ਜਿਸ ਵਿਹੜਿਓਂ ਪੁੱਤ ਸ਼ਹਾਦਤਾਂ ਲਈ ਤੋਰੇ ਉਸੇ ਵਿਹੜਿਓਂ ਅਕਾਲ ਪੁਰਖ ਦੇ ਚਰਨਾਂ ਵੱਲ ਗਈ ਮਾਤਾ ਨਿਰੰਜਨ ਕੌਰ
ਅੰਮ੍ਰਿਤਸਰ: ਭਾਰਤੀ ਫੌਜਾਂ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਕੇਂਦਰ ਬਣਾ ਪੰਜਾਬ 'ਤੇ ਕੀਤੇ ਹਮਲੇ ਮਗਰੋਂ ਭਾਰਤ ਤੋਂ ਪੰਜਾਬ ਨੂੰ ਅਜ਼ਾਦ ਕਰਵਾ ਕੇ 1849 ਵਿੱਚ ਅੰਗਰੇਜ਼ਾਂ ਵੱਲੋਂ ਕਬਜ਼ੇ ਵਿਚ ਕੀਤੇ ਗਏ ਸਿੱਖ ਰਾਜ ਨੂੰ ਮੁੜ ਕਾਇਮ ਕਰਨ ਲਈ ਚੱਲੇ ਹਥਿਆਰਬੰਦ ਸੰਘਰਸ਼ ਦੌਰਾਨ ਕੌਮ ਦੀ ਸੇਵਾ ਕਰਦਿਆਂ ਸ਼ਹੀਦ ਹੋਏ ਅਤੇ ਸਿੱਖ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਅਤਿ ਨਜ਼ਦੀਕੀ ਰਹੇ ਭਾਈ ਦਇਆ ਸਿੰਘ ਚੋਹਲਾ ਸਾਹਿਬ ਦੇ ਮਾਤਾ ਬੀਬੀ ਨਿਰੰਜਨ ਕੌਰ ਜੀ ਅਕਾਲ ਪੁਰਖ ਵੱਲੋਂ ਬਖਸ਼ੇ ਸਵਾਸਾਂ ਨੂੰ ਭੋਗਦਿਆਂ ਬੀਤੇ ਕੱਲ੍ਹ ਅਕਾਲ ਪੁਰਖ ਦੇ ਚਰਨੀਂ ਜਾ ਬਿਰਾਜੇ ਹਨ।
ਚੋਹਲਾ ਸਾਹਿਬ ਵਿੱਚ ਸਥਿਤ ਮਾਤਾ ਸੁਰਜੀਤ ਕੌਰ ਦਾ ਉੱਜੜਿਆ ਵਿਹੜਾ ਕੌਮ ਦੀਆਂ ਅਭੁੱਲ ਯਾਦਾਂ ਨੂੰ ਸਮੇਟੀ ਬੈਠਾ ਹੈ। ਆਮ ਨਜ਼ਰ ਪੈਂਦੀ ਫੋਟੋ ਵਿੱਚ ਮੰਜੇ ਤੇ ਆਸਣ ਲਾਈ ਬੈਠਾ ਕੌਮੀ ਜਰਨੈਲ ਬਾਬਾ ਮਾਨੋਚਾਹਲ ਜਿਸ ਵਿਹੜੇ ਵਿੱਚ ਬਿਰਾਜਮਾਨ ਹੈ, ਇਹ ਵਿਹੜਾ ਮਾਤਾ ਸੁਰਜੀਤ ਕੌਰ ਦੇ ਉਸ ਉੱਜੜੇ ਘਰ ਦਾ ਹੀ ਹੈ, ਜਿਥੇ 18 ਅਪ੍ਰੈਲ 2019 ਨੂੰ ਇਸ ਘਰ ਦੀ ਮਾਲਕ ਸਤਿਕਾਰਯੋਗ ਮਾਤਾ ਨਿਰੰਜਣ ਕੌਰ ਇਸ ਫਾਨੀ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ।
ਮਾਤਾ ਨਿਰੰਜਨ ਕੌਰ ਦੇ ਵਿਹੜੇ ਸਜਿਆ ਬੈਠਾ ਕੌਮੀ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਹਲ
ਮਾਤਾ ਜੀ ਦੇ ਛੋਟੇ ਸਪੁੱਤਰ ਭਾਈ ਕਰਤਾਰ ਸਿੰਘ ਜੀ ਨੇ ਦੱਸਿਆ ਕਿ "ਸਿੱਖ ਸੰਘਰਸ਼ ਦੇ ਬਾਬਾ ਬੋਹੜ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਭਾਈ ਦਇਆ ਸਿੰਘ ਜੀ ਚੋਹਲਾ ਪੱਗ-ਵੱਟ ਭਰਾ ਬਣੇ ਸਨ। ਉਹਨਾਂ ਦੱਸਿਆ ਕਿ ਸਿੱਖ ਸੰਘਰਸ਼ ਦਾ ਬਾਬਾ ਬੋਹੜ ਜਥੇਦਾਰ ਗੁਰਬਚਨ ਸਿੰਘ ਮਾਤਾ ਨੂੰ ਆਪਣੀ ਸਕੀ ਮਾਂ ਵਾਂਗ ਪਿਆਰ ਕਰਦਾ ਸੀ ਤੇ ਬਹੁਤ ਵਾਰ ਦਇਆ ਸਿੰਘ ਨੇ ਮਾਂ ਨੂੰ ਮੁਖਾਤਿਬ ਹੁੰਦਿਆਂ ਕਹਿ ਦੇਣਾਂ ਕਿ ਮਾਂ ਜੇ ਮੈਂ ਸ਼ਹੀਦ ਹੋ ਗਿਆ ਤੇ ਬਾਬਾ ਜੀ ਨੂੰ ਆਪਣਾ ਪੁੱਤ ਮੰਨੇਗੀ? ਮਾਂ ਨੇ ਗੁੱਸੇ ਹੋਣਾ ਪਰ ਕਾਦਰ ਦੀ ਕੁਦਰਤਿ ਸੱਚਮੁਚ ਜਦੋਂ ਭਾਈ ਦਇਆ ਸਿੰਘ ਜੀ ਸ਼ਹੀਦ ਹੋ ਗਏ, ਤਾਂ ਮਾਂ ਨੇ ਬਾਬਾ ਮਾਨੋਚਾਹਲ ਦੇ ਸਿਰ ਤੇ ਹੱਥ ਰੱਖ ਕਹਿ ਦਿੱਤਾ ਕਿ ਜਿਹੋ ਜਿਹਾ ਦਇਆ ਸਿੰਘ ਸੀ ਮੇਰੇ ਲਈ ਉਵੇਂ ਈ ਤੂੰ ਹੈ। ਬਾਬਾ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਹਾਲਾਤ ਜਿਆਦਾ ਹੀ ਖਰਾਬ ਹੋ ਗਏ ਸਨ ਉਦੋਂ ਮਾਤਾ ਨੂੰ ਵੀ ਪਰਿਵਾਰ ਸਮੇਤ ਘਰ ਛੱਡਣਾ ਪਿਆ। ਪਿਛਲੇ ਪੰਦਰਾਂ ਵੀਹ ਵਰ੍ਹਿਆਂ 'ਚ ਜਦੋਂ ਵੀ ਕਦੇ ਪਿੰਡ ਆਉਦੀ ਤਾਂ ਦੂਰੋਂ ਹੀ ਉਜੜਿਆ ਘਰ ਵੇਖ ਬੀਤੇ ਦੀਆਂ ਯਾਦਾਂ ਤਾਜਾ ਕਰ ਅੰਦਰੋ- ਅੰਦਰ ਅੱਖਾਂ ਚੋਂ ਹੰਝੂ ਵਹਾਉਦੀ।
ਮਾਤਾ ਨਿਰੰਜਨ ਕੌਰ ਪਿਛਲੇ ਕੁਝ ਸਮੇਂ ਤੋਂ ਗੁਰਦਿਆਂ ਦੇ ਰੋਗ ਤੋਂ ਪੀੜਤ ਹਸਪਤਾਲ 'ਚ ਦਾਖਲ ਸਨ। ਭਾਈ ਕਰਤਾਰ ਸਿੰਘ ਨੇ ਦੱਸਿਆ, "ਮਾਤਾ ਨੇ ਕਹਿਣਾ, ਪੁੱਤ ਕਰਤਾਰ ਮੈਨੂੰ ਦਰਿਆ ਚ ਰੋੜ੍ਹ ਦਿਓ। ਉਸ ਘਰ ਨਾ ਖੜਿਓ ਜਿਥੋਂ ਮੈਂ ਪੁੱਤ ਤੋਰੇ। ਉਸ ਉਜੜੇ ਘਰ ਵੱਲ ਵੇਖ ਮੇਰੀ ਆਤਮਾ ਦੁਖੀ ਹੁੰਦੀ ਹੈ।"
ਕਰਤਾਰ ਸਿੰਘ ਨੇ ਕਹਿਣਾ, "ਮਾਂ ਉਥੇ ਈ ਜਾਵਾਂਗੇ, ਜਿਥੇ ਬਾਬਾ ਅੰਮ੍ਰਿਤ ਵੇਲੇ ਸਮਾਧੀ ਲਾਉਂਦਾ ਸੀ। ਤੂੰ ਪ੍ਰਸ਼ਾਦ ਛਕਾਉਦੀ ਸੀ। ਤੇਰੀ ਅਧੂਰੀ ਦਾਸਤਾਨ ਉਸ ਘਰ ਵਿਚੋਂ ਸ਼ਮਸ਼ਾਨਘਾਟ ਤੱਕ ਦੇ ਸਫਰ ਨਾਲ ਹੀ ਪੂਰੀ ਹੋਵੇਗੀ।
ਸ਼ਹੀਦ ਭਾਈ ਦਇਆ ਸਿੰਘ ਚੋਹਲਾ ਸਾਹਿਬ
ਸ਼ਹੀਦ ਭਾਈ ਦਇਆ ਸਿੰਘ ਜੀ ਦੇ ਛੋਟੇ ਭਰਾਤਾ ਭਾਈ ਕਰਤਾਰ ਸਿੰਘ ਜੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਬਤੌਰ ਇੰਚਾਰਜ ਧਰਮ ਪ੍ਰਚਾਰ ਸੇਵਾਵਾਂ ਨਿਭਾਅ ਰਹੇ ਹਨ।
ਸ਼ਹੀਦ ਭਾਈ ਦਇਆ ਸਿੰਘ 10 ਜਨਵਰੀ 1988 ਨੂੰ ਪਿੰਡ ਵੰਨਚਿੜੀ ਵਿਖੇ ਭਾਰਤੀ ਸੁਰੱਖਿਆ ਬਲਾਂ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਏ ਸਨ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)