ਨਿਰਮਲਾ ਸੀਤਾਰਮਨ ਨੇ ਬਤੌਰ ਪਹਿਲੀ ਔਰਤ ਵਿੱਤ ਮੰਤਰੀ ਭਾਰਤ ਦਾ ਸਾਲਾਨਾ ਬਜਟ ਪੇਸ਼ ਕੀਤਾ
ਨਵੀਂ ਦਿੱਲੀ: ਮੋਦੀ ਦੀ ਅਗਵਾਈ ਵਿੱਚ ਦੂਜੀ ਵਾਰ ਭਾਰਤ ਦੀ ਕੇਂਦਰੀ ਸੱਤਾ 'ਤੇ ਕਾਬਜ਼ ਹੋਣ ਮਗਰੋਂ ਸਰਕਾਰ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਰਕਾਰ ਦਾ ਪਹਿਲਾ ਬਜਟ ਭਾਰਤ ਦੀ ਲੋਕ ਸਭਾ ਵਿੱਚ ਪੇਸ਼ ਕੀਤਾ।
ਇਸ ਬਜਟ ਵਿੱਚ ਪੈਟਰੋਲ ਅਤੇ ਡੀਜ਼ਲ ਉੱਤੇ 1 ਰੁਪਏ ਪ੍ਰਤੀ ਲੀਟਰ ਦਾ ਸੈੱਸ ਲਾਉਣ ਦਾ ਫੈਂਸਲਾ ਕੀਤਾ ਗਿਆ ਹੈ ਤੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ ਗਈ ਹੈ।
ਹੁਣ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਦੀ ਥਾਂ ਅਧਾਰ ਕਾਰਡ ਵੀ ਵਰਤਿਆ ਜਾ ਸਕੇਗਾ।
ਇਸ ਵਾਰ ਦੇ ਬਜਟ ਵਿੱਚ ਟੈਕਸ ਸਲੈਬਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਪਰ 2-5 ਕਰੋੜ ਰੁਪਏ ਆਮਦਨ 'ਤੇ 3 ਫੀਸਦੀ ਟੈਕਸ ਵਧਾ ਦਿੱਤਾ ਗਿਆ ਹੈ ਜਦਕਿ 5 ਕਰੋੜ ਤੋਂ ਵੱਧ ਆਮਦਨ 'ਤੇ 7 ਫੀਸਦੀ ਟੈਕਸ ਵਧਾ ਦਿੱਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ ਬੈਂਕਾਂ ਵਿੱਚ ਇਸ ਵਰ੍ਹੇ 70,000 ਕਰੋੜ ਰੁਪਏ ਦੀ ਪੂੰਜੀ ਪਾਉਣ ਦਾ ਵਿਚਾਰ ਬਣਾਇਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ 2024 ਤੱਕ "ਹਰ ਘਰ ਜੱਲ" ਪਹੁੰਚਾਉਣ ਲਈ ਨੀਤੀ 'ਤੇ ਕੰਮ ਕਰ ਰਹੀ ਹੈ ਤੇ 10,000 ਨਵੀਆਂ ਕਿਸਾਨ ਉਤਪਾਦਕ ਸੰਸਥਾਵਾਂ ਬਣਾਈਆਂ ਜਾਣਗੀਆਂ, ਅਕਤੂਬਰ 2014 ਤੋਂ ਹੁਣ ਤੱਕ 9.6 ਕਰੋੜ ਪਖਾਨੇ ਬਣਾਏ ਜਾ ਚੁੱਕੇ ਹਨ। ਉਹਨਾਂ ਕਿਹਾ ਕਿ 2018 ਤੋਂ 2030 ਤੱਕ ਰੇਲਵੇ ਨੂੰ 50 ਲੱਖ ਕਰੋੜ ਰੁਪਏ ਦੀ ਲੋੜ ਹੈ। ਉਹਨਾਂ ਦੇਸ਼ ਦੀ ਊਰਜਾ ਦਾ ਕੇਂਦਰੀਕਰਨ ਕਰਨ ਵੱਲ ਇਸ਼ਾਰਾ ਕਰਦਿਆਂ , "ਇੱਕ ਰਾਸ਼ਟਰ, ਇੱਕ ਗਰਿੱਡ" ਨੀਤੀ ਲਾਗੂ ਕਰਨ ਦੀ ਗੱਲ ਕਹੀ।
1,2, 5, 10 ਅਤੇ 20 ਰੁਪਏ ਦੇ ਨਵੇਂ ਸਿੱਕੇ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਅੱਖਾਂ ਤੋਂ ਸੂਰਮੇ ਲੋਕਾਂ ਨੂੰ ਪਛਾਣ ਕਰਨ ਵਿੱਚ ਮਦਦਗਾਰ ਹੋਣਗੇ।
ਸਰਕਾਰ ਨੇ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਹੁਲਾਰਾ ਦੇਣ ਲਈ ਇਹਨਾਂ ਗੱਡੀਆਂ 'ਤੇ ਜੀਐੱਸਟੀ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦਾ ਫੈਂਸਲਾ ਕੀਤਾ ਹੈ ਅਤੇ ਇਹਨਾਂ ਗੱਡੀਆਂ ਲਈ ਲਏ ਲੋਨ ਦੇ ਬਿਆਜ 'ਤੇ ਇਨਕਮ ਟੈਕਸ ਛੋਟ ਦੇਣ ਦਾ ਐਲਾਨ ਕੀਤਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ 2013-14 ਵਿੱਚ ਟੈਕਸ ਵਸੂਲੀ ਜੋ 6.37 ਲੱਖ ਕਰੋੜ ਸੀ ਉਹ 2018-19 ਵਿੱਚ ਵੱਧ ਕੇ 11.37 ਲੱਖ ਕਰੋੜ ਹੋ ਗਈ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)