ਸਿੱਖ ਇਤਿਹਾਸ ਵਿਚ ਕਾਰ-ਸੇਵਾ ਦਾ ਆਗਮਨ ਅਤੇ ਆਧੁਨਿਕ ਸਰੂਪ

ਸਿੱਖ ਇਤਿਹਾਸ ਵਿਚ ਕਾਰ-ਸੇਵਾ ਦਾ ਆਗਮਨ ਅਤੇ ਆਧੁਨਿਕ ਸਰੂਪ

ਕੰਵਲਜੀਤ ਸਿੰਘ (ਡਾ.) 
(ਲੇਖਕ ਸ੍ਰੀ ਗੁਰੂ ਅੰਗਦ ਦੇਵ ਡਿਗਰੀ ਕਾਲਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਹਨ)।

ਕਾਰ-ਸੇਵਾ ਵਿਚਲੇ 'ਕਾਰ' ਅਤੇ 'ਸੇਵਾ' ਦੋਵੇਂ ਸ਼ਬਦ ਸਿੱਖੀ ਦੀ ਆਤਮਾ ਵਿੱਚੋਂ ਉਪਜੇ ਸ਼ਬਦ ਹਨ। ਕਾਰ ਦੇ ਕੋਸ਼ਗਤ ਅਰਥ ਕੰਮ, ਕ੍ਰਿਯਾ, ਕਰਤਾ ਅਤੇ ਰੇਖਾ ਭਾਵ ਲਕੀਰ ਆਦਿ ਹਨ। ਗੁਰਪ੍ਰਤਾਪ ਸੂਰਯ ਦੇ ਹਵਾਲੇ ਨਾਲ ਭਾਈ ਕਾਨ੍ਹ ਸਿੰਘ ਨਾਭਾ ਨੇ ਕਾਰ ਦੇ ਅਰਥ ਦਸਵੰਧ ਵੀ ਕੀਤੇ ਹਨ, ''ਕਾਰ ਭੇਂਟ ਗੁਰ ਕੀ ਸਿਖ ਲਾਵਹਿਂ''। ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਨੇ ਕਾਰ-ਸੇਵਾ ਸਬੰਧੀ ਲਿਖਿਆ ਹੈ ਕਿ ''ਕਾਰ ਸ਼ਬਦ ਅਰਬੀ ਭਾਸ਼ਾ ਦੇ, ਕਅਰ ਸ਼ਬਦ ਦਾ ਹੀ ਰੂਪਾਂਤਰ ਹੈ। ਅਰਬੀ ਵਿੱਚ ਕਅਰ ਦਾ ਅਰਥ ਹੈ : ਕਿਸੇ ਦਰਿਆ, ਖੂਹ ਦੀ ਗਹਿਰਾਈ। ਪਰ ਇਥੇ ਕਾਰ-ਸੇਵਾ ਦੇ ਵਰਣਨ ਵਿੱਚ ਕਾਰ ਸ਼ਬਦ ਦਾ ਅਰਥ ਹੈ ਉਹ ਗਾਰ ਜੋ ਕਿਸੇ ਇਤਿਹਾਸਕ ਖੂਹ ਬਾਉਲੀ ਜਾਂ ਸਰੋਵਰ ਦੇ ਥੱਲੇ ਜਲ ਰਾਹੀਂ ਜਾਂ ਅਨ੍ਹੇਰੀਆਂ ਆਦਿ ਨਾਲ ਉੱਡ ਕੇ ਪਏ ਮਿੱਟੀ-ਘੱਟੇ ਨਾਲ ਆ ਕੇ ਜਮ੍ਹਾਂ ਹੋ ਗਈ ਹੋਵੇ। ਇਸ ਗਾਰ ਨੂੰ ਪਵਿੱਤਰ ਸਮਝ ਕੇ, ਪਿਆਰ, ਸ਼ਰਧਾ ਤੇ ਉਤਸ਼ਾਹ ਨਾਲ ਬਿਨਾਂ ਕੋਈ ਇਵਜ਼ਾਨਾ ਲਏ ਬਾਹਰ ਕੱਢ ਕੇ ਸੁੱਟਣ ਨੂੰ ਸਿੱਖ ਪਰੰਪਰਾ ਅਨੁਸਾਰ ਕਾਰ-ਸੇਵਾ ਦਾ ਨਾਮ ਦਿੱਤਾ ਗਿਆ ਹੈ''। ਮਹਾਂ ਕਵੀ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿੱਚ ਸਰੋਵਰ ਦੀ ਖੁਦਾਈ ਨੂੰ ਕਾਰ ਹੀ ਕਿਹਾ ਗਿਆ ਹੈ।
ਪੰਜਾਬੀ ਸੱਭਿਆਚਾਰ ਵਿੱਚ ਕਾਰ ਸ਼ਬਦ ਕਿਰਤ ਦੇ ਪ੍ਰਥਾਇ ਵੀ ਵਰਤਿਆ ਜਾਂਦਾ ਹੈ, ਜਿਵੇਂ, ਕੰਮ-ਕਾਰ। ਇਸੇ ਤਰ੍ਹਾਂ ਵਿਸ਼ੇਸ਼ ਕਿਸਮ ਦੀ ਕਾਰੀਗਰੀ ਦੇ ਕਰਤਾ ਲਈ ਵੀ ਕਾਰ ਸ਼ਬਦ ਵਰਤੀਂਦਾ ਹੈ,  ਜਿਵੇਂ, ਸਵਰਨਕਾਰ, ਚਰਮਕਾਰ, ਮੀਨਾਕਾਰ ਆਦਿ। ਕਾਰ, ਸ਼ਬਦ ਦੇ ਵਿਭਿੰਨ ਅਰਥ ਦਰਸਾਉਂਦੇ ਪ੍ਰਸੰਗ ਦੇਣ ਤੋਂ ਸਾਡਾ ਭਾਵ ਇਹ ਹੈ ਕਿ 'ਕਾਰ' ਦੇ ਵਿਸ਼ਾਲ ਅਰਥ ਪਾਸਾਰ ਨੂੰ ਇਕ ਸੂਤਰ ਵਿੱਚ ਪ੍ਰੋਇਆ ਜਾਵੇ। ਉੁੱਪਰ ਵਰਣਿਤ ਹਵਾਲਿਆਂ ਵਿੱਚ ਕਾਰ ਦਾ ਅਰਥ ਸਰੋਵਰ ਵਿਚੋਂ ਗਾਰ ਕੱਢਣ ਦੀ ਪ੍ਰਕਿਰਿਆ ਜਾਂ ਕਿਸੇ ਖਾਸ ਕਿਸਮ ਦੇ ਕਸਬੀ ਹੁਨਰ ਨਾਲ ਜਾਂ ਸਿੱਖਾਂ ਵਲੋਂ ਆਪਣੀ ਦੇਹ ਨਾਲ ਗੁਰੂ ਨਮਿੱਤ ਕੀਤਾ ਗਿਆ ਕਾਰਜ ਹੈ। ਇਹ ਕਾਰਜ ਕਹੀ-ਟੋਕਰੇ ਦੀ ਸੇਵਾ, ਕਿਰਤ-ਕਮਾਈ ਦੇ ਦਸਵੰਧ ਦੀ ਸੇਵਾ, ਲੰਗਰ ਦੀ ਸੇਵਾ ਅਤੇ ਅਜਿਹੀ ਹੀ ਕੋਈ ਹੋਰ ਸੇਵਾ ਵੀ ਹੋ ਸਕਦੀ ਹੈ।
ਸੇਵਾ, ਸਿੱਖ ਧਰਮ ਦੇ ਮੂਲ ਸੰਕਲਪ ਅਤੇ ਆਦਰਸ਼ ਵਜੋਂ ਸਥਾਪਿਤ ਪਦ (“erm) ਹੈ। ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਅਨੁਸਾਰ ਸੇਵਾ ਚਾਰ ਕਿਸਮ ਦੀ ਮੰਨੀ ਗਈ ਹੈ। 
À.  ਤਨ ਨਾਲ ਸੇਵਾ:-ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ£
ਸ੍ਰੀ.ਗ.ਗ੍ਰੰਥ.ਅੰਗ.789
ਅ. ਧਨ ਨਾਲ ਸੇਵਾ :- ਘਾਲਿ ਖਾਇ ਕਿਛੁ ਹਥਹੁ ਦੇਇ£ ਨਾਨਕ ਰਾਹ ਪਛਾਣਹਿ ਸੇਇ£ ਅੰਗ: 1245
Â. ਮਨ ਨਾਲ ਸੇਵਾ:- ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ£ ਅੰਗ: 644
ਗੁਰਬਾਣੀ ਦੇ ਇਨ੍ਹਾਂ ਹਵਾਲਿਆਂ ਵਿੱਚ ਅਹੰ ਭਾਵ ਨੂੰ ਮਿਟਾ ਕੇ ਗੁਰੂ ਅੱਗੇ ਸਮਰਪਣ ਦੀ ਭਾਵਨਾ ਨਾਲ ਕੀਤਾ ਗਿਆ ਕਾਰਜ ਸੇਵਾ ਅਖਵਾਉਂਦਾ ਹੈ। ਇਸ ਪ੍ਰਕਾਰ ਕਾਰ ਅਤੇ ਸੇਵਾ ਦੇ ਆਪਸੀ ਸੰਯੋਗ ਨਾਲ 'ਕਾਰ-ਸੇਵਾ' ਪਦ ਦੀ  ਰਚਨਾ ਹੋਈ ਹੈ।ਹਰੇਕ ਧਰਮ ਅਤੇ ਇਸ ਉਪਰ ਉਸਰੀ ਜੀਵਨ ਜਾਚ ਵਿੱਚ ਸੰਕਲਪਕ ਸ਼ਬਦਾਵਲੀ ਦੀ ਮਹੱਤਵਪਰੂਨ ਭੂਮਿਕਾ ਹੁੰਦੀ ਹੈ। ਧਰਮ ਦਾ ਅਨੁਭਵ ਅਤੇ ਇਸਦਾ ਪ੍ਰਗਟਾਵਾ ਭਾਸ਼ਾ ਦੀ ਮਹੱਤਤਾ ਉਜਾਗਰ ਕਰਦਾ ਹੈ। ਵੱਖ-ਵੱਖ ਕਿਸਮ ਦੇ ਧਾਰਮਿਕ ਕਾਰਜਾਂ, ਰੀਤਾਂ, ਰਸਮਾਂ, ਰੂਹਾਨੀ ਅਨੁਭਵਾਂ ਅਤੇ ਸੰਪ੍ਰਦਾਵਾਂ ਆਦਿ ਲਈ ਧਰਮ ਗ੍ਰੰਥ ਦੀ ਰੌਸ਼ਨੀ ਵਿੱਚ ਹੀ ਸ਼ਬਦਾਵਲੀ ਘੜੀ ਜਾਂਦੀ ਹੈ। ਸ਼ਬਦਾਂ ਦੀ ਘਾੜਤ ਗੁਰੂ ਪ੍ਰਮੇਸ਼ਵਰ ਤੋਂ ਇਲਾਵਾ ਕੋਈ ਇਕੱਲਾ ਮਨੁੱਖ ਆਪਣੇ ਤੌਰ 'ਤੇ ਨਹੀਂ ਕਰ ਸਕਦਾ। ਕਿਸੇ ਸ਼ਬਦ ਦੀ ਹੋਂਦ ਨਾਲ ਸਮੂਹਿਕ ਪ੍ਰਵਾਨਗੀ ਦੀ ਸ਼ਰਤ ਲਾਜ਼ਮੀ ਰੂਪ ਵਿਚ ਜੁੜੀ ਹੁੰਦੀ ਹੈ। ਗੁਰੂ ਘਰ ਵਿੱਚ ਖਾਲਸਾ ਪੰਥ ਨੂੰ ਗੁਰੂ ਦੀ ਦੇਹ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਲਈ ਸਮੂਹਿਕ ਪੰਥਕ ਪ੍ਰਵਾਨਗੀ ਦੀ ਇਕ ਅਚੇਤ ਪ੍ਰਕਿਰਿਆ ਵੀ ਕਾਰ-ਸੇਵਾ ਸ਼ਬਦ ਨਾਲ ਜੁੜੀ ਹੋਈ ਹੈ।
ਸਰੋਵਰ ਦੀ ਕਾਰ ਸੇਵਾ:-ਗੁਰੂ ਸਾਹਿਬਾਨ ਨੇ ਆਪ ਆਪਣੇ ਹੱਥੀਂ ਅਨੇਕ ਅਜਿਹੇ ਕਾਰਜ ਕੀਤੇ। ਇਨ੍ਹਾਂ ਵਿਚੋਂ ਪ੍ਰਮੁੱਖ ਕਾਰਜ ਹਨ; ਗੁਰਬਾਣੀ ਰਚਨਾ, ਗੁਰਬਾਣੀ ਕੀਰਤਨ, ਗੁਰਮੁਖੀ ਲਿੱਪੀ ਆਦਿ। ਗੁਰੂ ਗ੍ਰੰਥ ਸਾਹਿਬ ਦੀ ਰਚਨਾ, ਨਵੇਂ ਨਗਰ ਵਸਾਉਣਾ ਬਾਉਲੀਆਂ ਬਣਵਾਉਣਾ, ਸ੍ਰੀ ਅੰਮ੍ਰਿਤਸਰ (ਅੰਮ੍ਰਿਤ ਸਰੋਵਰ) ਦੀ ਰਚਨਾ, ਸ੍ਰੀ ਹਰਿਮੰਦਰ ਸਾਹਿਬ ਨੂੰ ਕੇਂਦਰੀ ਧਰਮ ਅਸਥਾਨ ਥਾਪਣਾ, ਸ੍ਰੀ ਅਕਾਲ ਤਖਤ ਦੀ ਰਚਨਾ, ਸ਼ਸਤਰ, ਘੋੜੇ ਅਤੇ ਫੌਜ ਰੱਖਣਾ, ਖੁਦ ਜੰਗ ਲੜਨਾ, ਸ਼ਹੀਦ ਹੋਣਾ, ਪੁੱਤਰਾਂ ਤੱਕ ਵਾਰ ਦੇਣਾ ਆਦਿ।
ਗੁਰੂ ਨਾਨਕ ਪਾਤਸ਼ਾਹ ਨੇ ਆਪ ਹੱਥੀਂ ਕਿਰਤ ਕੀਤੀ ਅਤੇ ਇਸ ਜੀਵਨ-ਜਾਚ ਨੂੰ ਅਪਨਾਉਣ ਲਈ ਗੁਰੂ ਅੰਗਦ ਪਾਤਸ਼ਾਹ ਨੂੰ ਤਿਆਰ ਕੀਤਾ। ਗੁਰੂ ਸਾਹਿਬ ਨੇ ਬਾਉਲੀਆਂ ਲਗਵਾਈਆਂ ਉਨ੍ਹਾਂ ਦੀ ਉਸਾਰੀ ਵੇਲੇ ਸੰਗਤਾਂ ਨੂੰ ਸੇਵਾ ਕਰਨ ਲਈ ਮੌਕਾ ਦਿੱਤਾ। ਇਹ ਸ਼ਾਇਦ ਪਹਿਲੀਆਂ ਕਾਰ-ਸੇਵਾਵਾਂ ਹੋਣਗੀਆਂ, ਭਾਵੇਂ ਕਿ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਪਹਿਲੀ ਕਾਰ ਸੇਵਾ ਅੰਮ੍ਰਿਤ ਸਰੋਵਰ ਦੀ ਰਚਨਾ ਨੂੰ ਮੰਨਦੇ ਹਨ ਪਰ ਇਤਿਹਾਸ ਦੇ ਹਵਾਲੇ ਨਾਲ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਅੰਮ੍ਰਿਤ ਸਰੋਵਰ ਦੀ ਰਚਨਾ ਵਿੱਚ ਸੰਗਤਾਂ ਵਲੋਂ ਬਿਨਾਂ ਇਵਜ਼ਾਨੇ ਦੇ ਵੱਡੀ ਗਿਣਤੀ ਵਿੱਚ ਸੇਵਾ ਕਰਨ ਲਈ ਪਹੁੰਚਣ ਪਿਛੇ ਲੰਮਾ ਇਤਿਹਾਸਕ ਅਮਲ ਕਾਰਜਸ਼ੀਲ ਹੈ।
ਜਦ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਕਾਰ-ਸੇਵਾ ਆਰੰਭ ਕੀਤੀ ਤਾਂ ਉਨ੍ਹਾਂ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਆਪਣੇ ਹੱਥੀਂ ਟੱਕ ਲਾਇਆ। ਦਰਅਸਲ ਜਿਸ ਜਗ੍ਹਾ ਅੱਜ ਸ੍ਰੀ ਅੰਮ੍ਰਿਤਸਰ ਮੌਜੂਦ ਹੈ ਉਥੇ ਉਸ ਸਮੇਂ ਨਿਰਮਲ ਜਲ ਦੀ ਇੱਕ ਢਾਬ ਸੀ। ਪਹਿਲਾਂ ਗੁਰੂ ਸਾਹਿਬ ਨੇ ਉਸ ਢਾਬ ਦੀ ਗਾਰ ਕੱਢਣ ਦੀ ਸੇਵਾ ਲਾਈ। ਇਸੇ ਨੂੰ ਹੀ ਮਹਾਂਕਵੀ ਸੰਤੋਖ ਸਿੰਘ ਜੀ ਨੇ 'ਕਾਰ' ਆਖਿਆ ਹੈ। ਇਸ ਕਾਰ-ਸੇਵਾ ਦੌਰਾਨ ਗਾਰ ਕੱਢ ਕੇ ਇੱਕ ਪਾਸੇ ਸੁੱਟੀ ਗਈ ਜਿਥੇ ਇਕ ਉੱਚੀ ਠੇਰ੍ਹੀ ਬਣ ਗਈ। ਪੰਚਮ ਪਾਤਸ਼ਾਹ ਜੀ ਨੇ ਉਸੇ ਗਾਰ ਵਾਲੀ ਥਾਂ 'ਤੇ ਆਪਣੇ ਲਈ ਆਸਣ ਬਣਵਾਇਆ, ਜੋ ਕੋਠਾ ਸਾਹਿਬ ਕਰਕੇ ਜਾਣਿਆ ਗਿਆ। ਜਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਤਾਂ ਪੰਚਮ ਪਾਤਸ਼ਾਹ ਨੇ ਮਰਿਯਾਦਾ ਥਾਪੀ ਕਿ ਹਰ ਰੋਜ਼ ਰਾਤ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ/ਪੋਥੀ ਸਾਹਿਬ, ਕੋਠਾ ਸਾਹਿਬ ਵਿਖੇ ਸੁਖ-ਆਸਣ ਗ੍ਰਹਿਣ ਕਰਨਗੇ ਅਤੇ ਗੁਰੂ ਅਰਜਨ ਦੇਵ ਜੀ ਆਪ ਭੁੰਜੇ ਆਸਣ ਲਾਉਣ ਲੱਗੇ। ਇਸੇ ਮਰਿਆਦਾ ਅਨੁਸਾਰ ਅੱਜ ਵੀ ਕੋਠਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸੁਖਆਸਣ ਵਾਲੇ ਪਲੰਘ ਹੇਠਾਂ ਜਮੀਨ ਉੱਪਰ ਇੱਕ ਆਸਣ ਲਾਇਆ ਜਾਂਦਾ ਹੈ। ਇਸੇ ਜਗ੍ਹਾ ਤੇ ਛੇਵੇਂ ਸਤਿਗੁਰ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਹਜ਼ੂਰ ਪਾਤਸ਼ਾਹ ਦੁਆਰਾ ਕਾਰ-ਸੇਵਾ ਦੁਆਰਾ ਕੱਢੀ ਗਾਰ ਨੂੰ ਇਤਨੀ ਮਹਾਨਤਾ ਦਾ ਦਰਜਾ ਦੇਣਾ ਅਵੱਸ਼ ਹੀ ਗੁੱਝੀ ਰਮਜ਼ ਹੈ। ਇਸ ਪ੍ਰਕਾਰ ਸਰੋਵਰ ਦੀ ਕਾਰ-ਸੇਵਾ ਰਾਹੀਂ ਇੱਕ ਮਹਾਨ ਪ੍ਰੰਪਰਾ ਦਾ ਆਰੰਭ ਹੋਇਆ ਜੋ ਅੱਜ ਤੱਕ ਨਿਰਵਿਘਨ ਜਾਰੀ ਹੈ।
ਕਾਰ-ਸੇਵਾ ਸੰਪ੍ਰਦਾਇ ਖਡੂਰ ਸਾਹਿਬ :- ਗੁਰੂ ਸਾਹਿਬਾਨ ਤੋਂ ਬਾਅਦ ਮਹਾਨ ਕਰਨੀ ਵਾਲੇ ਮਹਾਂ ਪੁਰਖਾਂ ਦੇ ਜੀਵਨ ਉਪਰ ਅਧਾਰਿਤ ਸੰਪ੍ਰਦਾਇ ਹੋਂਦ ਵਿੱਚ ਆਏ ਹਨ, ਜਿਵੇਂ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ, ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ, ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਅਤੇ  ਸੰਤ ਤੇਜਾ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੇ ਜੀਵਨ ਅਮਲ ਨਾਲ ਹੋਂਦ ਵਿਚ ਆਏ ਸੰਪ੍ਰਦਾਇ ਆਦਿ। ਇਹ ਵੀ ਨਾਮ ਸਿਮਰਨ, ਕੀਰਤਨ, ਕਥਾ ਅਤੇ ਆਧੁਨਿਕ ਵਿਦਿਅਕ ਖੇਤਰ ਨਾਲ ਜੁੜੀਆਂ ਸੰਪ੍ਰਦਾਵਾਂ ਹਨ। ਇਸੇ ਤਰ੍ਹਾਂ ਅੰਮ੍ਰਿਤ ਸਰੋਵਰ ਦੀ ਕਾਰ-ਸੇਵਾ ਤੋਂ ਆਰੰਭ ਹੋਈ ਕਾਰ-ਸੇਵਾ ਬ੍ਰਹਮ ਗਿਆਨੀ ਬਾਬਾ ਗੁਰਮੁਖ ਸਿੰਘ ਜੀ ਦੇ ਪਵਿੱਤਰ ਜੀਵਨ ਰਾਹੀਂ ਹੁਣ ਇੱਕ ਸੰਪ੍ਰਦਾਇ ਦੇ ਰੂਪ ਵਿੱਚ ਪੰਥ ਪ੍ਰਵਾਨਿਤ ਹੋ ਚੁੱਕੀ ਹੈ। ਬਾਬਾ ਗੁਰਮੁਖ ਸਿੰਘ ਜੀ ਜਦ ਪਿੰਡ ਬਧੋਂਸ਼ੀ ਜ਼ਿਲ੍ਹਾ ਪਟਿਆਲਾ ਤੋਂ ਬਾਬਾ ਬੀਰਮ ਦਾਸ ਜੀ ਦੀ ਆਗਿਆ ਨਾਲ ਸ੍ਰੀ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਨਾਲ ਬਾਬਾ ਸਾਧੂ ਸਿੰਘ ਜੀ ਅਤੇ ਬਾਬਾ ਨੰਦ ਸਿੰਘ ਜੀ (ਨਿਹੰਗ ਸਿੰਘ) ਵੀ ਆਏ ਸਨ। ਬਾਬਾ ਗੁਰਮੁਖ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ ਨੂੰ ਹੰਸਾਂ ਦੀ ਜੋੜੀ ਵੀ ਕਿਹਾ ਜਾਂਦਾ ਸੀ। ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ ਬਾਬਾ ਗੁਰਮੁਖ ਸਿੰਘ ਦੀ ਆਤਮਕ ਉੱਚਤਾ ਨੂੰ ਪਛਾਣ ਗਏ ਅਤੇ ਉਹਨਾਂ ਨੇ ਬਾਬਾ ਜੀ ਨਾਲ ਮਿਲ ਕੇ ਅੰਮ੍ਰਿਤਸਰ ਵਿਚ ਨਾਮ ਬਾਣੀ ਦਾ ਪ੍ਰਵਾਹ ਫਿਰ ਤੋਂ ਜਾਰੀ ਕਰ ਦਿੱਤਾ। ਵਰਣਨਜੋਗ ਹੈ ਕਿ ਅੰਗ੍ਰੇਜ਼ੀ ਰਾਜ ਸਮੇਂ ਸ੍ਰੀ ਹਰਿਮੰਦਰ ਸਾਹਿਬ ਅਤੇ ਨਾਲ ਲਗਦੀਆਂ ਕਈ ਇਮਾਰਤਾਂ ਸਿੱਖ ਸਿਧਾਂਤਾਂ ਦੀ ਥਾਂ ਕੁਝ ਹੋਰ ਅਨਮਤਾਂ ਦੇ ਪਸਾਰ ਹੇਠ ਆ ਗਈਆਂ ਸਨ। ਅੰਮ੍ਰਿਤਸਰ ਦੇ ਲੋਕ ਇੰਨੇ ਨਾ-ਅਹਿਲ ਹੋ ਗਏ ਸਨ ਕਿ ਆਪਣੇ ਘਰਾਂ ਦਾ ਗੰਦਾ ਪਾਣੀ ਅਤੇ ਹੋਰ ਕੂੜਾ ਕਰਕਟ ਸੰਤੋਖਸਰ ਵਿਚ ਪਾ ਦਿੰਦੇ ਸਨ। ਸਰੋਵਰ   ਬਦਬੂ ਮਾਰਨ ਲੱਗਾ ਸੀ। ਅੰਗਰੇਜ਼ ਮਿਊਂਸੀਪਲ ਅਫ਼ਸਰ ਨੇ ਮਹਾਂਮਾਰੀ ਫੈਲਣ ਦੇ ਡਰੋਂ ਮਜਬੂਰੀ ਵੱਸ ਸੰਤੋਖਸਰ ਸਰੋਵਰ ਨੂੰ ਪੂਰਨ ਦਾ ਮਤਾ ਪਾਸ ਕਰ ਦਿੱਤਾ। ਜਦ ਇਹ ਖ਼ਬਰ ਸ਼ਹੀਦ ਬੁੰਗੇ ਬਾਬਾ ਗੁਰਮੁਖ ਸਿੰਘ ਜੀ ਦੇ ਟਿਕਾਣੇ ਪਹੁੰਚੀ, ਉਸ ਵੇਲੇ ਬਾਬਾ ਸ਼ਾਮ ਸਿੰਘ ਅਤੇ ਬਾਬਾ ਗੁਰਮੁਖ ਸਿੰਘ ਜੀ ਪੰਥ ਦੀ ਨਿਘਰੀ ਹੋਈ ਹਾਲਤ ਬਾਰੇ ਹੀ ਵਿਚਾਰਾਂ ਕਰ ਰਹੇ ਸਨ। ਇਸ ਖ਼ਬਰ ਨਾਲ ਸਿੱਖ ਸੰਗਤਾਂ ਦੀ ਆਤਮਾ ਝੰਜੋੜੀ ਗਈ। ਬਾਬਾ ਗੁਰਮੁਖ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਿਆ ਕਰਦੇ ਸਨ। ਉਸੇ ਰਾਤ ਦੇ ਦੀਵਾਨ ਵਿਚ ਹੀ ਉਹਨਾਂ ਸੰਤੋਖਸਰ ਦੀ ਕਾਰ-ਸੇਵਾ ਆਰੰਭ ਕਰਨ ਦਾ ਐਲਾਨ ਕਰ ਦਿੱਤਾ।
ਬਾਬਾ ਗੁਰਮੁਖ ਸਿੰਘ ਜੀ ਦੀ ਆਤਮਕ ਉੱਚਤਾ ਕਾਰਨ ਪੰਥ ਦੀਆਂ ਬਹੁਤ ਹੀ ਸਨਮਾਨਜੋਗ ਹਸਤੀਆਂ ਉਹਨਾਂ ਨਾਲ ਜੁੜ ਗਈਆਂ। ਕਾਰਸੇਵਾ ਦੇ ਕਾਰਜਾਂ ਨੂੰ ਨਿਰਵਿਘਨ ਚਲਾਉਣ ਲਈ ਇਕ ਵਾਰ ਬਾਬਾ ਗੁਰਮੁਖ ਸਿੰਘ ਨੇ ਅਰਦਾਸ ਕੀਤੀ ਕਿ ਪੰਝੀ ਨੇਮੀ ਸਿੱਖ ਕਾਰਸੇਵਾ ਵਿਚ ਹਾਜ਼ਰ ਹੋਣ। ਹੌਲੀ ਹੌਲੀ ਇਹ 25 ਸੇਵਕ ਕਾਰਸੇਵਾ ਵਿਚ ਸ਼ਾਮਲ ਹੋਏ। ਇਹਨਾਂ ਵਿਚ ਸਮਕਾਲੀਆਂ ਵਜੋਂ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ, ਬਾਬਾ ਸਾਧੂ ਸਿੰਘ ਜੀ, ਬਾਬਾ ਝੰਡਾ ਸਿੰਘ ਜੀ, ਬਾਬਾ ਉੱਤਮ ਸਿੰਘ ਜੀ, ਬਾਬਾ ਗੁਰਦੇਵ ਸਿੰਘ, ਬਾਬਾ ਹਜਾਰਾ ਸਿੰਘ ਜੀ ਕਾਰ ਸੇਵਾ ਡੇਰਾ ਖਡੂਰ ਸਾਹਿਬ, ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲੇ, ਬਾਬਾ ਦਲੀਪ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਡੇਰਾ ਤਰਨਤਾਰਨ ਸਾਹਿਬ, ਬਾਬਾ ਹਰਬੰਸ ਸਿੰਘ ਜੀ, ਬਾਬਾ ਕਰਨੈਲ ਸਿੰਘ ਜੀ, ਬਾਬਾ ਤਾਰਾ ਸਿੰਘ ਜੀ ਦਿੱਲੀ ਵਾਲੇ, ਬਾਬਾ ਅਮਰ ਸਿੰਘ ਜੀ ਨਨਕਾਣਾ ਸਾਹਿਬ, ਬਾਬਾ ਦਲੀਪ ਸਿੰਘ ਜੀ, ਬਾਬਾ ਖਜਾਨ  ਸਿੰਘ ਜੀ ਛਾਬੜੀ ਸਾਹਿਬ, ਬਾਬਾ ਬਘੇਲ ਸਿੰਘ ਜੀ, ਬਾਬਾ ਪ੍ਰੀਤਮ ਸਿੰਘ ਜੀ, ਬਾਬਾ ਅਮਰ ਸਿੰਘ ਜੀ ਮੁਕਤਸਰ ਸਾਹਿਬ ਵਾਲੇ ਅਤੇ ਬਾਬਾ ਬਖਸੀਸ ਸਿੰਘ ਜੀ ਗੜ੍ਹੀ ਸਾਹਿਬ ਵਾਲੇ ਸ਼ਾਮਿਲ ਹਨ। ਇੱਥੇ ਵਰਣਿਤ ਪ੍ਰਮੁੱਖ ਡੇਰੇ ਹੁਣ ਪੂਰੇ ਭਾਰਤ, ਪਾਕਿਸਤਾਨ ਅਤੇ ਦੁਨੀਆ ਦੇ ਹਰ ਖਿੱਤੇ ਵਿਚ ਮੌਜੂਦ ਗੁਰਧਾਮਾਂ ਦੀ ਉਸਾਰੀ ਲਈ ਸੇਵਾ ਨਿਭਾਅ ਰਹੇ ਹਨ। ਇਸ ਤਰਾਂ੍ਹ ਬਾਬਾ ਗੁਰਮੁਖ ਸਿੰਘ ਜੀ ਰਾਹੀਂ ਕਾਰ-ਸੇਵਾ ਦੇ ਰੂਪ ਵਿਚ ਆਧੁਨਿਕ ਯੁੱਗ ਵਿਚ ਸਿੱਖਾਂ ਦੀ ਇਕ ਕੇਂਦਰੀ ਸੰਸਥਾ ਦਾ ਜਨਮ ਹੋਇਆ। ਕਾਰ ਸੇਵਾ ਦੁਆਰਾ ਕੀਤੇ ਜਾਣ ਵਾਲੇ ਪ੍ਰਮੁਖ ਕਾਰਜਾਂ ਵਿਚ ਸਰੋਵਰਾਂ ਦੀ ਸਫ਼ਾਈ, ਪੌੜ ਪੱਕੇ ਕਰਨਾ, ਪਰਿਕਰਮਾ ਦੀ ਸੇਵਾ, ਰਸਤਿਆਂ ਦੀ ਸੇਵਾ, ਹੰਸਲੀਆਂ ਪੱਕੀਆਂ ਕਰਨ ਦੀ ਸੇਵਾ, ਗੁਰਧਾਮਾਂ ਦੀ ਉਸਾਰੀ ਅਤੇ ਕਈ ਜਗ੍ਹਾ ਪੁਲ ਬਣਾਉਣ ਦੀ ਸੇਵਾ ਆਦਿ ਸ਼ਾਮਲ ਹਨ। ਬਾਬਾ ਜੀ ਨੇ ਇਸ ਸੰਸਥਾ ਦੇ ਕੁਝ ਨਿਯਮ ਥਾਪੇ ਜੋ ਅਚੇਤ ਰੂਪ ਵਿਚ ਅੱਜ ਵੀ ਉਸੇ ਤਰ੍ਹਾਂ ਨਿਰਵਿਘਨ ਜਾਰੀ ਹਨ। ਉਹਨਾਂ ਨੇ ਸੇਵਾਦਾਰਾਂ ਲਈ ਪੁਸ਼ਾਕ ਨਿਰਧਾਰਤ ਕੀਤੀ। ਰਾਜ ਭਾਗ ਪ੍ਰਾਪਤ ਹੋਣ ਨਾਲ ਸਿੱਖੀ ਵਿਚ ਦੋ ਕਿਸਮ ਦੀ ਪੁਸ਼ਾਕ ਪ੍ਰਚਲਤ ਹੋਈ ਸਾਹਿਬੀ ਅਤੇ ਸੇਵਕੀ। ਬਾਬਾ ਜੀ ਨੇ ਕਾਰ-ਸੇਵਾ ਦੇ ਸੇਵਾਦਾਰਾਂ ਲਈ ਸੇਵਕੀ ਪੁਸ਼ਾਕ ਨਿਰਧਾਰਤ ਕੀਤੀ ਤਾਂ ਕਿ ਸੇਵਾ ਵਿਚ ਕਿਸੇ ਕਿਸਮ ਦਾ ਸੰਕੋਚ, ਵਿਘਨ ਨਾ ਪਾਵੇ ਅਤੇ ਸੇਵਾਦਾਰ ਨਿਮਰਤਾ ਦਾ ਧਾਰਨੀ ਰਹੇ।ਬਾਬਾ ਜੀ ਹਰ ਰੋਜ਼ ਸੁਖਮਨੀ ਸਾਹਿਬ ਦੇ ਬਾਰਾਂ ਪਾਠ ਕਰਦੇ ਸਨ, ਮਗਰਲੀ ਉਮਰੇ ਉਹਨਾਂ ਨੇ ਪਾਠ ਸਰਵਣ ਕਰਨ ਦਾ ਨੇਮ ਬਣਾ ਲਿਆ ਪਰ ਪਾਠ ਬਾਰਾਂ ਹੀ ਰਹੇ। ਬਾਬਾ ਜੀ ਰੁਪਏ, ਪੈਸੇ ਆਦਿਕ ਮਾਇਆ ਨੂੰ ਹੱਥ ਨਹੀਂ ਸਨ ਲਾਉਂਦੇ ਪਰ ਕਾਰਜਾਂ ਵਾਸਤੇ ਮਾਇਆ ਲੋੜੀਂਦੀ ਸੀ, ਇਸ ਲਈ ਸੰਗਤਾਂ ਹਮੇਸ਼ਾ ਟੋਕਰੇ ਵਿਚ ਹੀ ਮਾਇਆ ਪਾਉਂਦੀਆਂ ਸਨ। ਪੁਰਾਣੇ ਸੇਵਾਦਾਰ ਦੱਸਦੇ ਹਨ ਕਿ ਬਾਬਾ ਗੁਰਮੁਖ ਸਿੰਘ ਜੀ ਨੇ ਕਦੇ ਮਾਇਆ ਗਿਣੀ ਨਹੀਂ ਸੀ।
ਉਹ ਅੰਮ੍ਰਿਤ ਛਕਣ ਲਈ ਪ੍ਰੇਰਦੇ ਸਨ ਪੂਰਨ ਰਹਿਤ ਮਰਿਆਦਾ ਦਾ ਪਹਿਰਾ ਰੱਖਦੇ ਸਨ ਅਤੇ ਸਤਿਨਾਮ ਵਾਹਿਗੁਰੂ ਦੇ ਮੰਤਰ ਜਾਪ ਵਿਚ ਅਥਾਹ ਬਰਕਤਾਂ ਹੋਣ ਬਾਰੇ ਦ੍ਰਿੜ ਸਨ। ਉਹ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਵਾਲੇ ਨੂੰ ਸੇਵਾਦਾਰਾਂ ਵਿਚ ਸ਼ਾਮਲ ਨਹੀਂ ਸਨ ਕਰਦੇ।ਸੰਤੋਖਸਰ ਦੀ ਕਾਰ ਸੇਵਾ ਸੰਪੂਰਨ ਹੋਣ ਤੋਂ ਬਾਅਦ ਬਾਬਾ ਗੁਰਮੁਖ ਸਿੰਘ ਜੀ ਨੇ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਾਰ ਸੇਵਾ ਆਰੰਭ ਕੀਤੀ ।ਫਿਰ ਡੇਰਾ ਖਡੂਰ ਸਾਹਿਬ ਨੂੰ ਹੀ ਆਪਣਾ ਮੁਕਾਮ ਬਣਾ ਲਿਆ ਅਤੇ ਇਥੋਂ ਹੀ ਨਨਕਾਣਾ ਸਾਹਿਬ ਆਦਿਕ ਸਥਾਨਾਂ ਦੀ ਕਾਰ ਸੇਵਾ ਲਈ ਜਾਂਦੇ ਰਹੇ।ਅੱਜ  ਕਾਰ-ਸੇਵਾ ਡੇਰਾ ਖਡੂਰ ਸਾਹਿਬ ਨੇ ਪੰਥਕ ਸੇਵਾ ਵਿਚ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਉਸਾਰੀ ਦੇ      ਕਾਰਜਾਂ ਨਾਲ ਬਾਬਾ ਉਤਮ ਸਿੰਘ ਜੀ ਦੀ ਦੂਰਦ੍ਰਿਸ਼ਟੀ ਸਦਕਾ ਵਿਦਿਅਕ ਖੇਤਰ ਦੀਆਂ ਸੇਵਾਵਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਹੁਣ ਬਾਬਾ ਸੇਵਾ ਸਿੰਘ ਜੀ ਨੇ ਵਾਤਾਵਰਨ ਦੇ ਨਾਲ-ਨਾਲ ਸਿੱਖ ਬੱਚਿਆਂ ਨੂੰ ਆਧੁਨਿਕ ਯੁੱਗ ਦੀਆਂ ਚੁਨੌਤੀਆਂ ਦੇ ਮੁਕਾਬਲੇ ਵਿਚ ਤਿਆਰ ਕਰਨ ਦਾ ਮਹਾਨ ਉਪਰਾਲਾ ਕੀਤਾ ਹੈ।
ਕਾਰ-ਸੇਵਾ ਸੰਪ੍ਰਦਾਇ ਪੰਥ ਦਾ ਸਭ ਤੋਂ ਵਧੇਰੇ ਕਾਰਜਸ਼ੀਲ ਅੰਗ ਹੈ। ਕਾਰ-ਸੇਵਾ ਸੰਪ੍ਰਦਾਇ ਦੇ ਸਰਬ-ਪ੍ਰਵਾਨਿਤ ਹੋਣ ਪਿੱਛੇ ਇਸ ਵਲੋਂ ਨਿਸ਼ਕਾਮ ਰੂਪ ਵਿਚ ਗੁਰਧਾਮਾਂ ਅਤੇ ਪੰਥਕ ਇਮਾਰਤਾਂ ਦੀ ਉਸਾਰੀ ਕਰਨਾ ਮਹੱਤਵਪੂਰਨ ਕਾਰਨ ਹੈ।  ਅਸਲ ਵਿੱਚ ਕਾਰ-ਸੇਵਾ ਦੇ ਸਰਵ ਪ੍ਰਵਾਨਿਤ ਅਤੇ ਹਰਮਨ ਪਿਆਰਾ ਹੋਣ ਦਾ ਗੁਰ ਇਹ ਹੈ ਕਿ ਇਹ ਸੰਪ੍ਰਦਾਇ ਪੰਥਕ ਰਹਿਤ ਮਰਿਯਾਦਾ Àੁੱਪਰ ਸਖ਼ਤੀ ਨਾਲ ਪਹਿਰਾ ਦਿੰਦੀ ਹੈ ਅਤੇ ਸੰਗਤਾਂ ਨੂੰ ਨਾਮ ਬਾਣੀ ਅਭਿਆਸ ਨਾਲ ਜੋੜਦਿਆਂ ਰਹਿਤ ਮਰਿਯਾਦਾ ਦ੍ਰਿੜ ਕਰਵਾਉਂਦੀ ਹੈ। ਇਸ ਸਮੇਂ ਵਿਸੇਸ਼ ਕਰਕੇ ਕਾਰ-ਸੇਵਾ ਡੇਰਾ ਖਡੂਰ ਸਾਹਿਬ ਨੇ ਕਾਰ-ਸੇਵਾ ਦਾ ਘੇਰਾ ਵਿਸ਼ਾਲ ਕਰਦਿਆਂ ਵਿਦਿਅਕ ਸੰਸਥਾਵਾਂ ਦੀ ਉਸਾਰੀ ਅਤੇ ਸੰਚਾਲਨ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਰੁੱਖ ਲਗਾਉਣ ਅਤੇ ਉਹਨਾਂ ਨੂੰ ਪਾਲਣ ਦੀ ਵੱਡੀ ਸੇਵਾ ਨਿਭਾਈ ਹੈ। ਖਡੂਰ ਸਾਹਿਬ ਵਿਖੇ ਹੀ ਨਿਸ਼ਾਨ-ਏ-ਸਿੱਖੀ ਨਾਂ ਦਾ ਅੱਠ ਮੰਜ਼ਿਲਾਂ ਖ਼ੂਬਸੂਰਤ ਅਤੇ ਅਤਿ ਆਧੁਨਿਕ ਸਹੂਲਤਾਂ ਵਾਲਾ ਬੁਰਜ ਬਣਾਕੇ ਸਿੱਖ ਪ੍ਰਤਿਭਾ ਪੈਦਾ ਕਰਨ ਦਾ ਭਵਿੱਖ ਮੁਖੀ ਉਪਰਾਲਾ ਕੀਤਾ ਹੈ।
ਕਾਰ-ਸੇਵਾ ਅਤੇ ਇਮਾਰਤਸਾਜ਼ੀ:-ਇਮਾਰਤਸਾਜ਼ੀ ਦਾ ਕੌਮੀ ਪੱਧਰ ਉੱਤੇ ਬਹੁਤ ਮਹੱਤਵ ਹੁੰਦਾ ਹੈ। ਇਮਾਰਤਾਂ ਕੇਵਲ ਵਰਤੋਂ ਲਈ ਹੀ ਨਹੀਂ ਬਣਾਈਆਂ ਜਾਂਦੀਆਂ , ਸਗੋਂ ਇਹਨਾਂ ਦਾ ਰੂਹਾਨੀ, ਇਤਿਹਾਸਕ ਅਤੇ ਸੱਭਿਆਚਰਕ ਮਹੱਤਵ ਬਹੁਤ ਵਡੇਰਾ ਹੁੰਦਾ ਹੈ।
ਗੁਰੂ ਮਹਾਰਾਜ ਨੇ ਗੁਰਬਾਣੀ ਦੇ ਗੁਹਜ ਅਰਥਾਂ ਨੂੰ ਪ੍ਰਗਟ ਕਰਨ ਲਈ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ।ਇਸਦਾ ਨਕਸ਼ਾ ਜੇਕਰ ਵਿਚਾਰਿਆ ਜਾਵੇ ਤਾਂ ਨਾਸਤਿਕਾਂ ਦਾ ਵੀ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ।ਇਲਾਹੀ ਨੂਰ ਦਾ ਮੁਜੱਸਮਾ ਇਹ ਇਮਾਰਤ ਸਿੱਖ ਕੌਮ ਲਈ ਭਵਿੱਖ ਵਿੱਚ ਬਣਨ ਵਾਲੀਆਂ ਸਮੂਹ ਇਮਾਰਤਾਂ ਲਈ ਚਾਨਣ ਦੀਆਂ ਰਿਸ਼ਮਾਂ ਬਿਖੇਰਦੀ ਹੈ।
ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਹਰਿਮੰਦਰ ਦੀ ਰਚਨਾ ਕੀਤੀ ਤਾਂ ਇਸ ਵਿੱਚ ਦਾਖਲੇ ਲਈ ਇੱਕ ਪੁਲ ਬਣਾਇਆ ਗਿਆ ਜਿਸਦੀ ਲੰਬਾਈ ੮੪ ਕਦਮ ਰੱਖੀ ਗਈ। ਪੁਲ ਦੇ ਹੇਠਾਂ ਸਵ੍ਰਗਦੁਆਰੀਆਂ ਹਨ ਜੋ ਗਿਣਤੀ ਵਿੱਚ ੮੪ ਹਨ। ਅੰਦਰੋਂ ਹਰਿਮੰਦਰ ਖੁੱਲ੍ਹਾ ਹੈ ਅਤੇ ਇਸਦੇ ਚਾਰ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਹਨ ਤਾਂ ਕਿ ਸੰਗਤ ਦਾ ਸੰਕਲਪ ਪੂਰਾ ਹੋ ਸਕੇ, ਉਪਰ ਗੁੰਬਦ ਹੈ। ਗੁੰਬਦ ਦੇ ਉਪਰ ਕਮਲ ਦਾ ਫੁੱਲ ਹੈ। ਇਸ ਸਭ ਦੈਵੀ ਪ੍ਰਤੀਕ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਬਾਰੀਕ ਖੂਬੀਆਂ ਹਨ ਜੋ ਬਝਵੇਂ ਰੂਪ ਵਿਚ ਅਜੇ ਸਾਹਮਣੇ ਨਹੀਂ ਆ ਸਕੀਆਂ। ਸਿੱਖ ਇਮਾਰਤਸਾਜ਼ੀ ਦੇ ਪ੍ਰਤੀਕਾਂ ਦੀ ਵਿਆਖਿਆ ਅਕਾਦਮਿਕ ਜਗਤ ਦਾ ਧਿਆਨ ਮੰਗਦੀ ਹੈ। ਮਾਰਟਿਨ ਲਿੰਗਜ਼ ਲਿਖਦਾ ਹੈ ਕਿ ਆਧੁਨਿਕ ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਇਸ ਕਰਕੇ ਉਪਜਦੀਆਂ ਹਨ ਕਿ ਉਸ ਨੂੰ ਪ੍ਰਤੀਕਾਂ ਦੀ ਵਿਆਖਿਆ ਨਹੀਂ ਕਰਨੀ ਆਉਂਦੀ। ਇਹ ਨਕਸ਼ਾ ਹਰਿਮੰਦਰ ਦੇ ਪ੍ਰਗਟ ਹੋਣ ਤੋਂ ਬਾਅਦ ਬਣਨ ਵਾਲੇ ਸਮੂਹ ਗੁਰੁਦਆਰਾ ਸਾਹਿਬਾਨ ਦੀਆਂ ਇਮਾਰਤਾਂ ਵਿੱਚ ਲਗਭਗ ਉਸੇ ਰੂਪ ਵਿੱਚ ਕਾਰਜਸ਼ੀਲ ਦਿਸਦਾ ਹੈ।
ਕਾਰ-ਸੇਵਾ ਰਾਹੀਂ ਉਸਾਰੀਆਂ ਗਈਆਂ ਇਮਾਰਤਾਂ ਵਿੱਚ ਗੁਰੂ ਸਾਹਿਬ ਦੁਆਰਾ ਹਰਿਮੰਦਰ ਸਾਹਿਬ ਨੂੰ ਪ੍ਰਗਟ ਕਰਨ ਸਮੇਂ ਵਰਤੀ ਗਈ ਉਸਾਰੀਕਲਾ ਦੀ ਦਿੱਬਤਾ ਨੂੰ ਲਗਭਗ ਲਗਾਤਾਰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਵਿੱਚ ਗੁੰਬਦ, ਡਾਟਾਂ, ਗੁੰਮਟੀਆਂ ਅਤੇ ਝਾਲਰਦਾਰ ਮਹਿਰਾਬਾਂ ਦੀ ਵਰਤੋਂ ਅੱਜ ਵੀ ਉਸੇ ਰੂਪ ਵਿੱਚ ਨਿਰਵਿਘਨ ਜਾਰੀ ਹੈ। ਗੁਰੂ ਸਿਹਬ ਤੋਂ ਬਾਅਦ ਉਸਾਰੀ ਦਾ ਇਹ ਕਾਰਜ ਸਰਕਾਰ ਖ਼ਾਲਸਾ ਵਲੋਂ ਵੀ ਕੀਤਾ ਗਿਆ।ਸਿੱਖ ਰਾਜ ਦੀਆਂ ਸ਼ਾਮਾਂ ਢਲਦਿਆਂ ਹੀ ਕੌਮ ਇਕ ਡੂੰਘੀ ਨੇਸਤੀ ਦਾ ਸ਼ਿਕਾਰ ਹੋ ਗਈ। ਆਰੀਆ ਸਮਾਜ ਅਤੇ ਇਸਾਈ ਮਿਸ਼ਨਰੀਆਂ ਦੇ ਪ੍ਰਭਾਵੀ ਹਮਲੇ ਨੇ ਕੌਮ ਨੂੰ ਝੰਜੋੜਿਆ ਤਾਂ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਅਤੇ ਸਿੰਘ ਸਭਾ ਲਹਿਰ ਆਦਿ ਸੰਸਥਾਵਾਂ ਹੋਂਦ ਵਿਚ ਆਈਆਂ। ਡਿਗਦੀ ਸਾਖ਼ ਨੂੰ ਬਚਾਉਣ ਲਈ ਪੰਥ ਨੂੰ ਅਨੇਕ ਮੋਰਚੇ ਲਾਉਣੇ ਪਏ। ਸਿੱਖਾਂ ਨੂੰ ਪਹਿਲੀ ਵਾਰ ਆਪਣੀ ਕੌਮੀ ਹੋਂਦ ਨੂੰ ਕੋਈ ਖਤਰਾ ਮਹਿਸੂਸ ਹੋਇਆ। ਇਸ ਖਤਰੇ ਵਿਚੋਂ ਹੀ ਇਕ ਕੇਂਦਰੀ ਉਸਾਰੀ-ਸੰਸਥਾ ਦੀ ਲੋੜ ਸ਼ਿੱਦਤ ਨਾਲ ਮਹਿਸੂਸ ਕੀਤੀ ਗਈ। ਬਾਬਾ ਗੁਰਮੁਖ ਸਿੰਘ ਜੀ ਰਾਹੀਂ ਪੰਥ ਦੀ ਇਸ ਲੋੜ ਦੀ ਅਰਦਾਸ ਨੂੰ ਫੁੱਲ ਲੱਗਾ।
ਉਸ ਤੋਂ ਬਾਅਦ ਉਸਾਰੀ ਦੀ ਸੇਵਾ ਮੁਕੰਮਲ ਰੂਪ ਵਿੱਚ ਕਾਰ-ਸੇਵਾ ਸੰਪ੍ਰਦਾਇ ਨਾਲ ਸਬੰਧਿਤ ਹੋ ਗਈ।ਇਸ ਤੋਂ ਪਹਿਲਾਂ ਬਹੁਤ ਸਾਰੇ ਗੁਰਧਾਮਾਂ ਦੀਆਂ ਬਹੁਤ ਛੋਟੀਆਂ ਇਮਾਰਤਾਂ ਸਨ ਜਾਂ ਕਈ ਥਾਂਈਂ ਕੇਵਲ ਥੜ੍ਹੇ ਅਤੇ ਰੁੱਖ ਹੀ ਸਨ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਉੱਥੇ ਆਲੀਸ਼ਾਨ ਇਮਾਰਤਾਂ ਹਨ।
ਇਮਾਰਤਾਂ ਵਿੱਚ ਵਰਤੀ ਗਈ ਜਿਊਮੈਟਰੀ/ਰੇਖਾਗਣਿਤ ਦੈਵੀ ਰੂਪ ਵਿੱਚ ਨਿਯੰਤਰਿਤ ਹੈ।ਇਸੇ ਕਰਕੇ ਇਮਾਰਤਾਂ ਦੀਆਂ ਗੋਲਾਈਆਂ, ਬੁਰਜ, ਬਣਤਰ ਤੇ ਨਕਸ਼ ਆਦਿ ਦੇਖਣ ਵਾਲੇ ਦੀ ਸੁਰਤਿ ਨੂੰ ਬੇਹੱਦ ਪ੍ਰਭਾਵਿਤ ਕਰਦੇ ਹਨ। ਇਹ ਅਸਲ ਵਿੱਚ ਕਿਸੇ ਕੌਮ ਦੀ ਸਪੇਸ ਦੀ ਸਮਝ ਨੂੰ ਦਰਸਾਉਂਦਾ ਹੈ। ਇਮਾਰਤ ਦਾ ਖਾਕਾ ਜਦ ਅਥਾਹ ਨੀਲੱਤਣ ਵਿੱਚ ਆਪਣਾ ਅਕਸ ਉਭਾਰਦਾ ਹੈ ਤਾਂ ਇਸਦੀਆਂ ਰੇਖਾਵਾਂ ਦੇ ਕਟਾਵ ਚੇਤਨਾ ਦੀਆਂ ਧੁਰ ਡੂੰਘਾਈਆਂ ਵਿੱਚ ਉਤਰ ਜਾਂਦੇ ਹਨ।ਸਦੀਆਂ ਦਾ ਇਤਿਹਾਸ ਬੋਲ ਉਠਦਾ ਹੈ ਕਿ ਇਹ ਇਮਾਰਤ ਕਿਸ ਰੂਹਾਨੀ ਮਰਕਜ਼ ਨਾਲ ਸਬੰਧਿਤ ਹੈ।ਕਾਰ-ਸੇਵਾ ਸ਼ਬਦ Àੁੱਪਰ ਧਿਆਨ ਕੇਂਦ੍ਰਿਤ ਕੀਤਿਆਂ ਇਸਦੇ ਅਰਥਾਂ ਦੀਆਂ ਵਿਭਿੰਨ ਪਰਤਾਂ ਆਪਣੇ ਸੰਪੂਰਨ ਵਿਗਾਸ ਵਿੱਚ ਸਾਡੀ ਸੁਰਤ ਉੱਪਰ ਆਪਣਾ ਨਕਸ਼ ਉਕਰ ਦਿੰਦੀਆਂ ਹਨ।  ਕੋਸ਼ਗਤ ਅਰਥਾਂ ਅਨੁਸਾਰ ਕਾਰ-ਸੇਵਾ ਸੰਗਤੀ ਰੂਪ ਵਿੱਚ ਧਰਮ ਅਰਥ ਅਰਪਿਤ ਕੀਤੇ ਦਸਵੰਧ ਨਾਲ ਕੀਤਾ ਜਾਣ ਵਾਲਾ ਕਾਰਜ ਹੈ। ਮਾਇਕ ਲੋੜਾਂ ਦੀ ਪੂਰਤੀ ਲਈ ਗੁਰੂ ਘਰ ਵਲੋਂ ਦਸਵੰਧ ਦੀ ਪ੍ਰਥਾ ਆਰੰਭ ਕੀਤੀ ਗਈ ਜਿਸਨੂੰ 'ਕਾਰ-ਭੇਂਟਾ' ਕਿਹਾ ਜਾਂਦਾ ਸੀ।ਗੁਰੂ ਸਾਹਿਬਾਨ ਨੇ ਸੰਗਤਾਂ ਦੀ ਲੋੜ ਅਤੇ ਕਿਸੇ ਰੂਹਾਨੀ ਮਕਸਦ ਹਿੱਤ ਵੀ ਬਾਉਲੀਆਂ ਲਗਵਾਈਆਂ, ਸਰੋਵਰਾਂ ਦੀ ਰਚਨਾ ਕੀਤੀ ਅਤੇ ਲੰਗਰ ਦੀ ਸੰਸਥਾ ਸਥਾਪਿਤ ਕੀਤੀ ਇਹ ਸਾਰੇ ਕਾਰਜ ਸੰਗਤਾਂ ਵਲੋਂ ਭੇਟ ਕੀਤੇ ਦਸਵੰਧ ਨਾਲ ਹੀ ਚਲਾਏ ਜਾਂਦੇ ਸਨ। ਜਦ ਅਕਬਰ ਨੇ ਵੱਡੀ ਰਕਮ ਲੰਗਰ ਲਈ ਭੇਟ ਕਰਨ ਦੀ ਇੱਛਾ ਜਾਹਰ ਕੀਤੀ ਤਾਂ ਹਜ਼ੂਰ ਪਾਤਸ਼ਾਹ ਨੇ ਮਨ੍ਹਾਂ ਕਰ ਦਿੱਤਾ ਸੀ। ਇਸ ਪਿੱਛੇ ਰਮਜ਼ ਇਹ ਹੈ ਕਿ ਸੰਗਤਾਂ ਦੇ ਦਿੱਤੇ ਦਾਨ ਵਿੱਚ ਬਰਕਤ ਹੁੰਦੀ ਹੈ। ਇਸ ਵਿੱਚ ਕੋਈ ਵਿਅਕਤੀ ਵਿਸ਼ੇਸ ਨਹੀਂ ਹੁੰਦਾ ਕੇਵਲ ਸੰਗਤ ਹੀ ਇੱਕ ਮਹਾਨ ਦੇਹ ਵਾਂਗ ਵਿਚਰਦੀ ਹੈ, ਜਿਸ ਵਿੱਚ ਸਮੂਹ ਅਲਪ ਦੇਹਾਂ ਸਮਾਅ ਜਾਂਦੀਆਂ ਹਨ।
ਜੇਕਰ ਕਾਰ-ਸੇਵਾ ਨੂੰ ਕਾਰਜ ਜਾਂ ਕੰਮ ਦੇ ਅਰਥਾਂ ਵਿੱਚ ਵਿਚਾਰਿਆ ਜਾਵੇ ਤਾਂ ਇਹ ਅਜਿਹਾ ਕਾਰਜ ਹੈ ਜਿਸਦੀ ਨੀਂਹ 'ਸਤਿਨਾਮ' Àੁੱਪਰ ਰੱਖੀ ਜਾਂਦੀ ਹੈ। ਸੰਗਤਾਂ ਕਾਰ-ਸੇਵਾ ਕਰਦਿਆਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਹਨ।' ਸਤਿਨਾਮ' ਨੂੰ ਅਕਾਲ ਪੁਰਖ ਦਾ 'ਪਰਾ ਪੂਰਬਲਾ' ਨਾਮ ਆਖਿਆ ਗਿਆ ਹੈ। ਸਤਿਨਾਮ ਦਾ ਜਾਪ ਕਰਦੀਆਂ ਸੰਗਤਾਂ ਜਦ ਕਹੀ-ਟੋਕਰੇ ਦੀ ਸੇਵਾ ਕਰਦੀਆਂ ਹਨ ਤਾਂ ਇਹ ਦ੍ਰਿਸ਼ ਆਪਣੀ ਮਹਾਨ ਸਾਦਗੀ ਵਿੱਚ ਵਾਪਰ ਰਿਹਾ ਅਕਾਲੀ ਹੁਕਮ ਬਣ ਜਾਂਦਾ ਹੈ। ਇਹ ਅਜਿਹਾ ਕਾਰਜ ਹੈ ਜਿਸ ਵਿੱਚ ਕਿਸੇ ਦਾ ਵੀ ਨਿੱਜ ਜਾਂ ਮੈਂ ਸ਼ਾਮਿਲ ਨਹੀਂ ਹੈ। ਇਹ ਅਨਿੱਜ ਜਾਂ ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿੱਚ ਸਿੱਖ ਅਮੈਂ ਦੁਆਰਾ ਕੀਤਾ ਜਾਣ ਵਾਲਾ ਕਾਰਜ ਹੈ। ਇਸ ਵਿੱਚ ਸੰਗਤ ਹੀ 'ਅੰਤਮ ਹੈ' ਦੇ ਰੂਪ ਵਰਤਮਾਨ ਹੁੰਦੀ ਹੈ। ਇਸ ਕਾਰਨ ਇਸ ਕਾਰਜ ਨਾਲ ਸੰਸਾਰਕ ਕਾਰਜਾਂ ਵਾਂਗ ਲਾਭ-ਹਾਨੀ ਦੀਆਂ ਗਿਣਤੀਆਂ ਮਿਣਤੀਆਂ ਨੂੰ ਨਹੀਂ ਜੋੜਿਆ ਜਾਂਦਾ। ਸੰਗਤਾਂ ਨਾਮ ਦੇ ਆਸਰੇ ਹੀ ਔਖੇ ਤੋਂ ਔਖੇ ਹਾਲਾਤ ਵਿੱਚ ਕਾਰਜ ਸੰਪੂਰਨ ਕਰ ਦਿੰਦੀਆਂ ਹਨ। ਉਸ ਸਮੇਂ ਸੰਗਤ ਦੀ ਮਹਾਨ ਦੇਹ ਇੱਕ ਟਕਸਾਲ ਬਣ ਜਾਂਦੀ ਹੈ। ਜਿਸ ਵਿੱਚ ਸਿੱਖ ਦੀ ਸ਼ਖਸੀਅਤ, ਉਸਦਾ ਵਿਅਕਤੀਤਵ ਘੜਿਆ ਜਾਂਦਾ ਹੈ। ਸੰਗਤ ਵਿੱਚ ਵਿਚਰਦੇ ਸਮੇਂ ਸਿੱਖ ਦੀ ਸੁਰਤਿ ਸਿੱਖ ਸੱਭਿਆਚਾਰ ਨੂੰ ਸਹਿਜ ਰੂਪ ਵਿੱਚ ਹੀ ਆਪਣੇ ਅੰਦਰ ਉਤਾਰ ਲੈਂਦੀ ਹੈ। ਇਥੇ ਹੀ ਮਨੁੱਖਾ ਦੇਹੀ ਦੀ ਠੀਕ ਵਰਤੋਂ ਦਾ ਮੌਕਾ ਬਣਦਾ ਹੈ। ਵਰਤਮਾਨ ਦੁਨੀਆਂ ਦੀ ਜੀਵਨ ਜਾਚ ਵਿੱਚ ਦੇਹ ਰੂਪ ਵਿੱਚ ਕਿਸੇ ਦੈਵੀ ਕਾਰਜ ਨੂੰ ਕਰਨ  ਦਾ ਸਬੱਬ ਨਹੀਂ ਬਣ ਸਕਦਾ। ਮਨੁੱਖ ਮਨ ਕਰਕੇ ਜੇ ਸੋਚੇ ਵੀ ਤਾਂ ਦੇਹ ਕਰਕੇ ਉਹ ਸੀਮਾ ਵਿੱਚ ਘਿਰ ਜਾਂਦਾ ਹੈ। ਕਾਲ ਵੀ ਦੇਹ ਨੂੰ ਗ੍ਰਸ ਲੈਣ ਵਾਲੀ ਮਹਾਨ ਸ਼ਕਤੀ ਹੈ। ਮਨੁੱਖ ਦਾ ਮਨ ਕਰਦਾ ਹੈ ਪਰ ਸਮੇਂ ਦੀ ਚਾਲ ਉਸਨੂੰ ਤਨ ਕਰਕੇ ਸੇਵਾ ਵਰਗੇ ਪ੍ਰਮਾਰਥੀ ਕਾਰਜ ਵਿੱਚ ਨਹੀਂ ਲੱਗਣ ਦਿੰਦੀ।ਜਦ ਸੰਗਤੀ ਰੂਪ ਵਿੱਚ ਮਨੁੱਖ ਕਾਰ-ਸੇਵਾ ਦਾ ਕਾਰਜ ਕਰਦਾ ਹੈ ਤਾਂ ਉਹ ਆਪਣੀ ਦੇਹ ਅਤੇ ਆਪਣਾ ਸਮਾਂ ਸਤਿਨਾਮ ਦੇ ਲੇਖੇ ਲਾਉਂਦਾ ਹੈ।
ਇਹ ਅਜਿਹਾ ਕਾਰਜ ਹੈ ਜਿਸ ਵਿਚ ਸਾਡੀ ਸਮੁੱਚੀ ਕੌਮ ਦੀ ਸਿਰਜਣਾਤਮਕ ਪ੍ਰਤਿਭਾ ਦਾ ਜਲਵਾ ਨੁਮਾਇਆ ਹੁੰਦਾ ਹੈ। ਕਾਰ ਸੇਵਾ ਰਾਹੀਂ ਉਸਾਰੀਆਂ ਗਈਆਂ ਇਮਾਰਤਾਂ ਵਿਚ ਜਿਸ ਪ੍ਰਕਾਰ ਦਾ ਸੁਹਜ ਅਤੇ ਸੁੰਦਰਤਾ ਪ੍ਰਗਟ ਹੁੰਦੀ ਹੈ ਉਹ ਯਕੀਨਲ ਲੋੜ ਦੀ ਮੁਥਾਜੀ ਅਤੇ ਨਿਰੋਲ ਸੁਹਜਾਤਮਕ ਸੁੰਦਰਤਾ ਵਜੋਂ ਬਣਾਈਆਂ ਗਈਆਂ ਇਮਾਰਤਾਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਅਤੇ ਲੰਮੀ ਉਮਰ ਵਾਲੀਆਂ ਹਨ। ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਤੋਂ ਇਲਾਵਾ ਵੀ ਜੇਕਰ ਕੁਝ ਇਮਾਰਤਾਂ ਨੂੰ ਵਿਚਾਰਿਆ ਜਾਵੇ ਤਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਇਕ ਅਜਿਹੀ ਇਮਾਰਤ ਹੈ ਜਿਸ ਵਿਚ ਕਾਰ ਸੇਵਾ ਨੇ ਅਜਿਹੀ ਆਤਮਕ ਖਿੱਚ ਅਤੇ ਸ਼ਾਹੀ ਜਲੋਅ ਭਰ ਦਿੱਤਾ ਹੈ ਕਿ ਅੱਜ ਵੀ ਇਹ ਇਮਾਰਤ ਹਰ ਸਿੱਖ ਨੂੰ ਪ੍ਰਭਾਵਿਤ ਕਰਦੀ ਹੈ। ਕਹਿੰਦੇ ਹਨ ਕਿ ਖ਼ਾਲਸਾ ਕਾਲਜ ਦੀ ਉਸਾਰੇ ਵੇਲੇ ਜਦ ਕਾਰ ਸੇਵਾ ਲਾਈ ਗਈ ਤਾਂ ਪੰਥ ਦੇ ਵੱਡੇ ਆਗੂ ਵੀ ਝੋਲੀ ਅੱਡ ਕੇ ਦਾਨ ਮੰਗਦੇ ਸਨ ਤੇ ਹਰ ਕਿਸੇ ਦੀ ਹਰ ਇਕ ਭੇਟ ਸਵੀਕਾਰ ਕੀਤੀ ਗਈ, ਇਥੋਂ ਤੱਕ ਕਿ ਇਕ ਗਰੀਬ ਜੱਟ ਨੇ ਗਨੇਰੀਆਂ ਹੀ ਭੇਟ ਕਰ ਦਿੱਤੀਆ ਤਾਂ ਉਹ ਵੀ ਨੀਹਾਂ ਵਿਚ ਪਾ ਦਿੱਤੀਆਂ ਗਈਆਂ ਤਾਂ ਕਿ ਇਨ੍ਹਾਂ ਦੀ ਮਿਠਾਸ ਕਾਲ ਦੇ ਲੰਮੇ ਅੰਤਰਾਲ ਵਿਚ ਹਰੇਕ ਨੂੰ ਸਰਸ਼ਾਰ ਕਰਦੀ ਰਹੇ। ਕਾਰ ਸੇਵਾ ਰਾਹੀਂ ਹੀ ਅਸੀਂ ਆਪਣੀ ਕੌਮ ਦੇ ਸਿਰਜਣਾਤਮਕ ਪਸਾਰਾਂ ਨੂੰ ਪ੍ਰਗਟ ਹੋਇਆ ਦੇਖਦੇ ਹਾਂ।
ਜੇਕਰ ਕਾਰ ਸੇਵਾ ਨੂੰ 'ਕਾਰ' ਅਕਵਾ ਲਕੀਰ ਦੇ ਅਰਥਾਂ ਵਿਚ ਵੇਖਿਆ ਜਾਵੇ ਤਾਂ ਇਹ ਸਿੱਖ ਰੇਖਾ ਗਣਿਤ ਜਾਂ ਜਿਊਮੈਟਰੀ ਦਾ ਮਹਾਨ ਜਲਵਾ ਪ੍ਰਗਟ ਕਰਨ ਵਾਲਾ ਮੁਜੱਸਮਾ ਬਣ ਜਾਂਦੀ ਹੈ।

ਕਾਰ (ਲਕੀਰ) ਜੇਕਰ ਅਨੁਪਾਤ ਦੀ ਰੂਹਾਨੀ ਅਧੀਨਗੀ ਵਿੱਚ ਵਿਚਰਦੀ ਹੈ ਤਾਂ ਦੈਵੀ ਇਮਾਰਤਾਂ ਦੇ ਨਕਸ਼ੇ ਧਰਤੀ ਤੇ ਉਲੀਕ ਦਿੰਦੀ ਹੈ।ਅਨੁਪਾਤ ਦੀ ਰੂਹਾਨੀ ਅਧੀਨਗੀ ਤੋਂ ਭਾਵ ਕਿ ਖੂਬਸੂਰਤੀ ਅਤੇ ਸੁਹਜ ਦੇ Àੁੱਚੇ ਅਤੇ ਉਦਾਤਪੂਰਨ ਮਾਪਦੰਡਾਂ ਅਨੁਸਾਰ ਵਿਹਾਰ ਕਰਨਾ ਹੈ ਜਿਨ੍ਹਾਂ ਉਪਰ ਨਾਮ ਰਸ ਵਿੱਚ ਗੜੁੰਦ ਹੋਈ ਸੁਰਤਿ ਦਾ ਪਹਿਰਾ ਹੋਵੇ।ਖੂਬਸ੍ਰੂਤੀ ਵਿੱਚ ਅਨੁਪਾਤ ਦੀ ਵੱਡੀ ਮਹੱਤਤਾ ਹੁੰਦੀ ਹੈ।ਅਨੁਪਾਤ ਸੁਭਿਆਚਾਰਕ ਵਰਤਾਰਾ ਹੈ ਅਤੇ ਸੱਭਿਆਚਾਰ ਇਤਿਹਾਸਕ ਵਰਤਾਰਾ ਹੈ।ਇਤਿਹਾਸ ਵਿੱਚ ਜੇਕਰ ਪ੍ਰਭੂ ਪ੍ਰੀਤਮ ਦਾ ਡੇਰਾ ਨਾ ਹੋਵੇ ਤਾਂ ਇਹ ਨਿਰਾ ਹਉਮੈ ਦਾ ਪਾਸਾਰਾ ਬਣ ਜਾਂਦਾ ਹੈ।ਸਿੱਖ ਇਤਿਹਾਸ ਪਿੱਛੇ ਨਾਮ ਸਿਮਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਾਹਨ ਅਗਵਾਈ ਮੌਜੂਦ ਹੈ। ਇਸ ਲਈ ਸਿੱਖ ਸੱਭਿਆਚਾਰ ਵਿੱਚ ਗੁਰੂ ਜੋਤ ਹਰ ਸਮੇਂ ਪ੍ਰਕਾਸ਼ਮਾਨ ਰਹਿੰਦੀ ਹੈ। (ਯਾਦ ਰਹੇ ਕਿ ਸਿੱਖ ਸੱਭਿਆਚਾਰ ਦਾ ਅਰਥ ਪ੍ਰਚੱਲਤ ਪੰਜਾਬੀ ਸੱਭਿਆਚਾਰ ਨਹੀਂ ਹੈ)। ਇਸੇ ਕਰਕੇ ਸਿੱਖ ਇਮਾਰਤਸਾਜ਼ੀ ਵਿੱਚ ਦਿੱਬਤਾ ਦਾ ਝਲਕਾ ਵੱਜਦਾ ਰਹਿੰਦਾ ਹੈ।
ਮਟੀਰੀਅਲ : ਕਾਰ-ਸੇਵਾ ਨਾਲ ਬਣੀਆਂ ਇਮਾਰਤਾਂ ਦਾ ਵੇਖਣ ਵਾਲੇ ਦੀ ਸੁਰਤ ਉਪਰ ਪਹਿਲਾ ਪ੍ਰਭਾਵ ਰੂਹਾਨੀ ਕਿਸਮ ਦੀ ਠੰਡਕ ਦਾ ਹੈ। ਵੱਡੇ ਬੁਰਜ, ਝਾਲਰਦਾਰ ਡਾਟਾਂ, ਮਹਿਰਾਬਾਂ, ਗੁੰਬਦ, ਗੁੰਮਟੀਆਂ ਤੇ ਪੱਥਰ ਉਪਰ ਕੀਤੀ ਵਿਸ਼ੇਸ਼ ਕਿਸਮ ਦੀ ਫੁੱਲਾਂ , ਫਲਾਂ ਤੇ ਵੇਲਬੂਟੀਆਂ ਵਾਲੀ ਕਲਾਕਾਰੀ ਸਮੁੱਚੀਆਂ ਧਾਰਮਿਕ ਇਮਾਰਤਾਂ ਨੂੰ ਮਹਾਨ ਏਕਤਾ ਪ੍ਰਦਾਨ ਕਰਦੀ ਹੈ। ਇਹਨਾਂ ਕੁਝ ਇੱਕ ਸਾਂਝੇ ਲੱਛਣਾਂ ਦੀ ਏਕਤਾ ਰਾਹੀਂ ਸਮੁੱਚਾ ਪੰਥ ਗੁਰੂ ਲਿਵ ਦੀ ਨੇੜਤਾ  ਵਿੱਚ ਧੜਕਦਾ ਮਹਿਸੂਸ ਹੁੰਦਾ ਹੈ।ਕਾਰ ਸੇਵਾ ਵਿਚ ਪਹਿਲੇ ਸਮਿਆਂ ਦੌਰਾਨ ਦਰਿਆਈ ਰੋੜ ਪੀਹ ਕੇ ਅਤੇ ਵਿਚ ਕੁਝ ਹੋਰ ਮਸਾਲੇ ਪਾ ਕੇ ਜੋੜਨ ਵਾਲਾ ਮਟੀਰੀਅਲ ਤਿਆਰ ਕੀਤਾ ਜਾਂਦਾ ਸੀ। ਇੱਟਾਂ ਭੱਠਿਆਂ ਵਿਚ ਤਿਆਰ ਕੀਤੀਆਂ ਜਾਂਦੀਆਂ ਸਨ ਜੋ ਆਮ ਤੌਰ ਤੇ ਮੁੱਲ ਹੀ ਖ੍ਰੀਦੀਆਂ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿਚ ਕਾਰਖਾਨਾ ਸੰਗਸਫੈਦ ਜਾਂ ਸੰਗਮਰਮਰ ਸਥਾਪਤ ਕੀਤਾ। ਇਸ ਨਾਲ ਹਰਿਮੰਦਰ ਸਾਹਿਬ ਵਿਚ ਲੱਗਣ ਵਾਲੇ ਸੰਗਮਰਮਰ ਦਾ ਕੰਮ ਇਸ ਕਾਰਖਾਨੇ ਰਾਹੀਂ ਹੁੰੰਦਾ ਰਿਹਾ। ਹੁਣ ਹਰੇਕ ਗੁਰੂ ਘਰ ਵਿਚ ਸੰਗਮਰਮਰ ਦੀ ਸੇਵਾ ਹੰਦੀ ਹੈ ਜੋ ਕਿ ਕਾਰ ਸੇਵਾ ਦੇ ਮਿਸਤਰੀ ਹੀ ਕਰਦੇ ਹਨ।ਇਸ ਤੋਂ ਇਲਾਵਾ ਸਰੀਆ ਸੀਮਿੰਟ ਵੀ ਵੱਡੀ ਮਾਤਰਾ ਵਿਚ ਵਰਤਿਆ ਜਾਂਦਾ ਹੈ।
ਕਾਰ-ਸੇਵਾ ਸੰਪ੍ਰਦਾਇ ਨੇ ਇੱਕ ਮਹਾਨ ਕਾਰਜ ਇਹ ਕੀਤਾ ਹੈ ਕਿ ਇਸ ਨਾਲ ਕੌਮੀ ਸ਼ਕਤੀ ਇਕਮੁੱਠ ਹੋਈ ਹੈ ਅਤੇ ਬਿਨਾ ਕੋਈ ਉਤੇਜਨਾ ਭਰਪੂਰ ਵਾਤਾਵਰਨ ਪੈਦਾ ਕੀਤਿਆਂ ਪੰਥਕ ਕੰਮਾਂ ਵਿੱਚ ਖਰਚ ਹੁੰਦੀ ਹੈ। ਸ਼ਕਤੀ ਬਾਰੇ ਵਿਗਿਆਨਕ ਤੱਥ ਇਹ ਹੈ ਕਿ ਸ਼ਕਤੀ ਗਤੀਮਾਨ ਹੋ ਜਾਂਦੀ ਹੈ ਅਤੇ ਗਤੀਮਾਨ ਸ਼ਕਤੀ ਜੇਕਰ ਖਰਚ ਨਾ ਹੋਵੇ ਤਾਂ ਉਹ ਆਪਣਾ ਰੂਪ ਪ੍ਰਵਰਤਿਤ ਕਰ ਲੈਂਦੀ ਹੈ। ਜਿਵੇਂ ਬਿਜਲਈ ਸ਼ਕਤੀ ਗਤੀਮਾਨ ਹੋ ਕੇ ਬਹੁਤ ਵੱਡਾ ਹਿੱਸਾ ਤਾਪ ਸ਼ਕਤੀ ਦੇ ਰੂਪ ਵਿੱਚ ਪ੍ਰਵਰਤਿਤ ਕਰ ਲੈਂਦੀ ਹੈ। ਕਾਰ-ਸੇਵਾ ਨੇ ਪੰਥਕ ਸ਼ਕਤੀ ਨੂੰ ਗੁਰਮਤਿ ਨਾਲ ਜੋੜੀ ਰੱਖਿਆ ਹੈ ਅਤੇ ਲਗਾਤਾਰ ਉਸਾਰੂ ਕੰਮਾਂ ਵਿੱਚ ਸੰਚਾਰਿਤ ਕੀਤਾ ਹੈ।