ਇਤਿਹਾਸਕ ਦਰਸ਼ਨੀ ਡਿਉੜੀ ਢਾਹੁਣ ਵਾਲੇ ਬਾਬਾ ਜਗਤਾਰ ਸਿੰਘ ਦੀ ਸੰਸਥਾ ਨੇ ਸਿੱਖ ਸੰਗਤ ਤੋਂ ਲਿਖਤੀ ਮੁਆਫੀ ਮੰਗੀ

ਇਤਿਹਾਸਕ ਦਰਸ਼ਨੀ ਡਿਉੜੀ ਢਾਹੁਣ ਵਾਲੇ ਬਾਬਾ ਜਗਤਾਰ ਸਿੰਘ ਦੀ ਸੰਸਥਾ ਨੇ ਸਿੱਖ ਸੰਗਤ ਤੋਂ ਲਿਖਤੀ ਮੁਆਫੀ ਮੰਗੀ

ਤਰਨਤਾਰਨ ਸਾਹਿਬ: ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੜੀ ਨੂੰ ਰਾਤ ਦੇ ਹਨੇਰੇ ਵਿਚ ਸੰਗਤਾਂ ਦੇ ਵਿਰੋਧ ਦੇ ਬਾਵਜੂਦ ਤੋੜਨ ਵਾਲੇ ਬਾਬਾ ਜਗਤਾਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਗਲਤੀ ਲਈ ਸਿੱਖ ਸੰਗਤ ਤੋਂ ਲਿਖਤੀ ਮੁਆਫੀ ਮੰਗੀ ਹੈ। ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਡੇਰਾ ਕਾਰ ਸੇਵਾ ਬਾਬਾ ਜੀਵਨ ਸਿੰਘ ਜੀ ਦੇ ਨਾਂ ਦੇ ਲੈਟਰ ਪੈਡ 'ਤੇ ਮਹਿੰਦਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਇਸ ਮੁਆਫੀ ਚਿੱਠੀ ਵਿਚ ਸਮੁੱਚੀਆਂ ਸਿੱਖ ਸੰਗਤਾਂ ਤੋਂ ਮੁਆਫੀ ਮੰਗੀ ਗਈ ਹੈ।


ਸਿੱਖ ਸੰਗਤ ਤੋਂ ਮੰਗੀ ਗਈ ਲਿਖਤੀ ਮੁਆਫੀ

ਮੁਆਫੀ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਦਰਸ਼ਨੀ ਡਿਉੜੀ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰ. 550 ਮੁਤਾਬਿਕ ਸ਼ੁਰੂ ਕੀਤੀ ਗਈ ਸੀ ਪਰ ਸੰਗਤਾਂ ਦੇ ਰੋਸ ਨੂੰ ਦੇਖਦਿਆਂ ਡੇਰਾ ਕਾਰ ਸੇਵਾ ਦੀ ਸੰਗਤ ਅਤੇ ਜਥੇਦਾਰ ਵੱਲੋਂ ਸਾਰੀਆਂ ਸਿੱਖ ਸੰਗਤਾਂ ਤੋਂ ਮੁਆਫੀ ਮੰਗਦੇ ਹਾਂ। ਨਾਲ ਹੀ ਲਿਖਿਆ ਗਿਆ ਹੈ ਕਿ ਅੱਗੇ ਤੋਂ ਕੋਈ ਵੀ ਪੁਰਾਤਨ ਇਮਾਰਤ ਦੀ ਕਾਰ-ਸੇਵਾ ਆਰੰਭ ਕਰਨ ਤੋਂ ਪਹਿਲਾਂ ਸਿੱਖ ਸੰਗਤਾਂ ਅਤੇ ਸੰਪਰਦਾਵਾਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਅਰੰਭ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ 30-31 ਮਾਰਚ ਦੀ ਰਾਤ ਨੂੰ ਇਸ ਡੇਰੇ ਵੱਲੋਂ ਇਤਿਹਾਸਕ ਦਰਸ਼ਨੀ ਡਿਉੜੀ ਦਾ ਉਪਰਲਾ ਹਿੱਸਾ ਢਾਹ ਦਿੱਤਾ ਗਿਆ ਸੀ ਜਿਸ ਦਾ ਸਿੱਖ ਜਗਤ ਵਿਚ ਭਾਰੀ ਵਿਰੋਧ ਹੋਇਆ ਸੀ। ਇਸ ਵਿਰੋਧ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਤੋਂ ਤਰਨਤਾਰਨ ਸਾਹਿਬ ਦੀ ਕਾਰ ਸੇਵਾ ਵਾਪਿਸ ਲੈ ਲਈ ਗਈ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ