ਪੰਜਾਬ ਪੁਲਿਸ ਨੇ ਮੋਹਾਲੀ ਤੋਂ 5 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ; ਪੁਲਿਸ ਕਾਰਵਾਈ 'ਤੇ ਉੱਠੇ ਸਵਾਲ

ਪੰਜਾਬ ਪੁਲਿਸ ਨੇ ਮੋਹਾਲੀ ਤੋਂ 5 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ; ਪੁਲਿਸ ਕਾਰਵਾਈ 'ਤੇ ਉੱਠੇ ਸਵਾਲ
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨਾਂ ਵਿਚੋਂ ਇੱਕ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਵਿਸ਼ੇਸ਼ ਆਪਰੇਸ਼ਨ ਸੈੱਲ ਨੇ ਮੋਹਾਲੀ ਤੋਂ 5 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੌਜਵਾਨਾਂ 'ਤੇ ਹਿੰਸਕ ਗਤੀਵਿਧੀਆਂ ਦੀ ਤਿਆਰੀ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਮੋਹਾਲੀ ਦੇ 6 ਫੇਜ਼ ਵਿਚ ਸਥਿਤ ਦਾਰਾ ਸਟੂਡੀਓ ਨੇੜਿਓਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। 

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਸੈਕਟਰ 20 – ਚੰਡੀਗੜ੍ਹ, ਹਰਵਿੰਦਰ ਸਿੰਘ ਨਿਵਾਸੀ ਸੈਕਟਰ 12 – ਪੰਚਕੂਲਾ, ਸੁਲਤਾਨ ਸਿੰਘ ਨਿਵਾਸੀ ਕੁਰੂਕਸ਼ੇਤਰ (ਹਰਿਆਣਾ), ਕਰਮਜੀਤ ਸਿੰਘ ਨਿਵਾਸੀ ਮੋਗਾ ਤੇ ਲਵਪ੍ਰੀਤ ਸਿੰਘ ਨਿਵਾਸੀ ਸੰਗਰੂਰ ਵਜੋਂ ਹੋਈ ਹੈ।  ਇਹਨਾਂ ਨੌਜਵਾਨਾਂ ਖਿਲਾਫ ਦਰਜ ਐਫਆਈਆਰ ਨੰ. 2 ਵਿਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਧਾਰਾਵਾਂ 17, 18, 20 ਅਤੇ ਅਸਲਾ ਕਾਨੂੰਨ ਦੀਆਂ ਧਾਰਾਵਾਂ 25, 54, 59 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। 

ਇਹਨਾਂ ਨੌਜਵਾਨਾਂ ਨੂੰ ਪੁਲਿਸ ਨੇ ਬੀਤੇ ਕੱਲ੍ਹ ਡਿਊਟੀ ਮੈਜਿਸਟ੍ਰੇਟ, ਮੋਹਾਲੀ ਦੀ ਰਿਹਾਇਸ਼ 'ਤੇ ਪੇਸ਼ ਕਰਕੇ ਚਾਰ ਦਿਨਾਂ ਦਾ ਰਿਮਾਂਡ ਲੈ ਲਿਆ। 

ਪੁਲਿਸ ਦਾ ਦਾਅਵਾ
ਵਿਸ਼ੇਸ਼ ਆਪਰੇਸ਼ਨ ਸੈੱਲ ਦੇ ਏਆਈਜੀ ਵਰਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਪਰੋਕਤ ਨੌਜਵਾਨ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ, ਜਿਹੜੇ ਕਿਵੇਂ ਨਾ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਰਹੇ ਹਨ। ਪੁਲਿਸ ਨੇ ਇਹਨਾਂ ਨੌਜਵਾਨਾਂ ਕੋਲੋਂ ਇਕ .32 ਬੋਰ ਦਾ ਪਿਸਤੋਲ ਅਤੇ ਚਾਰ ਕਾਰਤੂਸ ਤੇ ਮੈਗਜ਼ੀਨ ਮਿਲਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇਹਨਾਂ ਨੌਜਵਾਨਾਂ ਕੋਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ 15 ਲੈਟਰ ਪੈਡ ਮਿਲਣ ਦਾ ਵੀ ਦਾਅਵਾ ਕੀਤਾ ਹੈ।

ਪੁਲਿਸ ਅਫਸਰ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਨੌਜਵਾਨਾਂ ਦਾ ਸੰਪਰਕ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਸਿੱਖ ਜੁਝਾਰੂ ਆਗੂ ਭਾਈ ਜਗਤਾਰ ਸਿੰਘ ਹਵਾਰਾ ਨਾਲ ਵੀ ਸੀ ਤੇ ਇਸ ਦਾਅਵੇ ਲਈ ਉਹਨਾਂ ਇਸ ਗੱਲ ਨੂੰ ਅਧਾਰ ਬਣਾਇਆ ਹੈ ਕਿ ਗ੍ਰਿਫਤਾਰ ਕੀਤਾ ਨੌਜਵਾਨ ਗੁਰਪ੍ਰੀਤ ਸਿੰਘ ਭਾਈ ਹਵਾਰਾ ਨਾਲ ਤਿਹਾੜ ਜੇਲ੍ਹ ਵਿਚ ਮੁਲਾਕਾਤ ਵੀ ਕਰਕੇ ਆਇਆ ਹੈ। ਦੱਸਣਯੋਗ ਹੈ ਕਿ ਭਾਈ ਹਵਾਰਾ ਲੰਬੇ ਸਮੇਂ ਤੋਂ ਜੇਲ੍ਹ ਵਿਚ ਨਜ਼ਰਬੰਦ ਹਨ ਤੇ ਉਹਨਾਂ ਦੇ ਮੁਲਾਕਾਤੀਆਂ ਦੀ ਇਕ ਲੰਬੀ ਸੂਚੀ ਹੈ ਜੋ ਉਹਨਾਂ ਨਾਲ ਮੁਲਾਕਾਤਾਂ ਕਰਦੇ ਹਨ। 

ਪੁਲਿਸ ਨੇ ਇਸ ਮਾਮਲੇ ਵਿਚ ਵੀ ਬੀਤੇ ਕੁਝ ਸਮੇਂ ਤੋਂ ਚੱਲੀ ਆ ਰਹੀ ਕਹਾਣੀ ਨੂੰ ਜੋੜਿਆ ਹੈ ਕਿ ਇਹ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਵਿਚ ਬੈਠੇ ਸਿੱਖਾਂ ਦੇ ਸੰਪਰਕ ਵਿਚ ਸਨ ਜੋ ਇਹਨਾਂ ਤੋਂ ਇਹ ਕਾਰਵਾਈਆਂ ਕਰਵਾਉਣੀਆਂ ਚਾਹੁੰਦੇ ਸਨ। 

ਵਕੀਲਾਂ ਨੇ ਪੁਲਿਸ 'ਤੇ ਹੱਕਾਂ ਦਾ ਘਾਣ ਕਰਨ ਦਾ ਦੋਸ਼ ਲਾਉਂਦਿਆਂ ਅਦਾਲਤ ਵਿਚ ਪਹੁੰਚ ਕੀਤੀ
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਇਹਨਾਂ ਨੌਜਵਾਨਾਂ ਦੀ ਕਾਨੂੰਨੀ ਪੈਰਵਾਈ ਕਰਨ ਲਈ ਵਕੀਲ ਅਮਰ ਸਿੰਘ ਚਾਹਲ ਦੀ ਅਗਵਾਈ ਵਿਚ ਵਕੀਲਾਂ ਦੀ ਇਕ ਟੀਮ ਨੇ ਅੱਜ ਇਲਾਕਾ ਮੈਜਿਸਟ੍ਰੇਟ ਮੋਹਾਲੀ ਨੂੰ ਅਰਜ਼ੀ ਦਿੱਤੀ ਕਿ ਪੁਲਿਸ ਨੇ ਰਿਮਾਂਡ ਲੈਣ ਮੌਕੇ ਇਹਨਾਂ ਨੌਜਵਾਨਾਂ ਨੂੰ ਆਪਣਾ ਵਕੀਲ ਕਰਨ ਦੇ ਹੱਕ ਤੋਂ ਵਾਂਝਾ ਰੱਖਿਆ। ਉਹਨਾਂ ਮੰਗ ਕੀਤੀ ਕਿ ਇਹਨਾਂ ਦੇ ਕੇਸ ਦੀ ਪੈਰਵਾਈ ਕਰਨ ਲਈ ਵਕੀਲਾਂ ਨੂੰ ਪੁਲਿਸ ਹਿਰਾਸਤ ਵਿਚ ਨੌਜਵਾਨਾਂ ਨਾਲ ਮੁਲਾਕਾਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। 

ਮਾਪਿਆਂ ਨੇ ਪੁਲਿਸ ਕਾਰਵਾਈ 'ਤੇ ਚੁੱਕੇ ਸਵਾਲ
ਮੋਗਾ ਦੇ ਪਿੰਡ ਰਾਓ ਕੇ ਕਲਾਂ ਦੇ ਰਹਿਣ ਵਾਲੇ ਕਰਮਜੀਤ ਸਿੰਘ ਦੇ ਪਰਿਵਾਰ ਨੇ ਪੁਲਿਸ ਕਾਰਵਾਈ ਉਤੇ ਸਵਾਲ ਚੁੱਕੇ ਹਨ। ਪੂਰੇ ਪਰਿਵਾਰ ਸਮੇਤ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੇ ਕਿਸੇ ਨਾਲ ਕੋਈ ਸਬੰਧ ਨਹੀਂ ਹਨ। ਬਰਗਾੜੀ ਮੋਰਚੇ ਵੇਲੇ ਇਸ ਨੇ ਅੰਮ੍ਰਿਤ ਛਕਿਆ ਸੀ ਤੇ ਇਹ ਪਲੰਬਰ ਦਾ ਕੰਮ ਕਰਦਾ ਹੈ। ਇਸ ਨੌਜਵਾਨ ਦੀ ਮਾਂ ਨੇ ਕਿਹਾ ਕਿ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ ਤੇ ਉਸ ਦੇ ਪਿਤਾ ਵੀ ਮਿਹਨਤ ਮਜ਼ਦੂਰੀ ਕਰਦੇ ਹਨ। ਉਸ ਦੀਆਂ ਤਿੰਨ ਭੈਣਾਂ ਹਨ, ਜੋ ਵਿਆਹੀਆਂ ਹਨ। ਪਰਿਵਾਰ ਗ੍ਰਿਫਤਾਰੀ ਦੀ ਖਬਰ ਸੁਣ ਕੇ ਸਦਮੇ ਵਿਚ ਹੈ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ