ਪੰਜਾਬਣਾਂ ਦੇ ਚਾਵਾਂ-ਮਲ੍ਹਾਰਾਂ ਦਾ ਸ਼ਾਨਦਾਰ ਜਸ਼ਨ ਬਣਿਆ ''ਸੰਦਲੀ ਪੈੜਾਂ”’ 

ਪੰਜਾਬਣਾਂ ਦੇ ਚਾਵਾਂ-ਮਲ੍ਹਾਰਾਂ ਦਾ ਸ਼ਾਨਦਾਰ ਜਸ਼ਨ ਬਣਿਆ ''ਸੰਦਲੀ ਪੈੜਾਂ”’ 

ਪੰਜਾਬੀ ਕਲਚਰਲ ਸੈਂਟਰ ਯੂਐਸਏ ਦੇ ਵਿਹੜੇ ਵਹੀਰਾਂ ਘੱਤ ਕੇ ਪੁੱਜੀਆਂ ਹਰ ਉਮਰ ਦੀਆਂ ਬੀਬੀਆਂ 
ਫਰਿਜ਼ਨੋ/ਏਟੀ ਨਿਊਜ਼ :
ਪੰਜਾਬੀ ਕਲਚਰਲ ਸੈਂਟਰ ਯੂਐਸਏ. ਅਤੇ ਪੰਜਾਬੀ ਰੇਡੀਓ ਯੂਐਸਏ. ਵਲੋਂ ਕਰਵਾਇਆ ਵਿਲੱਖਣ ਪ੍ਰੋਗਰਾਮ ‘''ਸੰਦਲੀ ਪੈੜਾਂ” ਹਰ ਉਮਰ ਦੀਆਂ ਪੰਜਾਬਣਾਂ ਦੇ ਚਾਵਾਂ-ਮਲ੍ਹਾਰਾਂ ਦਾ ਸ਼ਾਨਦਾਰ ਜਸ਼ਨ ਹੋ ਨਿਬੜਿਆ। ਪੰਜਾਬੀ ਰੇਡੀਓ ਯੂਐਸਏ. ਦੇ ਫਰਿਜ਼ਨੋ ਸਟੂਡੀਓ 2125 ਐਨ ਬਾਰਟਨ ਐਵੇਨਿਊ ( 2125 N Barton Ave Fresno CA 93703 ) ਦੇ ਵਿਹੜੇ ਵਿਚ ਕਰਵਾਏ ਇਸ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਨਣ ਲਈ ਹਰ ਉਮਰ ਦੀਆਂ ਪੰਜਾਬਣਾਂ ਵਹੀਰਾਂ ਘੱਤ ਕੇ ਪੁੱਜੀਆਂ। 29 ਸਤੰਬਰ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਤੋਂ 6:00 ਵਜੇ ਤਕ ਚੱਲੇ ਇਸ ਪ੍ਰੋਗਰਾਮ ਦੌਰਾਨ ਹਰ ਉਮਰ ਦੀਆਂ ਪੰਜਾਬਣਾਂ ਦਾਦੀਆਂ, ਨਾਨੀਆਂ, ਮਾਵਾਂ, ਧੀਆਂ, ਭੈਣਾਂ, ਮੁਟਿਆਰਾਂ ਤੇ ਬੱਚੀਆਂ ਨੇ ਪੰਜਾਬੀ ਵਿਰਸੇ ਦੇ ਵੱਖ-ਵੱਖ ਰੂਪਾਂ ਦੀ ਪੇਸ਼ਕਾਰੀ ਨਾਲ ਖੂਬ ਰੌਣਕਾਂ ਲਾਈਆਂ। ਉਨ੍ਹਾਂ ਨੇ ਗੀਤ ਸੰਗੀਤ ਅਤੇ ਰਵਾਇਤੀ ਲੋਕ ਨਾਚ ਗਿੱਧੇ ਨਾਲ ਪੰਜਾਬੀ ਕਲਚਰਲ ਸੈਂਟਰ ਦੇ ਖੂਬਸੂਰਤ ਢੰਗ ਨਾਲ ਸਜਾਏ ਹਰੇ-ਭਰੇ ਪਾਰਕ ਦੀ ਫਿਜ਼ਾ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗੀ ਰੱਖਿਆ। 
ਪ੍ਰੋਗਰਾਮ ਦੀ ਰੂਹੇ ਰਵਾਂ ਬੀਬੀ ਬਲਵਿੰਦਰ ਕੌਰ ਦੀ ਅਗਵਾਈ ਹੇਠ ਉੱਘੀ ਗਾਇਕਾ ਤੇ ਜਾਣੀ ਪਛਾਣੀ ਰੇਡੀਓ ਹੋਸਟ ਜੋਤ ਰਣਜੀਤ ਕੌਰ ਅਤੇ ਆਪਣੀ ਸੁਰੀਲੀ ਆਵਾਜ਼ ਸਦਕਾ ਸਰੋਤਿਆਂ ਦੇ ਮਨਾਂ 'ਚ ਵਿਸ਼ੇਸ਼ ਸਥਾਨ ਰੱਖਣ ਵਾਲੀ ਰਾਣੀ ਕਾਹਲੋਂ ਨੇ ਪ੍ਰੋਗਰਾਮ ਦੀ ਸਮੁੱਚੀ ਕਾਰਵਾਈ ਨੂੰ ਬੜੇ ਦਿਲਚਸਪ ਲਹਿਜ਼ੇ ਵਿੱਚ ਵਿਉਂਤਬੰਦ ਕਰਕੇ ਚਲਾਇਆ। ਸਭ ਤੋਂ ਪਹਿਲਾਂ ਰਾਣੀ ਕਾਹਲੋਂ ਨੇ 
ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸਵਾਗਤੀ ਗੀਤ 'ਉਡੀਕਾਂ ਭੈਣ ਕਰੇ ਨਾਨਕ ਵੀਰ ਦੀਆਂ ਸਾਰੀ ਦੁਨੀਆ ਦੇ ਸਾਂਝੇ ਪੀਰ ਦੀਆਂ' ਨਾਲ ਸ਼ੁਰੂਆਤ ਕੀਤੀ
ਬੀਬੀਆਂ ਦੀ ਪਲ ਪਲ ਵਧਦੀ ਉਤਸੁਕਤਾ ਨੂੰ ਵੇਖਦਿਆਂ ਜੋਤ ਰਣਜੀਤ ਨੇ ਸਭਨਾ ਦਾ ਮਿੱਠੇ ਤੇ ਮੋਹ ਭਰੇ ਸ਼ਬਦਾਂ ਨਾਲ ਸੁਆਗਤ ਕਰਦਿਆਂ ਬਜ਼ੁਰਗ ਬੀਬੀ ਸੁਰਜੀਤ ਕੌਰ ਸੰਘਾ ਨੂੰ ਸੱਦਾ ਦਿੱਤਾ ਜਿਨ੍ਹਾਂ ਨੇ 'ਨਿੱਕੀ ਨਿੱਕੀ ਕਣੀ ਵੇ ਨਿੱਕਿਆ ਮੀਂਹ ਪਿਆ ਵਰ੍ਹੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ' ਲੋਕ ਗੀਤ ਸੁਹਾਗ ਗਾ ਕੇ ਵਿਆਹ ਵਾਲਾ ਮਾਹੌਲ ਸਿਰਜਣ ਦੀ ਪਹਿਲ ਕੀਤੀ। ਉਸ ਤੋਂ ਬਾਅਦ ਅਖਾੜਾ ਮਘਣ ਲੱਗਾ। 
ਲੋਕ ਗੀਤ ਤੇ ਹੋਰ ਵੰਨਗੀਆਂ ਪੇਸ਼ ਕਰਨ ਵਾਲੀਆਂ ਵਿੱਚ ਸੁਰਜੀਤ ਕੌਰ-ਗੁਰਮੀਤ ਕੌਰ, ਬਲਜੀਤ ਕੌਰ-ਦਲਜੀਤ ਕੌਰ, ਤਰਸੇਮ ਕੌਰ-ਗੁਰਦੀਪ ਕੌਰ, ਦਲਜੀਤ ਕੌਰ-ਰਾਜ ਕੌਰ ਦੀਆਂ ਜੋੜੀਆਂ ਤੋਂ ਇਲਾਵਾ ਕੁਲਦੀਪ ਕੌਰ, ਹਰਿੰਦਰ ਕੌਰ ਰੰਧਾਵਾ, ਇੰਦਰਜੀਤ ਕੌਰ, ਪਰਮ ਧੰਜਲ ਤੇ ਰੂਪਿੰਦਰ ਸੰਧੂ ਸ਼ਾਮਲ ਸਨ। 
ਦਵਿੰਦਰ ਸੰਘਾ ਦੀ ਟੀਮ ਦੀਪੀ ਤੇ ਦਿਲਪ੍ਰੀਤ ਕੌਰ ਦਾ ਪੰਜਾਬੀ ਬੋਲੀ ਸਬੰਧੀ ਸਕਿੱਟ ਵਧੀਆ ਰਿਹਾ। 


ਗਿੱਧੇ ਦੇ ਪਿੜ ਵਿੱਚ ਧਰਤੀ ਹਿਲਾਉਣ ਵਾਲੀਆਂ ਵਿੱਚ ਮੁੱਖ ਤੌਰ ਉੱਤੇ ਅਨੁਭਵ ਮਾਨ, ਦਵਿੰਦਰ ਕੌਰ ਸੰਘਾ, ਦਿਲਪ੍ਰੀਤ ਕੌਰ, ਸਿਮਰਨ ਕੌਰ, ਨੀਤੂ ਕੌਰ, ਜੱਸੀ ਮਾਨ ਅਤੇ ਬੇਅ ਏਰੀਆ ਤੋਂ ਬੜੇ ਉਤਸ਼ਾਹ ਨਾਲ ਪੁੱਜੀਆਂ ਸੁਖਨਿੰਦਰ ਕੌਰ ਭੰਗਲ, ਜਗਦੀਸ਼ ਕੌਰ, ਭੂਪਿੰਦਰ ਕੌਰ ਯੂਬਾ ਸਿਟੀ ਅਤੇ ਹੋਰਨਾਂ ਨੇ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। 
ਬੱਚਿਆਂ ਦੀਆਂ ਟੀਮਾਂ ਵਿੱਚ ਮਹਿਕਜੋਤ ਕੌਰ-ਅਨਮੋਲ ਕੌਰ, ਸਰੀਨ ਬੱਸੀ-ਈਸ਼ਾ ਸਿੱਧੂ, ਜਸਲੀਲ ਕੌਰ ਉੱਪਲ-ਗੁਰਨੂਰ ਕੌਰ ਉੱਪਲ ਅਤੇ ਹਰਗੁਣ ਕੌਰ ਮਨੇਸ਼ ਨੇ ਆਪੋ ਅਪਣੀ ਕਲਾ ਰਾਹੀਂ ਸਭ ਦਾ ਮਨੋਰੰਜਨ ਕੀਤਾ। 
ਪ੍ਰੋਗਰਾਮ ਦੌਰਾਨ ਬਹੁਤੀਆਂ ਬੀਬੀਆਂ ਨੇ ਜੋੜੀ ਦੇ ਰੂਪ ਵਿੱਚ ਪੰਜਾਬੀ ਲੋਕ ਗੀਤਾਂ ਦੇ ਜਿਹੜੇ ਰੂਪ ਆਪਣੀਆਂ ਦਿਲ ਖਿਚਵੀਆਂ ਤੇ ਮਿੱਠੀਆਂ ਆਵਾਜਾਂ ਵਿੱਚ ਗਾਏ, ਉਨ੍ਹਾਂ ਵਿੱਚ ਲੋਰੀਆਂ, ਸੁਹਾਗ, ਸਿੱਠਣੀਆਂ, ਵਿਆਹ ਦੇ ਗੀਤ ਤੇ ਬਾਲ ਗੀਤ ਸ਼ਾਮਲ ਸਨ। ਪ੍ਰੋਗਰਾਮ ਦਾ ਸਿਖ਼ਰ ਤੇ ਖ਼ਾਸ ਖਿੱਚ ਦਾ ਕੇਂਦਰ ਸਦਾ ਵਾਂਗ ਰਵਾਇਤੀ ਗਿੱਧਾ ਸੀ। 
ਵੇਖਣ ਵਾਲੀ ਗੱਲ ਇਹ ਸੀ ਕਿ ਪ੍ਰੋਗਰਾਮ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਬੇਅ ਏਰੀਆ, ਸਟਾਕਟਨ, ਸੈਕਰਾਮੈਂਟੋ, ਯੂਬਾ ਸਿਟੀ ਤੇ ਬੇਕਰਜ਼ਫੀਲਡ ਸਮੇਤ ਦੂਰ ਦੁਰਾਡੀਆਂ ਥਾਵਾਂ ਤੋਂ ਬੀਬੀਆਂ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। 
ਖੂਬਸੂਰਤ ਰਵਾਇਤੀ ਕਢਾਈ ਦੇ ਨਮੂਨਿਆਂ ਵਾਲੇ ਬਾਗ਼ਾਂ, ਫੁੱਲਕਾਰੀਆਂ, ਦਰੀਆਂ, ਚਾਦਰਾਂ, ਸਿਰਹਾਣੇ, ਖੇਸ-ਖੇਸੀਆਂ, ਚਰਖੇ, ਪੱਖੀਆਂ, ਰਵਾਇਤੀ ਭਾਂਡਿਆਂ ਤੇ ਝੋਲਿਆਂ ਦੀ ਨੁਮਾਇਸ਼ ਨੂੰ ਸਭਨਾਂ ਨੇ ਖ਼ਾਸ ਦਿਲਚਸਪੀ ਨਾਲ ਵੇਖਿਆ। ਇਸ ਨੁਮਾਇਸ਼ ਵਿੱਚ ਮਾਤਾ ਹਰਨਾਮ ਕੌਰ ਹੱਲੂਵਾਲ, (ਮਰਹੂਮ) ਇਕਬਾਲ ਕੌਰ ਫਰਿਜ਼ਨੋ, ਮਨਜੀਤ ਕੌਰ ਫਰਿਜ਼ਨੋ, ਸਰਬਜੀਤ ਕੌਰ ਫਰਿਜ਼ਨੋ, ਰਾਮ ਪਿਆਰੀ ਫਰਿਜ਼ਨੋ, ਇੰਦਰਜੀਤ ਕੌਰ ਫਰਿਜ਼ਨੋ, ਪ੍ਰਿਤਪਾਲ ਕੌਰ ਸੈਨ ਹੋਜ਼ੇ ਤੇ ਹਰਜੀਤ ਕੌਰ ਜਲੰਧਰ  ਦਾ ਉਚੇਚਾ ਯੋਗਦਾਨ ਰਿਹਾ। 
ਦਰੱਖ਼ਤਾਂ ਦੀ ਬੁੱਕਲ ਵਿੱਚ ਰੀਝਾਂ ਨਾਲ ਪਾਈਆਂ ਅਤੇ ਸਜਾਈਆਂ ਪੀਘਾਂ ਉਤੇ ਝੂਟਣ ਦੀਆਂ ਚਾਹਵਾਨ ਮੁਟਿਆਰਾਂ ਤੇ ਬੱਚੀਆਂ ਨੂੰ ਲੰਮਾ ਸਮਾਂ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ। ਬੱਚੇ ਸਾਰਾ ਸਮਾਂ ਅੰਗਰੇਜੀ ਝੂਲੇ (ਬਾਊਂਸਰ) ਦਾ ਮਜ਼ਾ ਲੈਣ 'ਚ ਮਸਤ ਰਹੇ। 
ਬੀਬੀਆਂ ਦੇ ਸੂਟਾਂ, ਗਹਿਣਿਆਂ, ਹਾਰ ਸਿੰਦੀਆਂ ਵਸਤਾਂ ਦੀ ਵਿਕਰੀ ਵਾਸਤੇ ਜੱਸੀ ਕੌਰ (ਤਨਵੀ ਬੁਟੀਕ) , ਗੁਰਜੀਤ ਕੌਰ (ਜੀ ਐਂਡ ਪੀ ਜਿਊਲਰੀ) ਅਤੇ ਹਰਪ੍ਰੀਤ ਕੌਰ ਸੰਗਰ ਵਲੋਂ ਲਾਏ ਸਟਾਲਾਂ ਉੱਤੇ ਵੀ ਵਾਹਵਾ ਰੌਣਕਾਂ ਸਨ। ਬਲਦੇਵ ਸਿੰਘ ਦੀਆਂ ਖੋਆ ਕੁਲਫ਼ੀਆਂ ਅਤੇ ਕਰੀ ਹਾਊਸ ਫਰਿਜ਼ਨੋ ਦੇ ਪਕਵਾਨਾਂ ਦੇ ਸਟਾਲ ਉੇੱਤੋਂ ਛੋਲੇ ਭਟੂਰਿਆਂ, ਚਿੱਲੀ ਚਿੱਕਨ, ਮੱਛੀ ਦੇ ਪਕੌੜੇ, ਮਾਲ ਪੂੜੇ ਤੇ ਖੀਰ ਖਾਣ ਦੇ ਸ਼ੌਕੀਨਾਂ ਨੇ ਭੀੜ ਕੀਤੀ ਹੋਈ ਸੀ। 
ਪ੍ਰੋਗਰਾਮ ਕੇਵਲ ਬੀਬੀਆਂ ਦਾ ਹੋਣ ਕਾਰਨ ਬਹੁ ਗਿਣਤੀ ਬੀਬੀਆਂ ਖੁਦ ਹੀ ਕਾਰਾਂ ਚਲਾਂ ਕੇ ਪੁੱਜੀਆਂ। ਪਰ ਕੁਝ ਕੁ ਬੀਬੀਆਂ ਨੂੰ ਛੱਡਣ ਆਉਣ ਵਾਲਿਆਂ ਲਈ ਪੰਜਾਬੀ ਕਲਚਰਲ ਸੈਂਟਰ ਦੀ ਹਰਮਨ-ਪਿਆਰੀ ਛੰਨ ਵਿੱਚ ਖਾਣ-ਪੀਣ ਦਾ ਪ੍ਰਬੰਧ ਸੀ। ਉਚੇਚਾ ਸੱਦੇ ਉੱਤੇ ਪੁੱਜੇ ਅਤੇ ਪੰਜਾਬੀ ਕਲਚਰਲ ਸੈਂਟਰ ਦੇ ਪਰਿਵਾਰਕ ਮੈਂਬਰ ਤੇ ਰਹਿਨੁਮਾ ਡਾ. ਗੁਰੂਮੇਲ ਸਿੱਧੂ ਦੀ ਅਗਵਾਈ 'ਚ ਜੁੜੀ ਮਹਿਫ਼ਲ ਵਿੱਚ ਸਿੱਖ ਧਰਮ, ਪੰਜਾਬੀਅਤ, ਕੈਲੀਫੋਰਨੀਆ 'ਚ ਸਿੱਖਾਂ ਦੀ ਆਮਦ, ਸਮਾਜਿਕ ਸਰਗਰਮੀਆਂ ਅਤੇ ਮੌਜੂਦਾ ਹਾਲਾਤ ਸਬੰਧੀ ਗਿਆਨ ਭਰਪੂਰ ਗੱਲਬਾਤ ਦਾ ਲਾਹਾ ਲੈਣ ਵਾਲਿਆਂ ਵਿੱਚ ਕਲਚਰਲ ਸੈਂਟਰ ਦੇ ਪ੍ਰੋਗਰਾਮਾਂ ਦੀ ਹਮੇਸ਼ਾਂ ਰੌਣਕ ਵਧਾਉਣ ਵਾਲੇ ਮਨਜੀਤ ਸਿੰਘ ਦੀਵਾਨਾ, ਸੁਰਿੰਦਰ ਸਿੰਘ ਸੰਘਾ, ਪੰਜਾਬੋਂ ਆਏ ਗੁਰਸ਼ਰਨ ਸਿੰਘ ਜਲੰਧਰ-ਰਈਆ ਵਾਲੇ, ਰਣਬੀਰ ਸਿੰਘ ਗਿੱਲ ਜਗਰਾਵਾਂ, ਚਰਨਜੀਤ ਸਿੰਘ ਸਹੋਤਾ, ਨਿੰਦਰ ਸਿੰਘ ਤੇ ਬਲਰਾਜ ਸਿੰਘ ਧਾਲੀਵਾਲ ਸ਼ਾਮਲ ਸਨ। 
ਫੋਟੋ ਦੀ ਸੇਵਾ Day and Night Photography Fresno ਵਾਲੇ ਪਰਮਜੀਤ ਸਿੰਘ ਮੋਂਡ ਨੇ ਕੀਤੀ। ਪ੍ਰੋਗਰਾਮ ਨੂੰ ਵਿਊਂਤਬੰਦ ਕਰਨ ਤੇ ਨੇਪਰੇ ਚਾੜ੍ਹਣ ਵਾਲੀ ਟੀਮ ਵਿੱਚ ਹਰਜੋਤ ਸਿੰਘ ਖਾਲਸਾ, ਦਲਜੀਤ ਸਿੰਘ ਸਰਾਂ, ਦਿਲਪ੍ਰੀਤ ਸਿੰਘ, ਸਰੀ ਤੋਂ ਉਚੇਚਾ ਪੁੱਜੀ ਰੂਪੀ, ਸੈਨ ਹੋਜ਼ੇ ਤੋਂ ਅਮਨਜੋਤ ਕੌਰ ਧਾਮੀ, ਜਸਕਰਨ ਕੌਰ ਧਾਮੀ, ਸਿੱਮੀ ਹੇਅਰ ਸ਼ਾਮਲ ਸਨ।