ਚੀਨ ਤੋਂ ਹਾਰਿਆ ਮੋਦੀ?

ਚੀਨ ਤੋਂ ਹਾਰਿਆ ਮੋਦੀ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੱਦਾਖ ਵਿਚ ਪਿਛਲੇ ਦਿਨਾਂ ਤੋਂ ਚੱਲ ਰਹੇ ਭਾਰਤ-ਚੀਨ ਟਕਰਾਅ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੀ ਰਾਤ ਦਿੱਤੇ ਬਿਆਨ ਤੋਂ ਪ੍ਰਭਾਵ ਲਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੇ ਚੀਨ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਮੋਦੀ ਦੇ ਇਸ ਬਿਆਨ ਤੋਂ ਬਾਅਦ ਟਵਿੱਟਰ ਉੱਤੇ ਲਗਾਤਾਰ 'ਮੋਦੀ ਨੇ ਚੀਨ ਅੱਗੇ ਸਮਰਪਣ ਕੀਤਾ' ਹੈਸ਼ਟੈਗ #ModiSurrendersToChina ਟਰੈਂਡ ਕਰ ਰਿਹਾ ਹੈ। 

ਕਾਂਗਰਸ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਮੋਦੀ 'ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਮੋਦੀ ਨੇ ਭਾਰਤੀ ਜ਼ਮੀਨ ਚੀਨ ਹਵਾਲੇ ਕਰ ਦਿੱਤੀ ਹੈ। 
 

PM has surrendered Indian territory to Chinese aggression.

If the land was Chinese:
1. Why were our soldiers killed?
2. Where were they killed? pic.twitter.com/vZFVqtu3fD

— Rahul Gandhi (@RahulGandhi) June 20, 2020

ਕੀ ਕਿਹਾ ਮੋਦੀ ਨੇ?
ਸੋਮਵਾਰ ਰਾਤ ਨੂੰ ਚੀਨ ਵੱਲੋਂ 20 ਭਾਰਤੀ ਫੌਜੀਆਂ ਨੂੰ ਮਾਰ ਦਿੱਤਾ ਗਿਆ ਸੀ। ਇਸ ਸਬੰਧੀ ਸਰਬ ਪਾਰਟੀ ਬੈਠਕ ਕਰਨ ਉਪਰੰਤ ਮੋਦੀ ਨੇ ਆਪਣਾ ਬਿਆਨ ਜਾਰੀ ਕੀਤਾ। ਇਸ ਬਿਆਨ ਵਿਚ ਮੋਦੀ ਨੇ ਕਿਹਾ, "ਨਾ ਉੱਥੇ ਕੋਈ ਸਾਡੀ ਸਰਹੱਦ ਵਿਚ ਵੜ ਆਇਆ ਹੈ, ਨਾ ਹੀ ਕੋਈ ਹੁਣ ਵੜਿਆ ਹੋਇਆ ਹੈ, ਨਾ ਹੀ ਸਾਡੀ ਕੋਈ ਚੌਂਕੀ ਕਿਸੇ ਹੋਰ ਦੇ ਕਬਜ਼ੇ ਵਿਚ ਹੈ। ਲੱਦਾਖ ਵਿਚ ਸਾਡੇ 20 ਜਾਂਬਾਜ਼ ਸ਼ਹੀਦ ਹੋਏ, ਪਰ ਜਿਹਨਾਂ ਨੇ ਭਾਰਤ ਮਾਤਾ ਵੱਲ ਅੱਖ ਚੁੱਕ ਕੇ ਦੇਖਿਆ ਸੀ ਉਹਨਾਂ ਨੂੰ ਉਹ ਸਬਕ ਸਿਖਾ ਕੇ ਗਏ।" 

ਭਾਰਤ ਸਰਕਾਰ ਚੀਨ ਵੱਲੋਂ ਭਾਰਤੀ ਇਲਾਕੇ 'ਤੇ ਕਬਜ਼ੇ ਦਾ ਦਾਅਵਾ ਕਰ ਚੁੱਕੀ ਹੈ
ਜਿੱਥੇ ਇਕ ਪਾਸੇ ਮੋਦੀ ਨੇ ਕਿਹਾ ਕਿ ਭਾਰਤ ਦੀ ਸਰਹੱਦ ਵਿਚ ਕਿਸੇ ਦਾ ਕਬਜ਼ਾ ਨਹੀਂ ਹੋਇਆ ਹੈ, ਉੱਥੇ ਭਾਰਤੀ ਦੇ ਵਿਦੇਸ਼ ਮਹਿਕਮੇ ਨੇ ਬਿਆਨ ਜਾਰੀ ਕਰਦਿਆਂ ਇਹ ਦਾਅਵਾ ਕੀਤਾ ਸੀ ਕਿ ਲੜਾਈ ਦਾ ਮੁੱਖ ਕਾਰਨ ਹੀ ਇਹ ਹੈ ਕਿ ਚੀਨ ਭਾਰਤ ਦੀ ਸਰਹੱਦ ਵਿਚ ਆ ਕੇ ਚੌਂਕੀਆਂ ਬਣਾ ਰਿਹਾ ਹੈ। 

ਚੀਨ ਦਾ ਕੀ ਕਹਿਣਾ ਹੈ?
ਜਿੱਥੇ ਭਾਰਤ ਦੀ ਬਿਆਨਬਾਜ਼ੀ ਆਪਣੇ 20 ਫੌਜੀ ਮਰਵਾਉਣ ਤੋਂ ਬਾਅਦ ਵੀ ਨਰਮ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਵਿਚ ਇਕ ਵਾਰ ਵੀ ਚੀਨ ਦਾ ਜ਼ਿਕਰ ਨਹੀਂ ਕੀਤਾ ਗਿਆ, ਉੱਥੇ ਚੀਨ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਭਾਰਤੀ ਫੌਜ ਚੀਨ ਦੇ ਖੇਤਰ ਵਿਚ ਦਾਖਲ ਹੋ ਕੇ ਤੈਅ ਸਮਝੌਤਿਆਂ ਦੀ ਉਲੰਘਣਾ ਕਰ ਰਹੀ ਸੀ, ਜਿਸ ਕਾਰਨ ਇਹ ਝੜਪ ਹੋਈ। ਚੀਨ ਨੇ ਗਲਵਾਨ ਵੈਲੀ 'ਤੇ ਪਹਿਲੀ ਵਾਰ ਐਲਾਨੀਆ ਦਾਅਵਾ ਕੀਤਾ ਹੈ। ਦੱਸ ਦਈਏ ਕਿ 1962 ਦੀ ਭਾਰਤ-ਚੀਨ ਜੰਗ ਦਾ ਮੁੱਢ ਵੀ ਇਸ ਇਲਾਕੇ ਤੋਂ ਹੀ ਬੱਝਿਆ ਸੀ ਅਤੇ ਇਸ ਦੇ ਨਾਲ ਲਗਦੇ ਅਕਸਾਈ ਚਿਨ 'ਤੇ ਚੀਨ ਦਾ ਕਬਜ਼ਾ ਹੈ ਜਦਕਿ ਗਲਵਾਨ ਵੈਲੀ ਭਾਰਤ ਅਤੇ ਚੀਨ ਦਰਮਿਆਨ ਜੰਗ ਬੰਦੀ ਦੌਰਾਨ ਮੰਨੀ ਗਈ ਸਰਹੱਦ 'ਤੇ ਪੈਂਦੀ ਹੈ। ਭਾਰਤ ਗਲਵਾਨ ਵੈਲੀ ਨੂੰ ਆਪਣੇ ਖਿੱਤੇ ਵਜੋਂ ਤਸਲੀਮ ਕਰਦਾ ਹੈ। 

ਵਿਰੋਧੀ ਧਿਰ ਹੋਈ ਮੋਦੀ ਦੁਆਲੇ
ਬੀਤੇ ਕੱਲ੍ਹ ਹੋਈ ਸਰਬ ਪਾਰਟੀ ਬੈਠਕ ਵਿਚ ਕਾਂਗਰਸ ਵੱਲੋਂ ਸੋਨੀਆ ਗਾਂਧੀ ਸ਼ਾਮਲ ਹੋਈ। ਸੋਨੀਆ ਗਾਂਧੀ ਨੇ 20 ਭਾਰਤੀ ਜਵਾਨਾਂ ਦੀ ਮੌਤ ਸਬੰਧੀ ਮੋਦੀ ਨੂੰ ਤਿੱਖੇ ਸਵਾਲ ਕੀਤੇ। ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਜੇ ਮੋਦੀ ਦੇ ਕਹਿਣ ਮੁਤਾਬਕ ਭਾਰਤੀ ਸਰਹੱਦ ਵਿਚ ਕੋਈ ਬਾਹਰੀ ਦਖਲ ਨਹੀਂ ਹੋਈ ਹੈ ਤਾਂ ਕੋਈ ਲੜਾਈ ਹੀ ਨਹੀਂ ਰਹਿ ਜਾਂਦੀ। ਉਹਨਾਂ ਸਵਾਲ ਕੀਤਾ ਕਿ ਫੇਰ ਭਾਰਤੀ ਜਵਾਨ ਕਿਉਂ ਮਾਰੇ ਗਏ ਤੇ ਇਹ ਸਰਬ ਪਾਰਟੀ ਬੈਠਕ ਕਿਉਂ ਬੁਲਾਈ ਗਈ?

ਬੈਠਕ ਵਿਚ ਨਹੀਂ ਬੁਲਾਈ ਗਈ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਸਵਾਲ ਕੀਤਾ ਕਿ ਕੀ ਭਾਰਤ ਨੇ ਗਲਵਾਨ ਵੈਲੀ ਤੋਂ ਆਪਣਾ ਦਾਅਵਾ ਛੱਡ ਦਿੱਤਾ ਹੈ?