ਜਸਪਾਲ ਹਿਰਾਸਤੀ ਮੌਤ ਮਾਮਲੇ ਵਿੱਚ ਇਨਸਾਫ ਦੀ ਲੜਾਈ ਨੇ ਮੁਆਵਜ਼ੇ ਨਾਲ ਦਮ ਤੋੜਿਆ

ਜਸਪਾਲ ਹਿਰਾਸਤੀ ਮੌਤ ਮਾਮਲੇ ਵਿੱਚ ਇਨਸਾਫ ਦੀ ਲੜਾਈ ਨੇ ਮੁਆਵਜ਼ੇ ਨਾਲ ਦਮ ਤੋੜਿਆ

ਫਰੀਦਕੋਟ: ਪੁਲਿਸ ਹਿਰਾਸਤ ਵਿੱਚ ਮੌਤ ਮਗਰੋਂ ਖੁਰਦ ਬੁਰਦ ਕਰ ਦਿੱਤੇ ਗਏ ਨੌਜਵਾਨ ਜਸਪਾਲ ਸਿੰਘ ਦੇ ਇਨਸਾਫ ਲਈ ਕਈ ਦਿਨਾਂ ਤੋਂ ਚੱਲ ਰਿਹਾ ਸੰਘਰਸ਼ ਸਰਕਾਰੀ ਮੁਆਵਜ਼ੇ ਦੇ ਐਲਾਨ ਨਾਲ ਦਮ ਤੋੜ ਗਿਆ ਜਦਕਿ ਹਿਰਾਸਤੀ ਮੌਤ ਅਤੇ ਲਾਸ਼ ਦੇ ਸਵਾਲ ਅਣਸੁਲਝੇ ਹੀ ਰਹਿ ਗਏ। 

ਜਸਪਾਲ ਸਿੰਘ ਦੀ ਮੌਤ ਦਾ ਮਾਮਲੇ ਵਿੱਚ ਬੀਤੇ ਕੱਲ੍ਹ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਮੁੱਖ ਦੋਸ਼ੀ ਰਣਬੀਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਰਿਵਾਰ ਨੇ ਧਰਨਾ ਸਮਾਪਤ ਕਰਨਾ ਦਾ ਫ਼ੈਸਲਾ ਲਿਆ।

ਪ੍ਰਸ਼ਾਸਨ ਵੱਲੋਂ ਜਸਪਾਲ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ।

ਦੱਸਣਯੋਗ ਹੈ ਕਿ ਪੀੜਤ ਪਰਿਵਾਰ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਜਾਰੀ ਸੀ। ਸਮਾਜ ਸੇਵੀ ਅਤੇ ਪਰਿਵਾਰਕ ਮੈਂਬਰ ਮ੍ਰਿਤਕ ਜਸਪਾਲ ਦੀ ਲਾਸ਼ ਲੈਣ ਲਈ ਸੰਘਰਸ਼ ਕਰ ਰਹੇ ਸਨ। ਇਹ ਮਾਮਲਾ ਆਪਣੇ ਅੰਦਰ ਬਹੁਤ ਕਹਾਣੀਆਂ ਸਮੋਈ ਬੈਠਾ ਹੈ ਜਿਸ ਨੂੰ ਸ਼ਾਇਦ ਪੁਲਿਸ ਵੀ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ। ਇਸ ਮਾਮਲੇ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਕਹਾਣੀਆਂ ਸਾਹਮਣੇ ਆਈਆਂ ਹਨ ਪਰ ਪੁਲਿਸ ਹਿਰਾਸਤ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਜਸਪਾਲ ਨੇ ਖੁਦਕੁਸ਼ੀ ਕਿਵੇਂ ਕੀਤੀ ਅਤੇ ਖੁਦਕੁਸ਼ੀ ਮਗਰੋਂ ਉਸ ਦੀ ਲਾਸ਼ ਨੂੰ ਕਿਉਂ ਖੁਰਦ ਬੁਰਦ ਕੀਤਾ ਗਿਆ ਇਹ ਸੱਚ ਸ਼ਾਇਦ ਹੁਣ ਜਸਪਾਲ ਦੀ ਲਾਸ਼ ਵਾਂਗ ਹੀ ਕਿਸੇ ਦਰਿਆ ਦੇ ਡੂੰਘੇ ਪਾਣੀਆਂ ਵਿੱਚ ਗੁਆਚ ਕੇ ਰਹਿ ਜਾਵੇਗਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ