ਕੈਨੇਡਾ ਦਾ ਇਮੀਗਰੇਸ਼ਨ ਪ੍ਰਬੰਧ  ਲੜਖੜਾਇਆ

ਕੈਨੇਡਾ ਦਾ ਇਮੀਗਰੇਸ਼ਨ ਪ੍ਰਬੰਧ  ਲੜਖੜਾਇਆ

*ਇਮੀਗਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਫਾਈਲਾਂ ਦੀ ਗਿਣਤੀ 25 ਲੱਖ ਤੋਂ ਟੱਪੀ

ਅੰਮ੍ਰਿਤਸਰ ਟਾਈਮਜ਼

ਵੈਨਕੂਵਰਆਲਮੀ ਪੱਧਰ ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਕੈਨੇਡਾ ਦਾ ਆਵਾਸ ਸਿਸਟਮ ਬੁਰੀ ਤਰਾਂ ਲੜਖੜਾ ਗਿਆ ਹੈ। ਪੁਰਾਣੀਆਂ ਫਾਈਲਾਂ ਦਾ ਨਿਬੇੜਾ ਨਾ ਹੋਣ ਕਾਰਨ ਦੇਸ਼ ਦੇ ਆਵਾਸ ਵਿਭਾਗ ਕੋਲ ਦਿਨੋ-ਦਿਨ ਬਿਨੈਕਾਰਾਂ ਦੀ ਗਿਣਤੀ ਵਧਣ ਲੱਗੀ ਹੈ। ਜਾਣਕਾਰੀ ਅਨੁਸਾਰ ਇਸ ਵਰ੍ਹੇ ਦੇ ਮਾਰਚ ਮਹੀਨੇ ਦੇ ਅੰਤ ਤੱਕ ਵਿਚਾਰ ਅਧੀਨ 18 ਲੱਖ ਫਾਈਲਾਂ ਦੀ ਗਿਣਤੀ 30 ਅਪਰੈਲ ਨੂੰ 20 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਹਾਲਾਂਕਿ ਇਸ ਦੌਰਾਨ 65 ਹਜ਼ਾਰ ਫਾਈਲਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਯਾਤਰਾ ਵੀਜ਼ਾ, ਰੁਜ਼ਗਾਰ ਵੀਜ਼ਾ, ਅਸਥਾਈ ਰਿਹਾਇਸ਼, ਸਥਾਈ ਰਿਹਾਇਸ਼ (ਪੀਆਰ), ਨਾਗਰਿਕਤਾ (ਸਿਟੀਜ਼ਨਸ਼ਿਪ) ਆਦਿ ਸਾਰੇ ਵਰਗਾਂ ਲਈ ਹਰ ਮਹੀਨੇ ਕਰੀਬ ਪੌਣੇ ਤਿੰਨ ਲੱਖ ਫਾਈਲਾਂ ਰਜਿਸਟਰ ਹੋਣ ਲੱਗੀਆਂ ਹਨ। ਕਈ ਫਾਈਲਾਂ ਵਿੱਚ ਇੱਕ ਤੋਂ ਜ਼ਿਆਦਾ ਲੋਕਾਂ ਦੀ ਸਾਂਝੀ ਬੇਨਤੀ ਹੋਣ ਕਰਕੇ ਬਿਨੈਕਾਰਾਂ ਦੀ ਗਿਣਤੀ ਫਾਈਲਾਂ ਤੋਂ 25-30 ਫੀਸਦ ਵੱਧ ਹੋ ਗਈ ਹੈ ਅਤੇ ਬਿਨੈਕਾਰ ਬੈਕਲੌਗ ਅੰਕੜਾ 25 ਲੱਖ ਟੱਪ ਚੁੱਕਿਆ ਹੈ। 

ਕੈਨੇਡਾ ਆ ਕੇ ਪੀਆਰ ਹੋਣ ਲਈ ਫਾਈਲਾਂ ਲਗਾ ਚੁੱਕੇ ਕੁਝ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹੀਨਿਆਂ ਤੋਂ ਸਾਲਾਂ ਤੱਕ ਪਹੁੰਚੀ ਉਡੀਕ ਜਿੱਥੇ ਉਨ੍ਹਾਂ ਦੇ ਸੁਫ਼ਨੇ ਚੂਰ ਕਰ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਪਰਿਵਾਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਵੀ ਪੇਸ਼ ਆ ਰਹੀਆਂ ਹਨ। ਫੈਮਿਲੀ ਕਲਾਸ ਭਾਵ ਮਾਂ-ਬਾਪ, ਦਾਦਾ-ਦਾਦੀ ਆਦਿ ਦੀਆਂ ਡੇਢ ਕੁ ਸਾਲ ਚ ਸਿਰੇ ਲਗਣ ਵਾਲੀਆਂ ਫਾਈਲਾਂ ਨੂੰ ਹੁਣ ਤਿੰਨ-ਚਾਰ ਸਾਲ ਲੱਗਣ ਦੀਆਂ ਸੂਚਨਾਵਾਂ ਹਨ। ਹੋਰ ਤਾਂ ਹੋਰ ਪੰਜਾਬ ਤੋਂ ਕੈਨੇਡਾ ਦੇ ਯਾਤਰੂ ਵੀਜ਼ਾ ਬਿਨੈਕਾਰਾਂ ਨੂੰ ਹੁਣ ਚਾਰ-ਪੰਜ ਮਹੀਨੇ ਉਡੀਕ ਕਰਨੀ ਪੈ ਰਹੀ ਹੈ, ਜਦਕਿ 2019 ਤਕ ਇਹ ਉਡੀਕ ਦੋ ਹਫਤੇ ਵਿੱਚ ਮੁੱਕ ਜਾਂਦੀ ਸੀ। 

ਕੋਵਿਡ ਕਾਰਨ ਸਿਸਟਮ ਵਿੱਚ ਖੜੋਤ ਆਈ: ਆਵਾਸ ਵਿਭਾਗ

ਦੇਰੀ ਬਾਰੇ ਪੁੱਛੇ ਜਾਣ ਤੇ ਆਵਾਸ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੈਕਲੌਗ ਦਾ ਵੱਡਾ ਕਾਰਨ ਕੋਵਿਡ ਕਾਰਨ ਸਿਸਟਮ ਵਿੱਚ ਆਈ ਖੜੋਤ ਹੈ। ਇਸ ਵਿੱਚ ਤੇਜ਼ੀ ਲਿਆਉਣ ਦੇ ਯਤਨ ਤਾਂ ਕੀਤੇ ਜਾ ਰਹੇ ਹਨ ਪਰ ਪਹਿਲਾਂ ਦੇ ਮੁਕਾਬਲੇ ਬਿਨੈਕਾਰਾਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ।