ਟਰੂਡੋ ਨੂੰ ਅਣਗੌਲਿਆ ਕਰਨਾ ਮੋਦੀ ਨੂੰ ਪਿਆ ਮਹਿੰਗਾ
ਭਾਰਤ ਵਲੋਂ ਖਾਲਿਸਤਾਨ ਮੁੱਦੇ 'ਉਪਰ ਦਬਾਅ ਬਣਾਉਣ ਤੋਂ ਬਾਅਦ
ਕੈਨੇਡਾ ਦੇ ਮੰਤਰੀ ਨੇ ਟਰੇਡ ਮਿਸ਼ਨ ਮੁਲਤਵੀ ਕੀਤਾ
ਖਾਲਿਸਤਾਨੀਆਂ ਦੇ ਕਤਲ ਕਾਰਣ ਕੈਨੇਡਾ ਵਿਚ ਵਿਰੋਧ ਭਾਰਤ ਲਈ ਬਣੇ ਸਿਰਦਰਦ
ਬੀਤੇ ਦਿਨੀਂ ਜੀ-20 ਸਿਖ਼ਰ ਸੰਮੇਲਨ ਬਾਰੇ ਜਿਸ ਤਰ੍ਹਾਂ ਦੀਆਂ ਖ਼ਬਰਾਂ ਅਤੇ ਤਸਵੀਰਾਂ ਸਾਹਮਣੇ ਆਈਆਂ ਸਨ, ਉਨ੍ਹਾਂ ਤੋਂ ਇਹ ਪ੍ਰਭਾਵ ਹੀ ਬਣਦਾ ਹੈ ਕਿ ਭਾਰਤ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਾਫੀ ਅਣਗੌਲਿਆ ਕੀਤਾ ਗਿਆ ਹੈ। ਕੈਨੇਡਾ ਵਿਚ ਹੁਣੇ ਜਿਹੇ ਵਿਰੋਧੀ ਧਿਰ ਨੇ ਤਾਂ ਟਰੂਡੋ ਦੇ ਭਾਰਤ ਦੌਰੇ ਨੂੰ 'ਬੇਇਜ਼ਤੀ' ਤੱਕ ਕਰਾਰ ਦਿੱਤਾ ਹੈ।
ਕੈਨੇਡਾ ਦੇ ਮੁੱਖ ਵਿਰੋਧੀ ਨੇਤਾ ਪੀਅਰੇ ਪੋਈਲਿਵਰੇ ਨੇ ਤਾਂ ਟਵਿੱਟਰ 'ਤੇ ਲਿਖ ਦਿੱਤਾ, 'ਪੱਖਪਾਤ ਨੂੰ ਇਕ ਪਾਸੇ ਰੱਖਦੇ ਹੋਏ ਕਿਸੇ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਬਾਕੀ ਦੁਨੀਆ ਵਲੋਂ ਵਾਰ-ਵਾਰ ਅਪਮਾਨਿਤ ਹੁੰਦੇ ਦੇਖਣਾ ਪਸੰਦ ਨਹੀਂ' ਕੈਨੇਡੀਅਨ ਪੱਤਰ ਟੋਰੋਟੋ ਸਨ, ਨੇ ਇਕ ਤਸਵੀਰ ਛਾਪੀ ਹੈ, ਜਿਸ ਵਿਚ ਟਰੂਡੋ ਤਾਂ ਕੈਮਰਿਆਂ ਵੱਲ ਦੇਖ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੱਥ ਉਨ੍ਹਾਂ ਦੇ ਹੱਥ ਵਿਚ ਹੈ ਪਰ ਮੋਦੀ ਬਾਹਰ ਵੱਲ ਦੇਖ ਰਹੇ ਹਨ ਤੇ ਉਨ੍ਹਾਂ ਦਾ ਦੂਸਰਾ ਹੱਥ ਕਿਸੇ ਹੋਰ ਪਾਸੇ ਕੁਝ ਇਸ਼ਾਰਾ ਕਰਦਾ ਜਾਪ ਰਿਹਾ ਹੈ। ਅਖ਼ਬਾਰ ਨੇ ਇਸ ਤਸਵੀਰ ਨੂੰ ਕੈਪਸ਼ਨ (ਸਿਰਲੇਖ) ਦਿੱਤਾ ਹੈ 'ਦਿਸ ਵੇ ਆਊਟ' (ਭਾਵ ਇਹ ਰਸਤਾ ਬਾਹਰ ਨੂੰ ਜਾਂਦਾ ਹੈ) ਇਸ ਅਖ਼ਬਾਰ ਨੇ ਟਰੂਡੋ ਵਲੋਂ ਭਾਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਰਾਤ ਦੇ ਖਾਣੇ ਅਤੇ ਇਕ ਹੋਰ ਅੰਤਰਰਾਸ਼ਟਰੀ ਦੁਪਹਿਰ ਦੇ ਖਾਣੇ ਵਿਚ ਸ਼ਾਮਿਲ ਨਾ ਹੋਣ ਦਾ ਜ਼ਿਕਰ ਵੀ ਕੀਤਾ ਹੈ। ਨਿਰਪੱਖ ਹਲਕਿਆਂ ਦਾ ਮੰਨਣਾ ਹੈ ਕਿ ਭਾਰਤ ਦਾ ਆਪਣੇ ਹਿੱਤਾਂ ਲਈ ਕਿਸੇ ਵੀ ਦੇਸ਼ ਤੇ ਕੂਟਨੀਤਕ ਦਬਾਅ ਬਣਾਉਣਾ ਉਸ ਦਾ ਹੱਕ ਹੈ ਪਰ ਕਿਸੇ ਦੇਸ਼ ਦੇ ਮੁਖੀ ਨੂੰ ਅਜਿਹੀ ਸਥਿਤੀ ਵਿਚ ਫਸਾਉਣਾ ਦੁਵੱਲੇ ਸੰਬੰਧਾਂ ਲਈ ਸਾਜ਼ਗਾਰ ਨਹੀਂ ਹੁੰਦਾ। ਖ਼ਾਸ ਕਰਕੇ ਜਦੋਂ ਕਿ ਪਹਿਲਾਂ ਟਰੂਡੋ ਦੀ 2018 ਦੀ ਭਾਰਤ ਫੇਰੀ ਵੇਲੇ ਵੀ ਟਰੂਡੋ ਨੂੰ ਭਾਰਤ ਵਿਚ ਅਣਗੌਲਾ ਕੀਤੇ ਜਾਣ ਦੇ ਇਲਜ਼ਾਮ ਲੱਗੇ ਸਨ।
ਭਾਰਤ-ਕੈਨੇਡਾ ਵਿਚਾਲੇ ਵਧੀ ਦੂਰੀ
ਹਾਲ ਹੀ ਵਿੱਚ ਸਮਾਪਤ ਹੋਏ ਜੀ20 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੋਈ ਰਸਮੀ ਦੁਵੱਲੀ ਮੀਟਿੰਗ ਨਹੀਂ ਕੀਤੀ। ਇਸ ਘਟਨਾ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਭਾਰਤ ਨਾਲ ਵਪਾਰ ਮਿਸ਼ਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਮਾਮਲੇ ਨਾਲ ਸਬੰਧਤ ਇੱਕ ਅਧਿਕਾਰੀ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਨਜੀ ਅਕਤੂਬਰ ਲਈ ਯੋਜਨਾਬੱਧ ਵਪਾਰ ਮਿਸ਼ਨ ਨੂੰ ਮੁਲਤਵੀ ਕਰ ਰਹੀ ਹੈ।
ਰਾਇਟਰਜ਼ ਦੀ ਖਬਰ ਮੁਤਾਬਕ, ਕੈਨੇਡਾ ਦੇ ਵਪਾਰ ਮੰਤਰੀ ਮੈਰੀ ਐਨਜੀ ਦੀ ਬੁਲਾਰਾ ਸ਼ਾਂਤੀ ਕੋਸੇਂਟੀਨੋ ਨੇ ਬਿਨਾਂ ਕੋਈ ਕਾਰਨ ਦੱਸੇ ਕਿਹਾ ਕਿ ਅਸੀਂ ਭਾਰਤ ਲਈ ਆਉਣ ਵਾਲੇ ਵਪਾਰ ਮਿਸ਼ਨ ਨੂੰ ਮੁਲਤਵੀ ਕਰ ਰਹੇ ਹਾਂ। ਇਸ ਤੋਂ ਪਹਿਲਾਂ ਅਗਸਤ ਵਿੱਚ, ਅਰਲੀ ਪ੍ਰੋਗਰੈਸ ਟਰੇਡ ਐਗਰੀਮੈਂਟ (ਈ.ਟੀ.ਪੀ.ਏ.) 'ਤੇ ਵਿਰਾਮ ਲਗਾਉਣ ਤੋਂ ਬਾਅਦ, ਕੈਨੇਡੀਅਨ ਸਰਕਾਰ ਨੇ ਹੁਣ ਅਕਤੂਬਰ ਵਿੱਚ ਭਾਰਤ ਲਈ ਨਿਰਧਾਰਤ ਵਪਾਰਕ ਮਿਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ।
ਕੈਨੇਡਾ ਟਰੇਡ ਮਿਸ਼ਨ ਦੀ ਅਗਵਾਈ ਅੰਤਰਰਾਸ਼ਟਰੀ ਵਪਾਰ, ਨਿਰਯਾਤ ਪ੍ਰੋਤਸਾਹਨ, ਛੋਟੇ ਕਾਰੋਬਾਰ ਅਤੇ ਆਰਥਿਕ ਵਿਕਾਸ ਦੀ ਮੰਤਰੀ ਮੈਰੀ ਐਨਜੀ ਨੇ ਕੀਤੀ ਸੀ, ਜੋ ਕਿ 9 ਅਕਤੂਬਰ ਨੂੰ 5 ਦਿਨਾਂ ਲਈ ਸ਼ੁਰੂ ਹੋਣਾ ਸੀ। ਹਾਲਾਂਕਿ ਹੁਣ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐਨਜੀ ਨੇ ਮਿਸ਼ਨ ਨੂੰ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।
ਵਪਾਰਕ ਮਿਸ਼ਨ ਰਦ ਹੋਣ ਦਾ ਕਾਰਣ
ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿੱਚ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਹੈ ਅਤੇ ਇਹ ਦੇਸ਼ ਕਈ ਵਿਰੋਧ ਪ੍ਰਦਰਸ਼ਨਾਂ ਦਾ ਸਥਾਨ ਰਿਹਾ ਹੈ, ਜਿਸ ਨੇ ਭਾਰਤ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਭਾਰਤੀ ਪ੍ਰਧਾਨ ਮੰਤਰੀ ਕੈਨੇਡਾ ਵਿਚ ਸਿੱਖ ਵੱਖਵਾਦੀਆਂ ਦੇ ‘ਅੰਦੋਲਨ’ ਅਤੇ ਭਾਰਤੀ ਰਾਜਦੂਤਾਂ ਖ਼ਿਲਾਫ਼ ਹਿੰਸਾ ਭੜਕਾਉਣ ਵਾਲੀਆਂ ਘਟਨਾਵਾਂ ਤੋਂ ਨਾਰਾਜ਼ ਸਨ।ਕੈਨੇਡੀਅਨ ਆਗੂਆਂ ਨੂੰ ਮਿਲਣ ਤੋਂ ਬਾਅਦ, ਭਾਰਤ ਸਰਕਾਰ ਨੇ ਕਿਹਾ ਕਿ ਉਹ ਵੱਖਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਭਾਰਤੀ ਡਿਪਲੋਮੈਟਾਂ ਵਿਰੁੱਧ ਹਿੰਸਾ ਭੜਕਾਉਣ, ਕੂਟਨੀਤਕ ਇਮਾਰਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਧਮਕੀ ਦੇ ਰਹੇ ਹਨ।
ਜਦਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਸੀ ਕਿ ਭਾਰਤ ਕੈਨੇਡਾ ਦੀ ਘਰੇਲੂ ਸਿਆਸਤ ਵਿਚ ਦਖਲ ਦੇ ਰਿਹਾ ਹੈ।ਦਰਅਸਲ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਚ ‘ਖਾਲਿਸਤਾਨ’ ਸਮਰਥਕ ਸੰਗਠਨਾਂ ਦੀਆਂ ਗਤੀਵਿਧੀਆਂ ਦੇ ਕਾਰਨ ਭਾਰਤ ਦੇ ਨਾਲ ਕੈਨੇਡਾ ਦੇ ਸਬੰਧਾਂ ਦਰਮਿਆਨ ਤਣਾਅ ਦੀ ਸਥਿਤੀ ਬਣੀ ਹੋਈ ਹੈ।ਇਸ ਸਾਲ ਜੁਲਾਈ ਮਹੀਨੇ ਵਿੱਚ ਕੈਨੇਡਾ ਵਿਚ ‘ਖਾਲਿਸਤਾਨ’ ਸਮਰਥਕ ਜਥੇਬੰਦੀਆਂ ਨੇ ਕੁਝ ਭਾਰਤੀ ਰਾਜਦੂਤਾਂ ਦੇ ਪੋਸਟਰ ਲਗਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਅਪੀਲ ਕੀਤੀ ਸੀ।ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਦੇ ਸਫੀਰ (ਰਾਜਦੂਤ) ਨੂੰ ਤਲਬ ਕਰਕੇ ਉਨਾਂ ਦੇ ਦੇਸ਼ ’ਚ ‘ਖਾਲਿਸਤਾਨ’ ਸਮਰਥਕ ਗਤੀਵਿਧੀਆਂ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਸੀ।ਜੂਨ 2023 ਵਿਚ ‘ਖਾਲਿਸਤਾਨੀ’ ਆਗੂ ਭਾਈ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਸਰੇਬਾਜ਼ਾਰ ਕਤਲ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਖਾਲਿਸਤਾਨੀਆਂ ਨੇ ਇਸ ਕਤਲ ਲਈ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਸੀ।ਇਸ ਕਾਰਣ ਤਣਾਅ ਦੇ ਦ੍ਰਿਸ਼ ਹੋਰ ਕਈ ਯੂਕੇ,ਆਸਟਰੇਲੀਆ ,ਅਮਰੀਕਾ ਵਿਚ ਵੀ ਵੇਖਣ ਨੂੰ ਮਿਲੇ।ਖਾਲਿਸਤਾਨ ਸਮਰਥਕਾਂ ਨੇ ਨਿੱਝਰ ਦੇ ਕਤਲ ਦੇ ਖ਼ਿਲਾਫ਼ ਕੈਨੇਡਾ ਦੇ ਟੋਰਾਂਟੋ ਤੋਂ ਇਲਾਵਾ ਲੰਡਨ, ਮੈਲਬਰਨ ਅਤੇ ਸੈਨ ਫਰਾਂਸਿਸਕੋ ਸਮੇਤ ਹੋਰ ਕਈਆਂ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤਾ।
ਯਾਦ ਰਹੇ ਕਿ ਭਾਈ ਨਿੱਝਰ ਤੋਂ ਪਹਿਲਾਂ ਭਾਰਤ ਵੱਲੋਂ ਖਾੜਕੂ ਐਲਾਨੇ ਗਏ ਪਰਮਜੀਤ ਸਿੰਘ ਪੰਜਵੜ ਦਾ ਵੀ ਮਈ ਮਹੀਨੇ ਵਿੱਚ ਲਾਹੌਰ ਵਿਚ ਕਤਲ ਕਰ ਦਿੱਤਾ ਗਿਆ ਸੀ।ਜੂਨ ਮਹੀਨੇ ਬ੍ਰਿਟੇਨ ’ਚ ਅਵਤਾਰ ਸਿੰਘ ਖੰਡਾ ਦੀ ਰਹੱਸਮਈ ਹਾਲਾਤਾਂ ਵਿਚ ਮੌਤ ਹੋ ਗਈ ਸੀ। ਖਾਲਿਸਤਾਨੀਆਂ ਵੱਲੋਂ ਇਲਜ਼ਾਮ ਆਇਦ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਸਿੱਖ ਜਥੇਬੰਦੀਆਂ ਨੇ ਇਸ ਨੂੰ ਟਾਰਗੇਟ ਕਿਲਿੰਗ ਦਾ ਨਾਮ ਦਿੱਤਾ ਹੈ। ਉਨ੍ਹਾਂ ਦਾ ਇਲਜ਼ਾਮ ਸੀ ਕਿ ਭਾਰਤ ਸਰਕਾਰ ਸਿੱਖ ਖਾਲਿਸਤਾਨੀ ਆਗੂਆਂ ਨੂੰ ਮਰਵਾ ਰਹੀ ਹੈ।ਹਾਲਾਂਕਿ ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ’ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਭਾਰਤ ਵਿਚ ਸਿੱਖਾਂ ਦੀ ਆਬਾਦੀ 2% ਹੈ। ਖਾਲਿਸਤਾਨੀ ਸਿੱਖਾਂ ਦੇ ਲਈ ਵੱਖਰਾ ਦੇਸ਼ ‘ਖਾਲਿਸਤਾਨ’ ਬਣਾਉਣ ਦੀ ਮੰਗ ਕਰਦੇ ਰਹੇ ਹਨ।ਕੈਨੇਡਾ ਵਿਚ ‘ਖਾਲਿਸਤਾਨ’ ਪੱਖੀ ਲਹਿਰ ਇੰਨੀ ਤੇਜ਼ ਹੋ ਗਈ ਹੈ ਕਿ ਸਿੱਖਾਂ ਦੇ ਲਈ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਲੈ ਕੇ ਰਾਏਸ਼ੁਮਾਰੀ ਤੱਕ ਹੋ ਚੁੱਕੀ ਹੈ।ਇਸ ਵਾਰ ਵੀ ਜਦੋਂ ਜੀ-20 ਸੰਮੇਲਨ ਦੌਰਾਨ ਨਵੀਂ ਦਿੱਲੀ ’ਚ ਟਰੂਡੋ ਅਤੇ ਮੋਦੀ ਦਰਮਿਆਨ ਸੰਖੇਪ ਬੈਠਕ ਹੋਈ ਸੀ ਤਾਂ ਉਸ ਦਿਨ ਵੀ ਕੈਨੇਡਾ ਦੇ ਵੈਨਕੂਵਰ ਵਿਚ ਖਾਲਿਸਤਾਨੀਆਂ ਨੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ਇੱਕ ਰਾਏਸ਼ੁਮਾਰੀ ਕਰਵਾਈ।
ਜੀ-20 ਸੰਮੇਲਨ ਦੌਰਾਨ ਦੁਵੱਲੇ ਸਬੰਧਾਂ ਵਿਚ ਮੋਦੀ ਟਰੂਡੋ ਤੋਂ ਔਖੇ ਰਹੇ
ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚ ਆਈ ਕੁੜੱਤਣ ਉਸ ਸਮੇਂ ਹੋਰ ਵਧ ਗਈ ਜਦੋਂ ਜੀ-20 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਵੱਖਵਾਦੀਆਂ ਦੀਆਂ ਗਤੀਵਿਧੀਆਂ ’ਤੇ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟ ਕੀਤੀ।ਸੰਮੇਲਨ ਦੌਰਾਨ ਅਧਿਕਾਰਤ ਸਵਾਗਤ ਦੌਰਾਨ ਟਰੂਡੋ ਨਰਿੰਦਰ ਮੋਦੀ ਨਾਲ ਹੱਥ ਮਿਲਾਉਂਦੇ ਹੋਏ ਤੇਜ਼ੀ ਨਾਲ ਉੱਥੋਂ ਨਿਕਲਦੇ ਹੋਏ ਵਿਖਾਈ ਦਿੱਤੇ।ਇਸ ਤਸਵੀਰ ਨੂੰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਪੈਦਾ ਹੋਏ ‘ਤਣਾਅ’ ਵਜੋਂ ਵੇਖਿਆ ਗਿਆ।ਇਸ ਤੋਂ ਬਾਅਦ ਟਰੂਡੋ ਨਾਲ ਗੱਲਬਾਤ ਦੌਰਾਨ ਨਰਿੰਦਰ ਮੋਦੀ ਨੇ ਕੈਨੇਡਾ ’ਚ ਖਾਲਿਸਤਾਨ ਸਮਰਥਕ ਤੱਤਾਂ ਅਤੇ ਜਥੇਬੰਦੀਆਂ ਦੀਆਂ ਗਤੀਵਿਧੀਆਂ ਦਾ ਮੁੱਦਾ ਚੁੱਕਿਆ ਸੀ।
ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਪੀਐੱਮ ਮੋਦੀ ਨੇ ਇਸ ਸਬੰਧੀ ਨਾਰਾਜ਼ਗੀ ਪ੍ਰਗਟ ਕੀਤੀ ਸੀ।ਉਨ੍ਹਾਂ ਨੇ ਕਿਹਾ ਸੀ ਕਿ ਖਾਲਿਸਤਾਨੀ ਸਮਰਥਕ ਤੱਤ ਭਾਰਤੀ ਰਾਜਦੂਤਾਂ ’ਤੇ ਹਮਲੇ ਕਰਨ ਲਈ ਲੋਕਾਂ ਨੂੰ ਭੜਕਾ ਰਹੇ ਹਨ। ਉਹ ਭਾਰਤੀ ਸਫ਼ਾਰਤਖਾਨਿਆਂ ’ਤੇ ਵੀ ਹਮਲਾ ਕਰਨ ਲਈ ਲੋਕਾਂ ਨੂੰ ਭੜਕਾ ਰਹੇ ਹਨ। ਪਰ ਕੈਨੇਡਾ ਸਰਕਾਰ ਇਨ੍ਹਾਂ ਨੂੰ ਰੋਕਣ ਵਿਚ ਅਸਫਲ ਰਹੀ ਹੈ।
ਜਦ ਕਿ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਹਮੇਸ਼ਾ ਹੀ ਬੋਲਣ ਜਾਂ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਆਜ਼ਾਦੀ ਦੀ ਰੱਖਿਆ ਕਰੇਗਾ।ਟਰੂਡੋ ਨੇ ਕਿਹਾ ਸੀ ਕਿ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੁਝ ਲੋਕਾਂ ਦੀਆਂ ਗਤੀਵਿਧੀਆਂ ਸਮੁੱਚੇ ਕੈਨੇਡੀਅਨ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੀਆਂ ਹਨ।”
ਟਰੂਡੋ ਵੱਲੋਂ ਦਿੱਤਾ ਗਿਆ ਇਹ ਬਿਆਨ ਮੋਦੀ ਸਰਕਾਰ ਨੂੰ ਰਾਸ ਨਹੀਂ ਆਇਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਬੰਧਾਂ ’ਵਿਗੜੇ ਹੋਏ ਹਨ।ਭਾਰਤ ਦਾ ਰਾਸ਼ਟਰੀ ਮੀਡੀਆ ਕੈਨੇਡਾ ਨੂੰ ਦੂਜਾ ਪਾਕਿਸਤਾਨ ਦਾ ਨਾਮ ਦੇ ਰਿਹਾ ਹੈ।
ਨਿਰਪੱਖ ਹਲਕਿਆਂ ਦਾ ਮੰਨਣਾ ਹੈ ਕਿ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਦਰਮਿਆਨ ਆਈ ਖੱਟਾਸ ਵਿਚਾਲੇ ਕੈਨੇਡਾ ਸਰਕਾਰ ਵੱਲੋਂ ਐਫਟੀਏ ’ਤੇ ਹੋ ਰਹੀ ਗੱਲਬਾਤ 'ਤੇ ਵੀ ਅਸਰ ਪੈਂਦਾ ਨਜ਼ਰ ਆ ਰਿਹਾ ਹੈ।
ਭਾਰਤ-ਕੈਨੇਡਾ ਵਿਚ ਦੁਵੱਲੇ ਵਪਾਰ ਦੀ ਸਾਂਝ
ਸਾਲ 2022 ਵਿਚ ਭਾਰਤ ਕੈਨੇਡਾ ਦਾ 10ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ। 2022-23 ’ਚ ਭਾਰਤ ਨੇ ਕੈਨੇਡਾ ਨੂੰ 4.10 ਅਰਬ ਡਾਲਰ ਦੀਆਂ ਚੀਜ਼ਾਂ ਦਰਾਮਦ ਕੀਤੀਆਂ ਸਨ। 2021-22 ’ਚ ਇਹ ਅੰਕੜਾ 3.76 ਅਰਬ ਡਾਲਰ ਦਾ ਸੀ।
ਦੂਜੇ ਪਾਸੇ ਕੈਨੇਡਾ ਨੇ ਸਾਲ 2022-23 ’ਚ ਭਾਰਤ ਨੂੰ 4.05 ਅਰਬ ਡਾਲਰ ਦਾ ਸਮਾਨ ਦਰਾਮਦ ਕੀਤਾ ਸੀ। 2021-22 ਵਿਚ ਇਹ ਅੰਕੜਾ 3.13 ਅਰਬ ਡਾਲਰ ਦਾ ਸੀ।
ਜਿੱਥੋਂ ਤੱਕ ਸਰਵਿਸ ਵਪਾਰ ਦੀ ਗੱਲ ਹੈ ਤਾਂ ਕੈਨੇਡੀਅਨ ਪੈਨਸ਼ਨ ਫੰਡਾਂ ਨੇ ਭਾਰਤ ’ਚ 55 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਕੈਨੇਡਾ ਨੇ 2000 ਤੋਂ ਲੈ ਕੇ ਹੁਣ ਤੱਕ ਭਾਰਤ ਵੀਚ 4.07 ਅਰਬ ਡਾਲਰ ਦਾ ਸਿੱਧਾ ਨਿਵੇਸ਼ ਕੀਤਾ ਹੈ।
ਭਾਰਤ ’ਚ ਘੱਟ ਤੋਂ ਘੱਟ 600 ਕੈਨੇਡੀਅਨ ਕੰਪਨੀਆਂ ਕੰਮ ਕਰ ਰਹੀਆਂ ਹਨ। ਜਦਕਿ 1000 ਹੋਰ ਕੰਪਨੀਆਂ ਭਾਰਤ ’ਚ ਆਪਣੇ ਕਾਰੋਬਾਰ ਲਈ ਮੌਕੇ ਲੱਭ ਰਹੀਆਂ ਹਨ।
ਦੂਜੇ ਪਾਸੇ ਭਾਰਤੀ ਕੰਪਨੀਆਂ ਕੈਨੇਡਾ ’ਚ ਆਈਟੀ, ਸਾਫਟਵੇਅਰ, ਕੁਦਰਤੀ ਸਰੋਤ ਅਤੇ ਬੈਂਕਿੰਗ ਸੈਕਟਰਾਂ ’ਚ ਸਰਗਰਮ ਹਨ।
ਭਾਰਤ ਵੱਲੋਂ ਕੈਨੇਡਾ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਚੀਜ਼ਾਂ ’ਚ ਗਹਿਣੇ, ਬਹੁਮੁੱਲੇ ਪੱਥਰ, ਫਾਰਮਾ ਉਤਪਾਦ, ਰੈਡੀਮੇਡ ਕੱਪੜੇ, ਜੈਵਿਕ ਰਸਾਇਣ, ਹਲਕੇ ਇੰਜੀਨੀਅਰਿੰਗ ਸਾਮਾਨ, ਲੋਹੇ ਅਤੇ ਸਟੀਲ ਦੇ ਉਤਪਾਦ ਆਦਿ ਸ਼ਾਮਲ ਹਨ।
ਜਦਕਿ ਭਾਰਤ ਕੈਨੇਡਾ ਤੋਂ ਦਾਲਾਂ, ਨਿਊਜ਼ਪ੍ਰਿੰਟ, ਵੁੱਡ ਪਲਪ, ਐਸਬੈਸਟਸ, ਪੋਟਾਸ਼, ਆਇਰਨ ਸਕ੍ਰੈਪ, ਖਣਿਜ, ਉਦਯੋਗਿਕ ਰਸਾਇਣ ਮੰਗਵਾਉਂਦਾ ਹੈ।
Comments (0)