ਯੂਕਰੇਨ ਵਿਚ ਪ੍ਰਮਾਣੂ ਪਲਾਂਟ 'ਤੇ ਰੂਸੀ ਹਮਲੇ ਕਾਰਣ ਤਿੰਨ ਸੈਨਿਕ ਹਲਾਕ-2 ਜ਼ਖ਼ਮੀ

ਯੂਕਰੇਨ ਵਿਚ ਪ੍ਰਮਾਣੂ ਪਲਾਂਟ 'ਤੇ ਰੂਸੀ ਹਮਲੇ ਕਾਰਣ ਤਿੰਨ ਸੈਨਿਕ ਹਲਾਕ-2 ਜ਼ਖ਼ਮੀ

*ਕੀਵ, ਚੇਰਨੀਗਿਵ ਸਮੇਤ ਕਈ ਸ਼ਹਿਰ ਹੋ ਚੁੱਕੇ ਨੇ ਤਬਾਹ

*ਰੂਸ ਵਲੋਂ ਯੂਕਰੇਨ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਦੀ ਜਾਂਚ ਕੌਮਾਂਤਰੀ ਅਪਰਾਧਿਕ ਅਦਾਲਤ  ਨੇ  ਕੀਤੀ ਸ਼ੁਰੂ   

ਅੰਮ੍ਰਿਤਸਰ ਟਾਈਮਜ਼

ਕੀਵ-ਬੀਤੇ ਦਿਨ ਰੂਸ ਨੇ ਯੂਕਰੇਨ ਵਿਚ ਸਥਿਤ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ 'ਤੇ ਹਮਲਾ ਕਰਕੇ ਕਬਜ਼ਾ ਕੀਤਾ ਜਾ ਚੁਕਾ ਹੈ । ਰੂਸ ਵਲੋਂ ਯੂਕਰੇਨ 'ਤੇ ਕੀਤੇ ਹਮਲੇ ਦੌਰਾਨ ਹੁਣ ਤੱਕ ਕੀਵ, ਚੇਰਨੀਗਿਵ ਸਮੇਤ ਕਈ ਸ਼ਹਿਰ ਤਬਾਹ ਹੋ ਚੁੱਕੇ ਹਨ । ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਸਥਿਤ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਵਿਚ ਰੂਸੀ ਗੋਲਾਬਾਰੀ ਨਾਲ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਪਲਾਂਟ 'ਤੇ ਰੂਸੀ ਬਲਾਂ ਨੇ ਕਬਜ਼ਾ ਕਰ ਲਿਆ ਹੈ । ਯੂਕਰੇਨ ਦੇ ਐਨਰਹੋਦਰ ਸ਼ਹਿਰ ਵਿਚ ਸਥਿਤ ਜਪੋਰਿਜ਼ੀਆ ਪ੍ਰਮਾਣੂ ਪਲਾਂਟ ਵਿਚ ਹਮਲੇ ਦੇ ਬਾਅਦ ਕੋਈ ਰੇਡੀਏਸ਼ਨ ਨਹੀਂ ਹੋਈ ਹੈ । ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਏਜੰਸੀ ਦੇ ਮੁਖੀ ਨੇ ਦੱਸਿਆ ਕਿ ਉਹ ਪ੍ਰਮਾਣੂ ਪਲਾਂਟ ਦੇ ਪ੍ਰਬੰਧਕਾਂ ਅਤੇ ਯੂਕਰੇਨੀ ਪ੍ਰਮਾਣੂ ਰੈਗੂਲੇਟਰ ਏਜੰਸੀ ਦੇ ਸੰਪਰਕ ਵਿਚ ਹਨ ।ਪ੍ਰਮਾਣੂ ਪਲਾਂਟ 'ਤੇ ਕਬਜ਼ੇ ਦੇ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਿਕੀ ਦੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਦੂਸਰੇ ਦੇਸ਼ਾਂ ਦੇ ਆਗੂਆਂ ਨਾਲ ਫ਼ੋਨ 'ਤੇ ਗੱਲਬਾਤ ਹੋਈ ਹੈ । ਅਮਰੀਕਾ ਦੇ ਊਰਜਾ ਵਿਭਾਗ ਨੇ ਸਾਵਧਾਨੀ ਵਜੋਂ ਆਪਣੀ ਪ੍ਰਮਾਣੂ ਪ੍ਰਤੀਕਿਰਿਆ ਟੀਮ ਨੂੰ ਚੌਕਸ ਰਹਿਣ ਲਈ ਕਿਹਾ ਹੈ । ਇਸ ਤੋਂ ਪਹਿਲਾਂ ਪ੍ਰਮਾਣੂ ਪਲਾਂਟ ਦੇ ਬੁਲਾਰੇ ਐਂਡਰੀ ਤੁਜ਼ ਨੇ  ਦੱਸਿਆ ਕਿ ਰੂਸੀ ਗੋਲੇ ਸਿੱਧੇ ਪ੍ਰਮਾਣੂ ਪਲਾਂਟ 'ਤੇ ਡਿੱਗੇ ਅਤੇ ਇਸ ਦੇ ਛੇ ਰਿਐਕਟਰਾਂ 'ਚੋਂ ਇਕ ਵਿਚ ਅੱਗ ਲੱਗ ਗਈ । ਉਨ੍ਹਾਂ ਕਿਹਾ ਕਿ ਰਿਐਕਟਰ ਦਾ ਨਵੀਨੀਕਰਨ ਚੱਲ ਰਿਹਾ ਹੈ ਅਤੇ ਇਹ ਕੰਮ ਨਹੀਂ ਕਰ ਰਿਹਾ । ਯੂਕਰੇਨ ਦੀ ਸਰਕਾਰੀ ਪ੍ਰਮਾਣੂ ਕੰਪਨੀ ਨੇ ਦੱਸਿਆ ਪ੍ਰਮਾਣੂ ਪਲਾਂਟ 'ਤੇ ਹੋਏ ਰੂਸੀ ਹਮਲੇ ਵਿਚ ਯੂਕਰੇਨ ਦੇ 3 ਸੈਨਿਕ ਮਾਰੇ ਗਏ ਅਤੇ 2 ਜ਼ਖ਼ਮੀ ਹੋ ਗਏ ।

ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਏਜੰਸੀ ਦੇ ਮੁਖੀ ਨੇ ਸਪਸ਼ਟ ਕੀਤਾ ਕਿ ਯੂਕਰੇਨ ਵਿਚ ਹਮਲੇ ਦਾ ਸ਼ਿਕਾਰ ਹੋਏ ਪ੍ਰਮਾਣੂ ਪਲਾਂਟ 'ਚੋਂ ਕੋਈ ਰੇਡੀਏਸ਼ਨ ਨਹੀਂ ਹੋਈ ਹੈ । ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਨਿਰਦੇਸ਼ਕ ਜਨਰਲ ਰਾਫੇਲ ਮਾਰਿਯਾਨੋ  ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਸਬੰਧਿਤ ਪ੍ਰਮਾਣੂ ਪਲਾਂਟ ਦੇ ਪ੍ਰਬੰਧਕਾਂ ਅਤੇ ਯੂਕਰੇਨੀ ਪ੍ਰਮਾਣੂ ਰੈਗੂਲੇਟਰ ਏਜੰਸੀ ਦੇ ਸੰਪਰਕ ਵਿਚ ਹੈ ।ਉਨ੍ਹਾਂ ਦੱਸਿਆ ਕਿ ਪ੍ਰਮਾਣੂ ਪਲਾਂਟ ਦੇ ਸੰਚਾਲਕ ਅਤੇ ਰੈਗੂਲੇਟਰ ਏਜੰਸੀ ਕਹਿ ਰਹੀ ਹੈ ਕਿ ਉਥੇ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ ।  ਪਲਾਂਟ ਦਾ ਕੇਵਲ ਇਕ ਰਿਐਕਟਰ ਕੰਮ ਕਰ ਰਿਹਾ ਹੈ ਅਤੇ ਉਹ ਵੀ ਲਗਭਗ 60 ਫ਼ੀਸਦੀ ਸਮਰੱਥਾ ਦੇ ਨਾਲ ।

    ਸੰਯੁਕਤ ਰਾਸ਼ਟਰ ਤੇ ਇਸ ਦੇ ਸਾਥੀ ਮੁਲਕ ਰੂਸ ਤੋਂ ਔਖੋ

ਸੰਯੁਕਤ ਰਾਸ਼ਟਰ ਤੇ ਇਸ ਦੇ ਸਾਥੀ ਮੁਲਕਾਂ ਨੇ ਰੂਸ ਤੇ ਯੂਕਰੇਨ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਰੂਸ ਲੱਖਾਂ ਯੂਰੋਪੀਅਨ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲਾ ਰਿਹਾ ਹੈ ਕਿਉਂਕਿ ਰੈਡੀਏਸ਼ਨ ਫੈਲਣ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਪਰ ਰੂਸ ਨੇ ਇਸ ਲਈ ਯੂਕਰੇਨ ਦੇ ਇਕ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਪਲਾਂਟ ਨੇੜਲੇ ਸਿਖ਼ਲਾਈ ਕੇਂਦਰ ਨੂੰ ਅੱਗ ਲਾਈ ਹੈ। ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਨੇ ਹਾਲੇ ਤੱਕ ਅੱਗ ਲੱਗਣ ਲਈ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਹੈ। ਯੂਕਰੇਨ ਤੇ ਪੱਛਮੀ ਮੁਲਕਾਂ ਨੇ ਇਸ ਲਈ ਰੂਸ ਨੂੰ ਹੀ ਜ਼ਿੰਮੇਵਾਰ ਦੱਸਿਆ।ਫਰਾਂਸ ਨੇ ਕਿਹਾ ਕਿ ਉਹ ਯੂਕਰੇਨ ਦੇ ਪੰਜ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਦੀ ਸੁਰੱਖਿਆ ਤੇ ਰਾਖੀ ਲਈ ਜਲਦੀ ਠੋਸ ਕਦਮ ਚੁੱਕੇਗਾ। ਇਸ ਲਈ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਵੱਲੋਂ ਮਿੱਥੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੌਂ ਨੇ ਯੂਕਰੇਨੀ ਪ੍ਰਮਾਣੂ ਟਿਕਾਣਿਆਂ ਲਈ ਬਣੇ ਖ਼ਤਰਿਆਂ ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ ਖ਼ਤਰਾ ਬਹੁਤ ਵਧ ਗਿਆ ਹੈ ਤੇ ਮਾਸਕੋ ਨੂੰ ਤੁਰੰਤ ਖ਼ਤਰਨਾਕ ਫ਼ੌਜੀ ਕਾਰਵਾਈ ਰੋਕਣੀ ਚਾਹੀਦੀ ਹੈ। ਯੂਕਰੇਨੀ ਅਥਾਰਿਟੀ ਨੂੰ ਦੇਸ਼ ਵਿਚ ਸਥਿਤ ਸਾਰੇ ਪ੍ਰਮਾਣੂ ਕੇਂਦਰਾਂ ਦਾ ਕੰਟਰੋਲ ਸੌਂਪਿਆ ਜਾਣਾ ਚਾਹੀਦਾ ਹੈ। 

ਰੂਸ ਦੇ ਨਿਸ਼ਾਨੇ ਉਪਰ ਯੂਕਰੇਨ ਦੇ ਨਾਗਰਿਕ

ਰੂਸ ਅਤੇ ਯੂਕਰੇਨ ਦੀ ਜੰਗ ਦਰਮਿਆਨ ਰੂਸ ਉਪਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਵਿੱਚ ਸੰਭਾਵਿਤ ਜੰਗੀ ਅਪਰਾਧਾਂ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।ਇਸ ਦੀ ਜਾਂਚ ਕੌਮਾਂਤਰੀ ਅਪਰਾਧਿਕ ਅਦਾਲਤ  ਨੇ ਸ਼ੁਰੂ ਕੀਤੀ ਹੈ।ਕੌਮਾਂਤਰੀ ਅਪਰਾਧਿਕ ਅਦਾਲਤ ਦੇ ਮੁੱਖ ਵਕੀਲ ਨੇ ਆਖਿਆ ਹੈ ਕਿ ਨਸਲਕੁਸ਼ੀ, ਕਥਿਤ ਜੰਗੀ ਅਪਰਾਧ ਅਤੇ ਮਨੁੱਖੀ ਅਧਿਕਾਰਾਂ ਖਿਲਾਫ਼ ਰੂਸ ਦੇ ਅਪਰਾਧਾਂ ਸਬੰਧੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਰੂਸ ਦੇ ਖ਼ਿਲਾਫ਼ 39 ਦੇਸ਼ਾਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਸੀ। ਆਪਣੇ ਉਪਰ ਲੱਗੇ ਇਨ੍ਹਾਂ ਇਲਜ਼ਾਮਾਂ ਨੂੰ ਰੂਸ ਨੇ ਖ਼ਾਰਜ ਕੀਤਾ ਹੈ।

ਯਾਦ ਰਹੇ ਕਿ ਜਨੇਵਾ ਕਨਵੈਨਸ਼ਨ ਤਹਿਤ ਉਹ ਕਾਨੂੰਨ ਆਉਂਦੇ ਹਨ, ਜੋ ਜੰਗੀ ਅਪਰਾਧਾਂ ਦੀ ਪਰਿਭਾਸ਼ਾ ਤੈਅ ਕਰਦੇ ਹਨ।ਜਨੇਵਾ ਕਨਵੈਨਸ਼ਨ ਅਜਿਹੇ ਕਈ ਸਮਝੌਤਿਆਂ ਦੀ ਲੜੀ ਹੈ, ਜੋ ਇਹ ਤੈਅ ਕਰਦੀਆਂ ਹਨ ਕਿ ਜੰਗ ਦੌਰਾਨ ਇਨਸਾਨਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਹੋਣਾ ਚਾਹੀਦਾ ਹੈ।1949 ਦੇ ਜਨੇਵਾ ਕਨਵੈਨਸ਼ਨ ਦਾ ਰੂਸ ਸਮੇਤ ਸਾਰੇ ਮੈਂਬਰ ਦੇਸ਼ਾਂ ਨੇ ਸਮਰਥਨ ਕੀਤਾ ਸੀ।ਜਾਣ ਬੁੱਝ ਕੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ, ਜਿਸ ਦਾ ਆਮ ਲੋਕਾਂ ਦੀ ਜਾਨ ਅਤੇ ਮਾਲ ਨੂੰ ਨੁਕਸਾਨ ਹੋਵੇ,ਇਮਾਰਤਾਂ ਸ਼ਹਿਰਾਂ ਅਤੇ ਪਿੰਡਾਂ ਉਪਰ ਹਮਲੇ ਅਤੇ ਬੰਬਾਰੀ ਹੋਵੇ ,ਧਰਮਹਸਪਤਾਲ ਅਤੇ ਸਿੱਖਿਆ ਕੇੇਂਂਦਰ  ਨੂੰ ਨਿਸ਼ਾਨਾ ਨਾ ਬਣਾਇਆ ਜਾਵੇ।  ਇਸ ਨੂੰ ਅਪਰਾਧ ਮੰਨਿਆ ਜਾਂਂਦਾ ਹੈ।

ਨੀਦਰਲੈਂਡ ਦੇ ਹੇਗ ਵਿੱਚ ਸਥਿਤ ਆਈਸੀਸੀ(ਇੰਟਰਨੈਸ਼ਨਲ ਕ੍ਰਿਮੀਨਲ ਕੋਰਟ) ਦੀ ਸਥਾਪਨਾ 1998 ਵਿੱਚ ਕੀਤੀ ਗਈ ਸੀ।ਇਹ ਇਕ ਅਜਿਹੀ ਸੰਸਥਾ ਹੈ ਜੋ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰਦੀ ਹੈ ਅਤੇ ਅਜਿਹੇ ਅਪਰਾਧਾਂ ਦੇ ਫ਼ੈਸਲੇ ਕਰਦੀ ਹੈ ਜੋ ਮਨੁੱਖਤਾ ਦੇ ਖ਼ਿਲਾਫ਼ ਹੋਣ।ਇਨ੍ਹਾਂ ਵਿੱਚ ਜੰਗੀ ਅਪਰਾਧ, ਨਸਲਕੁਸ਼ੀ ਸ਼ਾਮਿਲ ਹਨ।ਇਸ ਅਦਾਲਤ ਕੋਲ ਆਪਣੀ ਪੁਲਿਸ ਨਹੀਂ ਹੈ ਅਤੇ ਗ੍ਰਿਫ਼ਤਾਰੀਆਂ ਲਈ ਇਹ ਦੂਸਰੇ ਦੇਸ਼ਾਂ ਉੱਤੇ ਨਿਰਭਰ ਹੈ। ਇਸ ਅਦਾਲਤ ਵੱਲੋਂ ਸਜ਼ਾ ਦੇ ਤੌਰ ਤੇ ਜੁਰਮਾਨੇ ਅਤੇ ਜੇਲ੍ਹ ਹੋ ਸਕਦੀ ਹੈ।ਰੂਸ ਅਤੇ ਯੂਕਰੇਨ ਦੋਵੇਂ ਇਸ ਦੇ ਮੈਂਬਰ ਨਹੀਂ ਹਨ ਪਰ ਯੂਕਰੇਨ ਨੇ ਇਸ ਦੇ ਅਧਿਕਾਰ ਖੇਤਰ ਨੂੰ ਮੰਨਿਆ ਹੈ ਜਿਸ ਤੋਂ ਬਾਅਦ ਰੂਸ ਉੱਪਰ ਲੱਗੇ ਇਲਜ਼ਾਮਾਂ ਦੀ ਜਾਂਚ ਹੋ ਸਕਦੀ ਹੈ।ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਉਪਰ ਇਲਜ਼ਾਮ ਲਗਾਏ ਹਨ ਕਿ ਖਾਰਕੀਵ ਉੱਪਰ ਹੋਏ ਹਵਾਈ ਹਮਲਿਆਂ ਨੇ ਬਹੁਤ ਸਾਰੇ ਯੂਕਰੇਨੀ ਨਾਗਰਿਕ ਮਾਰੇ ਹਨ। ਉਨ੍ਹਾਂ ਮੁਤਾਬਕ ਇਹ ਜੰਗੀ ਅਪਰਾਧ ਹਨ।2008 ਵਿੱਚ ਹੋਏ ਸਮਝੌਤੇ ਤੋਂ ਬਾਅਦ ਕਲੱਸਟਰ ਬੰਬਾਂ ਦੀ ਵਰਤੋਂ ਉੱਪਰ ਬਹੁਤ ਸਾਰੇ ਦੇਸ਼ਾਂ ਵਿੱਚ ਰੋਕ ਲੱਗੀ ਹੈ।ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਸੰਸਥਾਵਾਂ ਅਤੇ ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਦੇ ਰਾਜਦੂਤ ਨੇ ਵੀ ਆਖਿਆ ਹੈ ਕਿ ਯੂਕਰੇਨ ਦੇ ਉੱਤਰ ਪੂਰਬ ਵਿੱਚ ਮੌਜੂਦ ਇੱਕ ਸ਼ਹਿਰ ਉੱਪਰ ਰੂਸ ਨੇ ਵੈਕਿਊਮ ਬੰਬ ਵਰਤੇ ਹਨ।ਵੈਕਿਊਮ ਬੰਬ ਅਜਿਹੇ ਹਥਿਆਰ ਹਨ ਜਿਨ੍ਹਾਂ ਵਿਚੋਂ ਅਜਿਹੇ ਕਣ ਨਿਕਲਦੇ ਹਨ ਜੋ ਭਾਰੀ ਤਬਾਹੀ ਕਰਦੇ ਹਨ।ਵੈਕਿਊਮ ਬੰਬ ਖ਼ਿਲਾਫ਼ ਰੋਕ ਲਈ ਕੋਈ ਅੰਤਰਰਾਸ਼ਟਰੀ ਕਾਨੂੰਨ ਨਹੀਂ ਹੈ ਪਰ ਜੇਕਰ ਇਸ ਦੀ ਵਰਤੋਂ ਸਕੂਲ ਹਸਪਤਾਲ ਲਿਆ ਨਾਗਰਿਕਾਂ ਦੇ ਰਹਿਣ ਵਾਲੇ ਇਲਾਕੇ ਵਿੱਚ ਹੁੰਦੀ ਹੈ ਤਾਂ ਇਸ ਨੂੰ ਅਪਰਾਧ ਮੰਨਿਆ ਜਾ ਸਕਦਾ ਹੈ। 1907,1899 ਵਿੱਚ ਹੈ ਕਨਵੈਨਸ਼ਨ ਅਧੀਨ ਇਹ ਹੋ ਸਕਦਾ ਹੈ।

ਵੈਕਿਊਮ ਬੰਬ ਅਤੇ ਕਲੱਸਟਰ ਬੰਬਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਵੀ ਰੂਸ ਨੇ ਗ਼ਲਤ ਖ਼ਬਰਾਂ ਕਰਾਰ ਦਿੱਤਾ ਹੈ।