ਗੁਰੂ ਨਾਨਕ ਸਾਹਿਬ ਦੇ ਲਾਂਘੇ 'ਤੇ ਬਿਪਰਵਾਦੀ ਪਰਛਾਵਾਂ; 'ਭੂਮੀ ਪੂਜਨ' ਕਰਕੇ ਸ਼ੁਰੂ ਕੀਤਾ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ

ਡੇਰਾ ਬਾਬਾ ਨਾਨਕ: ਬਿਪਰਵਾਦੀ ਕਰਮ ਕਾਂਡ ਤੋਂ ਨਿਆਰੀ ਮਰਿਯਾਦਾ ਅਤੇ ਜੀਵਨ ਜਾਚ ਬਖਸ਼ ਕੇ ਤੀਜਾ ਪੰਥ (ਖਾਲਸਾ ਪੰਥ) ਚਲਾਉਣ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਦੋ ਸਥਾਨਾਂ ਵਿਚਕਾਰ ਲੱਗੀ ਕੰਡਿਆਲੀ ਤਾਰ ਨੂੰ ਪੁੱਟਣ ਲਈ ਜੇ ਹੁਣ ਸਿੱਖਾਂ ਦੀਆਂ ਕਈ ਦਹਾਕਿਆਂ ਦੀਆਂ ਅਰਦਾਸਾਂ ਮਗਰੋਂ ਕੰਮ ਸ਼ੁਰੂ ਵੀ ਹੋਣ ਲੱਗਿਆ ਹੈ ਤਾਂ ਉਸ ਉੱਤੇ ਵੀ ਬਿਪਰਵਾਦੀ ਪਰਛਾਵਾਂ ਛਾਇਆ ਹੋਇਆ ਹੈ। ਭਾਰਤ ਭਾਵੇਂ ਕਿ ਖੁਦ ਨੂੰ ਇਕ ਧਰਮ ਨਿਰਪੱਖ ਮੁਲਕ ਕਹਾਉਂਦਾ ਹੈ ਪਰ ਇਸ ਦਾ ਅੰਦਰੂਨੀ ਅਤੇ ਬਾਹਰੀ ਖਾਕਾ ਬ੍ਰਹਾਮਣਵਾਦੀ ਹੀ ਹੈ ਜੋ ਸਮੇਂ ਸਮੇਂ ਤੇ ਇਸ ਦੇ ਪ੍ਰਸ਼ਾਸਨਿਕ ਢਾਂਚੇ ਵਿਚੋਂ ਨਜ਼ਰੀ ਪੈਂਦਾ ਰਹਿੰਦਾ ਹੈ। ਅਜਿਹਾ ਹੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸ਼ੁਰੂ ਕਰਨ ਵੇਲੇ ਨਜ਼ਰੀਂ ਪਿਆ। ਕਰਤਾਰਪੁਰ ਸਾਹਿਬ ਲਾਂਘੇ ਦਾ ਭਾਰਤੀ ਪ੍ਰਬੰਧ ਵਾਲੇ ਪੰਜਾਬ ਦੇ ਹਿੱਸੇ ਵਿਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ਦੀ ਕੌਮੀ ਰਾਜ ਮਾਰਗ ਅਥਾਰਿਟੀ (ਐਨ.ਐਚ.ਆਈ.ਏ) ਦੇ ਅਫਸਰਾਂ ਨੇ "ਭੂਮੀ ਪੂਜਨ" ਕੀਤਾ।
ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਅੱਧੇ ਤੋਂ ਜ਼ਿਆਦਾ ਮੁਕੰਮਲ ਕਰ ਲਿਆ ਹੈ ਪਰ ਭਾਰਤ ਵਾਲੇ ਪਾਸੇ ਜ਼ਮੀਨ ਐਕੁਆਇਰ ਕੀਤੇ ਜਾਣ ਤੋਂ ਬਾਅਦ ਕੰਮ ਵੀਰਵਾਰ ਸ਼ਾਮ ਨੂੰ ਸ਼ੁਰੂ ਕੀਤਾ ਗਿਆ। ਇਸ ਤੋਂ ਪਹਿਲਾਂ ਮਾਲਕਾਂ ਤੋਂ ਲਾਂਘੇ ਅਤੇ ਹੋਰ ਜ਼ਰੂਰੀ ਇਮਾਰਤਾਂ ਲਈ ਜ਼ਮੀਨ ਗ੍ਰਹਿਣ ਕਰਨ ਦੌਰਾਨ ਢੁੱਕਵੇਂ ਭਾਅ ਬਾਰੇ ਕਈ ਅੜਿੱਕੇ ਸਨ। ਡੇਰਾ ਬਾਬਾ ਨਾਨਕ ਤੋਂ ਜ਼ੀਰੋ ਲਾਈਨ ਤੱਕ 200 ਫੁੱਟ ਚੌੜੀ ਸੜਕ (ਚਾਰ ਕਿਲੋਮੀਟਰ) ਨੂੰ ਚਹੁੰਮਾਰਗੀ ਕੀਤਾ ਜਾਵੇਗਾ। ਜ਼ੀਰੋ ਲਾਈਨ ਕੋਲ ਕੰਡਿਆਲੀ ਤਾਰ ਨੇੜੇ ਓਵਰਬ੍ਰਿਜ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।
ਅਫਸਰਾਂ ਮੁਤਾਬਕ ਮੌਨਸੂਨ ਤੋਂ ਪਹਿਲਾਂ ਮਿੱਟੀ ਪਾਉਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਤੇ ਓਵਰਬ੍ਰਿਜ ਬਣਾਉਣ ਦੀ ਵੀ ਸ਼ੁਰੂਆਤ ਜਲਦੀ ਹੋਵੇਗੀ। ਮਾਰਗ ਨੂੰ ਸਤੰਬਰ ਤੱਕ ਮੁਕੰਮਲ ਕਰਨ ਦਾ ਨਿਸ਼ਾਨਾ ਮਿੱਥਿਆ ਗਿਆ ਹੈ। ਲੈਂਡ ਪੋਰਟ ਅਥਾਰਿਟੀ ਦੁਆਰਾ ਟਰਮੀਨਲ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ ਆਉਂਦੇ ਕੁਝ ਦਿਨਾਂ ਵਿੱਚ ਕੀਤੀ ਜਾ ਰਹੀ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)