ਸਿੱਖ ਆਗੂਆਂ ਦੀਆਂ ਗਿ੍ਫਤਾਰੀਆਂ ਕਾਰਨ ਨਹੀਂ ਸਜਾਇਆ ਜਾ ਸਕਿਆ 'ਖ਼ਾਲਸਾ ਚੇਤਨਾ ਮਾਰਚ'

ਸਿੱਖ ਆਗੂਆਂ ਦੀਆਂ ਗਿ੍ਫਤਾਰੀਆਂ ਕਾਰਨ ਨਹੀਂ ਸਜਾਇਆ ਜਾ ਸਕਿਆ 'ਖ਼ਾਲਸਾ ਚੇਤਨਾ ਮਾਰਚ'

ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਹੋਰ ਸਿੰਘ ਗਿ੍ਫ਼ਤਾਰ

*ਸ੍ਰੋਮਣੀ ਕਮੇਟੀ ਤੇ ਜਥੇਦਾਰਾਂ ਨੇ ਪੰਜਾਬ ਸਰਕਾਰ ਨੂੰ ਕੀਤੀ ਤਾੜਨਾ

*ਜਥੇਦਾਰ ਵਡਾ ਇਕੱਠ ਕਰਕੇ ਫੈਸਲਾ ਲੈਣ-ਤਰਸੇਮ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਤਲਵੰਡੀ ਸਾਬੋ- ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਅਤੇ ਸਾਥੀਆਂ ਸਮੇਤ ਪੰਜਾਬ ਦੀ ਜੇਲ ਵਿਚ ਤਬਦੀਲ ਕਰਨ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਬੰਦੀ ਸਿੰਘਾਂ ਦੇ ਮਾਪਿਆਂ ਵਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ ਜਾਣ ਵਾਲਾ 'ਖ਼ਾਲਸਾ ਚੇਤਨਾ ਮਾਰਚ' ਸਿੱਖ ਆਗੂਆਂ ਦੀ ਬੀਤੀ ਦਿਨਾਂ ਤੋਂ ਪੁਲਿਸ ਵਲੋਂ ਫੜੋ-ਫੜੀ ਕਾਰਨ  ਨਹੀਂ ਸਜਾਇਆ ਜਾ ਸਕਿਆ ਅਤੇ  ਸਾਰਾ ਦਿਨ ਇਤਿਹਾਸਕ ਨਗਰ ਤਲਵੰਡੀ ਸਾਬੋ ਪੁਲਿਸ ਛਾਉਣੀ ਬਣਿਆ ਰਿਹਾ । ਤਖਤ ਸਾਹਿਬ ਕੰਪਲੈਕਸ ਦੇ ਅੰਦਰ ਵੱਡੀ ਗਿਣਤੀ ਚਿੱਟ ਕੱਪੜੀਏ ਪੁਲਿਸ ਮੁਲਾਜ਼ਮ ਘੁੰਮਦੇ ਦਿਖਾਈ ਦਿੱਤੇ ।

ਦੱਸਣਾ ਬਣਦਾ ਹੈ ਕਿ 'ਖ਼ਾਲਸਾ ਚੇਤਨਾ ਮਾਰਚ' ਦੇ ਮੱਦੇਨਜ਼ਰ ਪੁਲਿਸ ਵਲੋਂ ਬੀਤੇ ਦਿਨੀਂ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ , ਚਾਚਾ ਸੁਖਚੈਨ ਸਿੰਘ ਤੇ 4 ਹੋਰਾਂ ਨੂੰ ਸਮੇਤ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਜਾਂ ਤਾਂ ਗਿ੍ਫ਼ਤਾਰ ਕਰ ਲਿਆ ਗਿਆ ਜਾਂ ਫਿਰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ । ਉੱਧਰ  ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ ਅਕਾਲੀ ਦਲ ਅੰਮਿ੍ਤਸਰ (ਫਤਹਿ) ਦੇ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਵੀ ਤੜਕਸਾਰ ਪੁਲਿਸ ਵਲੋਂ ਫੜ ਕੇ ਫ਼ਰੀਦਕੋਟ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਦੋ ਹੋਰ ਸਾਥੀਆਂ ਸਮੇਤ ਉਨ੍ਹਾਂ ਦੀ ਭੈਣ ਦੇ ਘਰ ਨਜ਼ਰਬੰਦ ਕਰ ਦਿੱਤਾ ਗਿਆ ।  

ਅੰਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਬਲਵਿੰਦਰ ਕੌਰ ਨੇ ਦਮਦਮਾ ਸਾਹਿਬ ਤੋਂ ਨਿਕਲ ਰਹੇ ਚੇਤਨਾ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਜਾਣਾ ਸੀ। ਜਦੋਂ ਇੱਥੋਂ ਨਿਕਲੇ ਹਨ ਤਾਂ ਅੰਮ੍ਰਿਤਸਰ ਵਿੱਚ ਕਿਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਗੁਰਮਤਿ ਚੇਤਨਾ ਮਾਰਚ ਨੂੰ ਫੇਲ੍ਹ ਕਰਨ ਲਈ ਹੀ ਸਰਕਾਰ ਨੇ ਇਹ ਸਾਰਾ ਅਡੰਬਰ ਕੀਤਾ ।ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਨਸ਼ਿਆ ਤੋਂ ਬਚਾਉਣ ਲਈ, ਉਨ੍ਹਾਂ ਦੇ ਭਲੇ ਲਈ ਇਹ ਮਾਰਚ ਹੋ ਰਿਹਾ ਅਤੇ ਸ਼ਾਇਦ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਨਸ਼ਿਆਂ ਤੋਂ ਬਚੇ ਰਹਿਣ। ਜੇ ਕੋਈ ਅਵਾਜ਼ ਚੁੱਕਦਾ ਹੈ ਤਾਂ ਉਸ ਨੂੰ ਡਰਾ-ਧਮਕਾ ਕੇ ਰੋਕ ਦਿੱਤਾ ਜਾਂਦਾ।ਉਨ੍ਹਾਂ ਨੇ ਕਿਹਾ, "ਇਹ ਧਰਮ ਵਿੱਚ ਸਿੱਧੀ ਦਖ਼ਲਅੰਦਾਜ਼ੀ ਹੈ। ਸਾਰੀਆਂ ਧਾਰਮਿਕ ਜਥੇਬੰਦੀਆਂ, ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਹੋਰ ਜਥੇਦਾਰਾਂ ਨੂੰ ਇਸ ਮਾਮਲੇ ਵਿੱਚ ਵੱਡਾ ਇਕੱਠਾ ਕਰ ਕੇ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ।"

 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਗਿਆਨੀ ਰਘਬੀਰ ਸਿੰਘ ,ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ  ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਖੋ ਵਖ ਬਿਆਨਾਂ ਰਾਹੀਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਦੀ ਕਾਰਵਾਈ ’ਤੇ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਬਿਨਾਂ ਵਜ੍ਹਾ ਮਾਹੌਲ ਵਿਚ ਤਲਖੀ ਪੈਦਾ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤੇ ਸਰਕਾਰ ਨੂੰ ਤੁਰੰਤ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ।ਖਾਲਸਾ ਚੇਤਨਾ ਮਾਰਚ ਨੂੰ ਰੋਕਣ ਵਾਸਤੇ ਸਿੱਖ ਨੌਜਵਾਨਾਂ ਦੇ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਦੀ ਫੜੋ ਫੜਾਈ ਸਰਕਾਰ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਵਿਚ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ, ਉਹ ਆਉਣ ਵਾਲੇ ਸਮੇਂ ਵਿਚ ਘੱਟ ਗਿਣਤੀਆਂ ਲਈ ਖ਼ਤਰੇ ਦੀ ਨਿਸ਼ਾਨੀ ਹੈ ।ਸਿੰਘ ਸਾਹਿਬ ਨੇ ਇਸ ਮੌਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਦਮਦਮਾ ਸਾਹਿਬ ਵਿਖੇ ਵਿਸਾਖੀ ਜੋੜ ਮੇਲੇ ਮੌਕੇ ਭੈਅ ਦਾ ਮਾਹੌਲ ਬਣਾਉਣ ਤੋਂ ਗੁਰੇਜ਼ ਕਰੇ ।

ਇਸ ਵੇਲੇ ਅੰਮ੍ਰਿਤਪਾਲ ਸਿੰਘ ਦੇ ਨਾਲ ਐੱਨਐੱਸਏ ਦੇ ਤਹਿਤ 9 ਸਿੱਖ ਦਲਜੀਤ ਸਿੰਘ ਕਲਸੀ, ਪਪਲਪ੍ਰੀਤ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ, ਭਗਵੰਤ ਸਿੰਘ, ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਔਜਲਾ  ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਚੇਤਨਾ ਮਾਰਚ ਦੀ ਨਹੀਂ ਲਈ ਸੀ ਪ੍ਰਵਾਨਗੀ- ਏ.ਡੀ.ਜੀ.ਪੀ

 ਇਸੇ ਦੌਰਾਨ ਗੱਲਬਾਤ ਕਰਦਿਆਂ ਏ.ਡੀ.ਜੀ.ਪੀ. ਐਸ.ਪੀ.ਐਸ. ਪਰਮਾਰ ਨੇ ਅਜ਼ੀਬ ਤਰਕ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਕਾਰਨ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲੱਗਾ ਹੋਇਆ ਹੈ, ਇਸ ਲਈ ਮਾਰਚ ਦੇ ਪ੍ਰਬੰਧਕਾਂ ਨੂੰ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਬਣਦੀ ਸੀ, ਪਰ ਪ੍ਰਬੰਧਕਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮਾਰਚ ਕੱਢਣ ਬਾਰੇ ਲਈ ਕੋਈ ਪ੍ਰਵਾਨਗੀ ਪੇਸ਼ ਨਹੀਂ ਕੀਤੀ । ਉਨ੍ਹਾਂ ਨੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਗੁਰਦੁਆਰਾ ਕੰਪਲੈਕਸ 'ਚੋਂ ਗਿ੍ਫ਼ਤਾਰ ਕਰਨ ਦੇ ਦਾਅਵਿਆਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਪੁਲਿਸ ਕਦੇ ਗੁਰਦੁਆਰਾ ਸਾਹਿਬ ਵਿਚ ਨਹੀਂ ਵੜਦੀ ।ਉਨ੍ਹਾਂ ਇਹ ਵੀ ਕਿਹਾ ਕਿ ਸੰਗਤ ਵਿਸਾਖੀ ਜੋੜ ਮੇਲੇ ਮੌਕੇ ਪੁਜ ਰਹੀ ਹੈ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਕਿਸੇ ਕਿਸਮ ਦੀ ਗਤੀਵਿਧੀ ਨਹੀਂ ਕਰਨ ਦਿੱਤੀ ਜਾਵੇਗੀ ।