਾ ਨੂੰ ਵਾਪਸ ਮੰਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਐਥੀਲੀਨ ਆਕਸਾਈਡ ਦੀ ਮਾਤਰਾ ਸੀਮਾ ਤੋਂ ਵੱਧ ਹੈ। ਐਥੀਲੀਨ ਆਕਸਾਈਡ ਇੱਕ ਕੀਟਨਾਸ਼ਕ ਹੈ। ਸਿੰਗਾਪੁਰ ਇਸ ਮਸਾਲੇ ਨੂੰ ਭਾਰਤ ਤੋਂ ਇਮਪੋਰਟ ਕਰਦਾ ਹੈ। ਸਿੰਗਾਪੁਰ ਫੂਡ ਏਜੰਸੀ ਨੇ ਦਰਾਮਦਕਾਰ ਐਸਪੀ ਮੁਥੀਆ ਐਂਡ ਸੰਨਜ਼ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਰਤੀ ਕੰਪਨੀ ਐਵਰੈਸਟ ਦੇ ਉਤਪਾਦ 80 ਤੋਂ ਵੱਧ ਦੇਸ਼ਾਂ ਵਿੱਚ ਸਪਲਾਈ ਕੀਤੇ ਜਾਂਦੇ ਹਨ।

ਬੀਤੇ ਦਿਨੀਂ ਇਹ ਖੁਲਾਸਾ ਹੋਇਆ ਸੀ ਕਿ ਐਫਐਮਸੀਜੀ  ਕੰਪਨੀ ਨੇਸਲੇ ਦੇ ਬੇਬੀ ਫੂਡ ਉਤਪਾਦਾਂ ਵਿੱਚ ਵਾਧੂ ਖੰਡ ਪਾਈ ਗਈ ਸੀ। ਸਵਿਟਜ਼ਰਲੈਂਡ ਦੇ ਪਬਲਿਕ ਆਈ ਅਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਨੈਸਲੇ ਭਾਰਤ ਸਮੇਤ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ 'ਵਿਚ ਵਿਕਣ ਵਾਲੇ ਬੇਬੀ ਉਤਪਾਦਾਂ 'ਵਿਚ ਵਾਧੂ ਖੰਡ ਮਿਲਾਉਂਦੀ ਹੈ। ਭਾਰਤ ਸਰਕਾਰ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ। ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਪਬਲਿਕ ਆਈ ਅਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ ਦੁਆਰਾ ਰਿਪੋਰਟ ਕੀਤੇ ਗਏ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਇਸ ਨੂੰ ਵਿਗਿਆਨਕ ਪੈਨਲ ਦੇ ਸਾਹਮਣੇ ਰੱਖਿਆ ਜਾਵੇਗਾ