ਪੰਜਾਬ ਸੰਤਾਪ ਦੌਰਾਨ ਕਈ ਕਲਾਕਾਰਾਂ ਦੇ ਕਤਲ ਹੋਏ
ਪੰਜਾਬ ਦੇ ਸੰਤਾਪ ਦੌਰ ਵਿੱਚ 1988 ਦੇ ਉਸੇ ਮਾਰਚ ਮਹੀਨੇ ਨੌਜਵਾਨ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਸਾਥਣ ਬੀਬਾ ਅਮਰਜੋਤ ਕੌਰ ਤੋਂ ਇਲਾਵਾ ਦੋ ਸਾਜ਼ਿੰਦਿਆਂ ਦਾ ਵੀ ਕਤਲ ਹੋਇਆ।
ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜਦੋਂ ਪਿੰਡ ਮਹਿਸਾਸਪੁਰ ਵਿੱਚ 8 ਮਾਰਚ 1988 ਨੂੰ ਦੁਪਹਿਰ ਦੋ ਵਜੇ ਅਖਾੜਾ ਲਗਾ ਰਹੇ ਸਨ ਤਾਂ ਉਨ੍ਹਾਂ ਨੂੰ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਚਮਕੀਲੇ ਦੀ ਗਾਇਕੀ ਕਿਸ ਪੱਧਰ ਦੀ ਸੀ, ਵੱਖਰਾ ਮਾਮਲਾ ਹੈ, ਉਸ ਦੀ ਮਕਬੂਲੀਅਤ ਦੀ ਉਨ੍ਹਾਂ ਸਮਿਆਂ ਦੇ ਪੇਂਡੂ ਪੰਜਾਬ ਵਿੱਚ ਤੂਤੀ ਬੋਲਦੀ ਸੀ।
ਪੰਜਾਬੀ ਫਿਲਮੀ ਅਦਾਕਾਰ ਵਰਿੰਦਰ ਜਿਸ ਨੇ 12 ਵਰ੍ਹਿਆਂ ਦੇ ਫ਼ਿਲਮੀ ਸਫ਼ਰ ਦੌਰਾਨ 25 ਦੇ ਕਰੀਬ ਮਕਬੂਲ ਪੰਜਾਬੀ ਫ਼ਿਲਮਾਂ ਦਿੱਤੀਆਂ, ਵੀ 6 ਦਸੰਬਰ 1988 ਨੂੰ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੀ। ਵਰਿੰਦਰ ਦੀ ਫਿਲਮ ‘ਜੱਟ ਤੇ ਜ਼ਮੀਨ’ ਦੀ ਲੁਧਿਆਣਾ ਦੇ ਪਿੰਡ ਤਲਵੰਡੀ ਵਿੱਚ ਸ਼ੂਟਿੰਗ ਚੱਲ ਰਹੀ ਸੀ। ਅਣਪਛਾਤਿਆਂ ਨੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ।
ਪੰਜਾਬੀ ਗਾਇਕ ਦਿਲਸ਼ਾਦ ਅਖ਼ਤਰ ਨੂੰ ਵੀ ਇਸੇ ਰਾਹ ਜਾਣਾ ਪਿਆ ਸੀ। ਉਨ੍ਹਾਂ ਦਿਨਾਂ ਵਿੱਚ ਕਾਲਜਾਂ ਤੇ ’ਵਰਸਿਟੀਆਂ ਦੇ ਹੋਸਟਲਾਂ ਵਿੱਚ ਦਿਲਸ਼ਾਦ ਅਖ਼ਤਰ ਦੇ ਗੀਤਾਂ ਦੀ ਧਮਕ ਪੈਂਦੀ ਸੀ। 30 ਵਰ੍ਹਿਆਂ ਦੀ ਉਮਰ ਹੀ ਦਿਲਸ਼ਾਦ ਅਖ਼ਤਰ ਜ਼ਿੰਦਗੀ ਤੋਂ ਹੱਥ ਧੋ ਬੈਠਿਆ ਸੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਇੱਕ ਸ਼ਰਾਬੀ ਡੀਐੱਸਪੀ ਨੇ ਏਕੇ 47 ਨਾਲ ਬੁਛਾੜ ਕਰਕੇ ਨੌਜਵਾਨ ਗਾਇਕ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਇਹ ਘਟਨਾ 28 ਜਨਵਰੀ, 1996 ਨੂੰ ਵਾਪਰੀ ਸੀ, ਜਦੋਂ ਸ਼ਰਾਬੀ ਡੀਐਸਪੀ ਨੇ ਜ਼ਿੱਦ ਕੀਤੀ ਕਿ ਦਿਲਸ਼ਾਦ ‘ਨੱਚੀ ਜੋ ਸਾਡੇ ਨਾਲ’ ਗੀਤ ਸੁਣਾਵੇ। ਦਿਲਸ਼ਾਦ ਅਖ਼ਤਰ ਨੇ ਇਸ ਕਰਕੇ ਨਾਂਹ ਕਰ ਦਿੱਤੀ ਕਿ ਉਹ ਕਿਸੇ ਹੋਰ ਗਾਇਕ ਦਾ ਗੀਤ ਨਹੀਂ ਗਾਉਂਦਾ ਕਿਉਂਕਿ ਇਹ ਗੀਤ ਹੰਸ ਰਾਜ ਹੰਸ ਦਾ ਗਾਇਆ ਹੋਇਆ ਸੀ। ਹੋਰ ਕਿੰਨੇ ਹੀ ਗਾਇਕ ਹਮਲਿਆਂ ਦੇ ਸ਼ਿਕਾਰ ਹੋਏ.
ਫਿਲਮ ‘ਚਮਕੀਲਾ’ ਕਾਰਨ ਮੁੜ ਚਰਚਾ ਦਾ ਵਿਸ਼ਾ ਬਣਿਆ ਪਿੰਡ ਮਹਿਸਮਪੁਰ
ਇਮਤਿਆਜ਼ ਅਲੀ ਦੀ ਫਿਲਮ ‘ਚਮਕੀਲਾ’ ਕਾਰਨ ਪਿੰਡ ਮਹਿਸਮਪੁਰ ਅਤੇ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਦਿਲਜੀਤ ਦੋਸਾਂਝ ਚਰਚਾ ਵਿੱਚ ਹੈ। ਪਿੰਡ ਮਹਿਸਮਪੁਰ ਅਤੇ ਦਿਲਜੀਤ ਦੋਸਾਂਝ ਦਾ ਪਿੰਡ ਦੋਸਾਂਝ ਕਲਾਂ ਦੋਵੇਂ ਪਿੰਡ ਤਹਿਸੀਲ ਫਿਲੌਰ ਵਿੱਚ ਪੈਂਦੇ ਹਨ। ਦਿਲਜੀਤ ਨੇ ਫਿਲਮ ਦੀ ਸ਼ੂਟਿੰਗ ਪਿੰਡ ਮਹਿਸਮਪੁਰ ਵਿੱਚ ਕੀਤੀ। ਪਿੰਡ ਮਹਿਸਮਪੁਰ ਦੇ ਗਰਦਾਵਰ ਸਿੰਘ ਨੇ ਦੱਸਿਆ ਕਿ ਇੱਥੇ 8 ਮਾਰਚ 1988 ਨੂੰ ਸਟੀਫਨ ਦੇ ਵਿਆਹ ਸਮਾਗਮ ਵਿਚ ਚਮਕੀਲਾ ਅਤੇ ਅਮਰਜੋਤ ਨੇ ਗਾਉਣਾ ਸੀ। ਸਟੀਫਨ ਦਾ ਪਰਿਵਾਰ ਕੈਨੇਡਾ ਤੋਂ ਵਿਆਹ ਲਈ ਇੱਥੇ ਆਇਆ ਸੀ। ਪਿੰਡੋਂ ਬਾਹਰ ਖੇਤਾਂ ਵਿੱਚ ਜਿਸ ਚੁਬਾਰੇ ਵਿਚ ਬੈਠ ਕੇ ਇਸ ਜੋੜੀ ਨੇ ਆਖਰੀ ਵਾਰ ਰੋਟੀ ਖਾਧੀ ਸੀ, ਉਸ ਥਾਂ ’ਤੇ 8 ਮਾਰਚ ਵਾਲੇ ਦਿਨ ਕੁੱਝ ਕੁ ਚਮਕੀਲੇ ਨੂੰ ਚਾਹੁਣ ਵਾਲੇ ਲੋਕ ਆਉਂਦੇ ਹਨ। ਜਿਸ ਘਰ ਵਿੱਚ ਵਿਆਹ ਸੀ, ਉਹ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ। ਸ਼ੂਟਿੰਗ ਕਰਨ ਵੇਲੇ ਇਸ ਘਰ ਨੂੰ ਲੋੜ ਮੁਤਾਬਕ ਰੰਗ ਦਿੱਤਾ ਗਿਆ। 1988 ਦੌਰਾਨ ਪਿੰਡ ਮੁਠੱਡਾ ਖੁਰਦ ਤੋਂ ਪਿੰਡ ਮਹਿਸਮਪੁਰ ਨੂੰ ਜਾਣ ਵਾਲਾ ਇਹ ਰਸਤਾ ਕੱਚਾ ਸੀ। ਫਿਲਮ ਦੇ ਸੀਨ ਮੁਤਾਬਕ ਇਸ ਰਸਤੇ ਨੂੰ ਕੱਚਾ ਦਿਖਾਉਣ ਲਈ ਪੱਕੀ ਸੜਕ ’ਤੇ ਮਿੱਟੀ ਪਾ ਦਿੱਤੀ ਗਈ ਸੀ। ਸੀਨ ਦਿਖਾਉਣ ਵੇਲੇ ਭੱਜਦੇ ਲੋਕਾਂ ਦੀਆਂ ਨਿਕਲੀਆਂ ਚੱਪਲਾਂ ਹਾਲੇ ਵੀ ਲੋਕਾਂ ਦੇ ਚੇਤਿਆਂ ਵਿੱਚ ਕਾਇਮ ਹਨ ਜਿਸ ਬਾਰੇ ਇਲਾਕੇ ਦੇ ਲੋਕ ਅਕਸਰ ਦੱਸਦੇ ਹਨ। ਪਿੰਡ ਮੁਠੱਡਾ ਕਲਾਂ ਦਾ ਇੱਕ ਵਿਅਕਤੀ ਹਾਲੇ ਵੀ ਇਸ ਘਟਨਾ ਦਾ ਗਵਾਹ ਹੈ, ਜਿਹੜਾ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਸਦਮੇ ਵਿਚ ਚਲਾ ਗਿਆ ਸੀ। ਅੱਜ ਵੀ ਉਹ ਘਟਨਾ ਨੂੰ ਯਾਦ ਕਰ ਲੈਂਦਾ ਹੈ ਤਾਂ ਬਿਨਾਂ ਲੋੜ ਤੋਂ ਬੋਲਦਾ ਰਹਿੰਦਾ ਅਤੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ।
Comments (0)