ਵਾਸ਼ਿੰਗਟਨ ਸਟੇਟ ਵਲੋਂ ਅਪ੍ਰੈਲ ਮਹੀਨਾ ਸਿੱਖ ਹੈਰੀਟੇਜ ਵਜੋਂ ਮਨਾਉਣ ਦਾ ਮਤਾ ਪਾਸ

ਵਾਸ਼ਿੰਗਟਨ ਸਟੇਟ ਵਲੋਂ ਅਪ੍ਰੈਲ ਮਹੀਨਾ ਸਿੱਖ ਹੈਰੀਟੇਜ ਵਜੋਂ ਮਨਾਉਣ ਦਾ ਮਤਾ ਪਾਸ

ਸਿਆਟਲ (ਗੁਰਚਰਨ ਸਿੰਘ ਢਿੱਲੋਂ): ਵਾਸ਼ਿੰਗਟਨ ਸਟੇਟ ਨੇ ਇਤਿਹਾਸ ਵਿਚ ਪਹਿਲੀ ਵਾਰ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਵਜੋਂ ਮਨਾਉਣ ਦਾ ਮਤਾ ਪਾਸ ਕਰਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕ ਭਾਰੀ ਗਿਣਤੀ ਵਿਚ ਉਲੰਪੀਆ ਪਹੁੰਚੇ, ਜਿਨ੍ਹਾਂ ਨੇ ਮਤਾ ਪਾਸ ਹੋਣ ਤੋਂ ਬਾਅਦ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। 

ਵਾਸ਼ਿੰਗਟਨ ਸਟੇਟ ਵਲੋਂ ਮਤਾ ਪਾਸ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਕੈਂਟ ਦੇ ਹੈਡਗ੍ਰੰਥੀ ਭਾਈ ਦਲਜੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਿਸ ਦਾ ਅਮਰਜੀਤ ਸਿੰਘ ਨੇ ਪੰਜਾਬੀ ਤੋਂ ਅੰਗਰੇਜ਼ੀ ਵਿਚ ਤਰਜ਼ਮਾ ਕਰਕੇ ਗੋਰਿਆਂ ਦੀ ਸਰਕਾਰ ਨੂੰ ਅਰਦਾਸ ਦੇ ਭਾਵ-ਅਰਥਾਂ ਬਾਰੇ ਜਾਣੂ ਕਰਵਾਇਆ ਤੇ ਵਾਸ਼ਿੰਗਟਨ ਸਟੇਟ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। 

ਇਸ ਕਾਰਜ ਲਈ ਮੰਨਾ ਦਾਸ, ਸਟੇਟ ਸੈਨੇਟਰ ਮਲਕਾ ਢੀਂਗਰਾ, ਸਿੱਟੀ ਕੌਂਸਲ ਮੈਂਬਰ ਕੈਂਟ, ਸਤਵਿੰਦਰ ਕੌਰ ਤੇ ਵੈਟਕਮ ਕਾਉਂਟੀ ਦੇ ਕੌਂਸਿਲ ਮੈਂਬਰ ਸਤਪਾਲ ਸਿੱਧੂ ਨੇ ਸ਼ਲਾਘਾਯੋਗ ਰੋਲ ਅਦਾ ਕੀਤਾ। 



ਗੁਰਦੁਆਰਾ ਸੱਚਾ ਮਾਰਗ ਦੇ ਸਕੱਤਰ ਹਰਸ਼ਿੰਦਰ ਸਿੰਘ ਸੰਧੂ, ਗੁਰਦੁਆਰਾ ਸਿੰਘ ਸਭਾ ਰੈਂਟਨ ਦੇ ਮੁੱਖ ਸੇਵਾਦਾਰ ਜਗਮੋਹਰ ਸਿੰਘ ਵਿਰਕ, ਸਕੱਤਰ ਅਵਤਾਰ ਸਿੰਘ ਆਦਮਪੁਰੀ, ਸਾਬਕਾ ਮੁੱਖ ਸੇਵਾਦਾਰ ਗੁਰਦੇਵ ਸਿੰਘ ਮਾਨ, ਯੂਨਾਈਟਿਡ ਸਿੱਖਜ਼ ਦੇ ਨੁਮਾਇੰਦੇ ਭਾਈ ਬਲਵੰਤ ਸਿੰਘ, ਤਨਵੀਰ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਬੀਬੀ ਚਾਵਲਾ, ਰਾਜਬੀਰ ਪੱਡਾ, ਸਤਪਾਲ ਸਿੰਘ ਪੁਰੇਵਾਲ, ਜਸਵਿੰਦਰ ਸਿੰਘ, ਜਗਦੇਵ ਸਿੰਘ ਧਾਲੀਵਾਲ, ਮਾਸਟਰ ਦਲਬੀਰ ਸਿੰਘ ਗੋਰਾਇਆ, ਪਹਿਲੇ ਫੌਜੀ ਅਫ਼ਸਰ ਗੁਰਪ੍ਰੀਤ ਸਿੰਘ ਗਿੱਲ, ਗੁਲਜ਼ਾਰ ਸਿੰਘ ਚਾਟੀਵਿੰਡ ਸਮੇਤ ਕਈ ਅਹਿਮ ਸ਼ਖਸੀਅਤਾਂ ਨੇ ਮਤਾ ਪਾਸ ਹੋਣ ‘ਤੇ ਖੁਸ਼ੀ ਮਨਾਈ ਤੇ ਵਧਾਈਆਂ ਦਿੱਤੀਆਂ।

7 ਗੋਰੇ ਸੈਨੇਟਰਾਂ ਨੇ ਆਪਣੇ ਆਪਣੇ ਭਾਸ਼ਣਾਂ ਵਿਚ ਸਿੱਖ ਭਾਈਚਾਰੇ ਵਲੋਂ ਕੀਤੀ ਸਖਤ ਮਿਹਨਤ ਅਤੇ ਇਮਾਨਦਾਰੀ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਸਿੱਖ ਕੌਮ ਨੇ ਅਮਰੀਕਾ ਦੀ ਆਰਥਕ ਵਿਵਸਥਾ ਵਿਚ ਵੱਡਾ ਯੋਗਦਾਨ ਪਾਇਆ ਹੈ।