ਕਾਨਪੁਰ ਵਿੱਖੇ ਭਾਜਪਾ ਵਰਕਰਾਂ ਵੱਲੋਂ ਸਿੱਖ ਨੌਜਵਾਨ ਨਾਲ ਕੁਟਮਾਰ ਦੀ ਘਟਨਾ ਬੇਹਦ ਮੰਦਭਾਗੀ : ਕੁਲਦੀਪ ਸਿੰਘ ਭੋਗਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 25 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੇ ਯੂ.ਪੀ ਦੇ ਕਾਨਪੁਰ ਵਿੱਖੇ ਭਾਜਪਾ ਵਰਕਰਾਂ ਵੱਲੋਂ ਸਿੱਖ ਨੌਜਵਾਨ ਅਮੋਲਦੀਪ ਸਿੰਘ ਨਾਲ ਕੀਤੀ ਗਈ ਕੁੱਟਮਾਰ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਭਾਜਪਾ ਕੌਂਸਲਰ ਸੋਮਿਆ ਸ਼ੁਕਲਾ ਦੀ ਕਾਰ ਅਤੇ ਅਮੋਲਦੀਪ ਸਿੰਘ ਭਾਟੀਆ ਦੀ ਕਾਰ ਨਾਲ ਆਪਸ ਵਿਚ ਟੱਕਰ ਹੋ ਗਈ ਜਿਸ ਤੋਂ ਬਾਅਦ ਪਾਰਸ਼ਦ ਦੀ ਕਾਰ ਵਿਚ ਮੌਜੂਦ ਭਾਜਪਾ ਦੇ ਗੁੰਡਿਆਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇਸ ਕਦਰ ਜ਼ੁਲਮ ਢਹਾਇਆ ਕਿ ਅਮੋਲਦੀਪ ਸਿੰਘ ਦੀ ਅੱਖਾਂ ਕੱਢ ਕੇ ਰੱਖ ਦਿੱਤੀਆਂ। ਮਗਰੋਂ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਤਾਂ ਪਤਾ ਚਲਿਆ ਕਿ ਸਿੱਖ ਨੌਜਵਾਨ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।
ਉਨ੍ਹਾਂ ਕਿਹਾ ਕਾਨਪੁਰ ਪੁਲਿਸ ਇਸ ਮਾਮਲੇ ਵਿਚ ਢਿੱਲਮੁਲ ਰਵੱਈਆ ਅਖਤਿਆਰ ਕਰ ਰਹੀ ਹੈ ਅਤੇ ਪੀੜਿਤ ਪਰਿਵਾਰ ਨੂੰ ਦਰ-ਦਰ ਭਟਕਣਾ ਪੈ ਰਿਹਾ ਹੈ। ਕਾਨਪੁਰ ਪੁਲਿਸ ਵੱਲੋਂ ਜੋ ਧਾਰਾਵਾਂ ਲਗਾਈਆਂ ਗਈਆਂ ਹਨ ਉਹ ਬਹੁਤ ਹੀ ਛੋਟੀਆਂ ਹਨ, ਉਨ੍ਹਾਂ ਕਾਨਪੁਰ ਪੁਲਿਸ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਮਲੇ ਵਿਚ ਧਾਰਾ 307 ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਜ਼ਮਾਨਤ ਨਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਬੜੀ ਹੀ ਮੰਦਭਾਗੀ ਗੱਲ ਹੈ ਕਿ ਇਕ ਪਾਸੇ ਤਾਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਸਿੱਖਾਂ ਦੀ ਹਿਮਾਇਤ ਕਰਦੇ ਹਨ ਲੇਕਿਨ ਦੂਜੇ ਪਾਸੇ ਭਾਜਪਾ ਵਰਕਰ ਸਿੱਖਾਂ ਨਾਲ ਕੁੱਟਮਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੀੜਿਤ ਪਰਿਵਾਰ ਨਾਲ ਡਟ ਕੇ ਖੜਾ ਹੈ ਅਤੇ ਮਾਮਲੇ ਵਿਚ ਦੋਸ਼ੀਆਂ ਲਈ ਸਜ਼ਾ ਯਕੀਨੀ ਬਣਾਈ ਜਾਵੇਗੀ।
Comments (0)