ਡੋਨਲਡ ਟਰੰਪ ਨੂੰ ਝਟਕਾ ਜੱਜ ਨੇ ਚੋਣ ਦਖਲਅੰਦਾਜੀ ਮਾਮਲੇ ਵਿਚ ਦੋਸ਼ ਰੱਦ ਕਰਨ ਦੀ ਬੇਨਤੀ ਠੁਕਰਾਈ

ਡੋਨਲਡ ਟਰੰਪ ਨੂੰ ਝਟਕਾ ਜੱਜ ਨੇ ਚੋਣ ਦਖਲਅੰਦਾਜੀ ਮਾਮਲੇ ਵਿਚ ਦੋਸ਼ ਰੱਦ ਕਰਨ ਦੀ ਬੇਨਤੀ ਠੁਕਰਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਜਾਰਜੀਆ ਦੇ ਇਕ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਦਖਲਅੰਦਾਜੀ ਮਾਮਲੇ ਵਿਚ ਦੋਸ਼ ਰੱਦ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ ਤੇ ਆਦੇਸ਼ ਦਿੱਤਾ ਕਿ ਦੋਸ਼ ਰੱਦ ਕਰਨ ਦੀ ਬਜਾਏ ਇਕ ਜਿਊਰੀ ਇਸ ਸਬੰਧੀ ਫੈਸਲਾ ਲਵੇ ਕਿ ਕੀ ਸਾਬਕਾ ਰਾਸ਼ਟਰਪਤੀ ਨੇ ਕਾਨੂੰਨ ਤੋੜਿਆ ਹੈ? ਵਕੀਲ ਨੇ ਦਲੀਲ ਦਿੱਤੀ ਕਿ ਪਹਿਲੀ ਸੋਧ ਟਰੰਪ ਨੂੰ ਚੋਣਾਂ ਵਿਚ ਦਖਲਅੰਦਾਜੀ ਕਰਨ ਦੇ ਦੋਸ਼ਾਂ ਤੋਂ ਰਾਹਤ ਦਿੰਦੀ ਹੈ ਕਿਉਂਕਿ ਵੱਡੀ ਪੱਧਰ ਉਪਰ ਹੋਈ ਚੋਣ ਧਾਂਦਲੀ ਦਾ ਉਨਾਂ ਦਾ ਦਾਅਵਾ ਰਾਜਸੀ ਭਾਸ਼ਣ ਸੀ। ਟਰੰਪ ਦੇ ਵਕੀਲ ਸਟੀਵ ਸੈਡੋਅ ਨੇ ਦਲੀਲ ਦਿੱਤੀ ਕਿ ਦੋਸ਼ ਰੱਦ ਕੀਤੇ ਜਾਣ ਕਿਉਂਕਿ ਟਰੰਪ ਇਕ ਰਾਸ਼ਟਰਪਤੀ ਵਜੋਂ ਰਾਜਨੀਤੀ ਬਾਰੇ ਗੱਲ ਕਰ ਰਿਹਾ ਸੀ। ਵਕੀਲ ਨੇ ਕਿਹਾ ਕਿ ਜੇਕਰ ਟਰੰਪ ਨੇ ਝੂਠਾ ਬਿਆਨ ਦਿੱਤਾ ਸੀ ਜਿਵੇਂ ਕਿ ਦੋਸ਼ ਲਾਇਆ ਗਿਆ ਹੈ ਤਾਂ ਵੀ ਇਸ ਰਾਜਸੀ ਬਹਿਸ ਲਈ ਉਹ ਰਾਹਤ ਦਾ ਹੱਕਦਾਰ ਹੈ। ਫਲਟਨ ਕਾਊਂਟੀ ਸੁਪੀਰੀਅਰ ਜੱਜ ਸਕਾਟ ਮੈਕਾਫੀ ਨੇ ਆਦੇਸ਼ ਦਿੱਤਾ ਕਿ ਪਹਿਲੀ ਸੋਧ ਉਸ ਭਾਸ਼ਣ ਦਾ ਬਚਾਅ ਨਹੀਂ ਕਰਦੀ ਜੋ ਭਾਸ਼ਣ ਅਪਰਾਧ ਦਾ ਹਿੱਸਾ ਹੋਵੇ। ਇਸ ਲਈ ਜਿਊਰੀ ਫੈਸਲਾ ਲਵੇ ਕਿ ਟਰੰਪ ਦੇ ਮਾਮਲੇ ਵਿਚ ਕੀ ਅਜਿਹਾ ਹੋਇਆ ਹੈ। ਮੈਕਾਫੀ ਨੇ ਆਪਣੇ ਆਦੇਸ਼ ਵਿਚ ਲਿਖਿਆ ਹੈ ਕਿ ''ਇਹ ਦੋਸ਼ ਕਿ ਮੁਲਜਿਮ ਦੇ ਭਾਸ਼ਣ ਜਾਂ ਵਿਵਹਾਰ ਵਿਚ ਅਪਰਾਧਕ ਇਰਾਦਾ ਸ਼ਾਮਿਲ ਸੀ ਇਹ ਇਕ ਅਜਿਹਾ ਮਾਮਲਾ ਹੈ ਜਿਸ ਨੂੰ ਜਿਊਰੀ ਹੀ ਹਲ ਕਰ ਸਕਦੀ ਹੈ।'' ਇਸ ਉਪਰੰਤ ਸਾਬਕਾ ਰਾਸ਼ਟਰਪਤੀ ਦੇ ਵਕੀਲ ਨੇ ਕਿਹਾ ਕਿ ਅਸੀਂ ਮੈਕਾਫੀ ਦੇ ਆਦੇਸ਼ ਨਾਲ ਸਨਮਾਨ ਸਹਿਤ ਅਸਹਿਮ ਹਾਂ ਤੇ ਸੰਭਾਵੀ ਤੌਰ 'ਤੇ ਇਸ ਮੁੱਦੇ ਨੂੰ ਫਿਰ ਉਠਾਇਆ ਜਾਵੇਗਾ।