ਗੁਰਦੁਆਰੇ ਵਿੱਚ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼

ਗੁਰਦੁਆਰੇ ਵਿੱਚ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼

ਅੰਮ੍ਰਿਤਸਰ ਟਾਈਮਜ਼

ਗੁਰੂਸਰ ਸੁਧਾਰ: ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਤੋਂ ਕੁਝ ਦੂਰ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਸੱਦਾ ਪੱਤੀ ਪਿੰਡ ਸਰਾਭਾ ਵਿੱਚ ਬੀਤੀ ਰਾਤ ਇੱਕ ਕਾਰ ਸਵਾਰ ਨੌਜਵਾਨ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪਿੰਡ ਵਾਸੀਆਂ ਨੇ ਮੌਕੇ ਤੇ ਹੀ ਕਾਬੂ ਕਰ ਲਿਆ। ਥਾਣਾ ਜੋਧਾਂ ਦੀ ਪੁਲੀਸ ਨੇ ਮੁਲਜ਼ਮ ਸਤਨਾਮ ਸਿੰਘ (ਕਰੀਬ 30 ਸਾਲ) ਵਾਸੀ ਪਿੰਡ ਚਮਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਦੁਆਰੇ ਵਿੱਚ ਮੌਜੂਦ ਸੇਵਾਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੁੱਖ ਆਸਣ ਕੀਤਾ ਜਾ ਚੁੱਕਿਆ ਸੀ ਤਾਂ ਮੁਲਜ਼ਮ ਸਿਰ ਢਕ ਕੇ ਅੰਦਰ ਆਇਆ ਅਤੇ ਉਸ ਨੇ ਮੱਥਾ ਵੀ ਟੇਕਿਆ। ਇਸ ਮਗਰੋਂ ਉਸ ਨੇ ਗੁਰੂ ਘਰ ਵਿੱਚ ਚੱਲ ਰਹੇ ਮੁਰੰਮਤ ਦੇ ਕੰਮ ਲਈ ਪਈਆਂ ਘੋੜੀਆਂ ਉੱਪਰ ਚੜ੍ਹ ਕੇ ਕੁਝ ਫੱਟੇ ਥੱਲੇ ਸੁੱਟ ਦਿੱਤੇ ਅਤੇ ਬਾਅਦ ਵਿੱਚ ਪ੍ਰਸ਼ਾਦ ਵਾਲੇ ਭਾਂਡੇ ਖਿਲਾਰ ਦਿੱਤੇ ਅਤੇ ਸ੍ਰੀ ਸਾਹਿਬ ਥੱਲੇ ਸੁੱਟ ਦਿੱਤਾ। ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਮੌਕੇ ਤੇ ਹੀ ਕਾਬੂ ਕਰ ਕੇ ਦੇਰ ਰਾਤ ਪੁਲੀਸ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਤੋਂ ਪਤਾ ਲੱਗਿਆ ਹੈ ਕਿ ਸਤਨਾਮ ਸਿੰਘ ਕਸਬਾ ਜੋਧਾਂ ਵਿੱਚ ਕੱਪੜੇ ਸਿਲਾਈ ਦਾ ਕੰਮ ਕਰਦਾ ਹੈ ਪਰ ਅੱਜ-ਕੱਲ੍ਹ ਕੰਮ ਵਿੱਚ ਮੰਦੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਥਾਣਾ ਮੁਖੀ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਮੁਲਜ਼ਮ ਦਾ ਡਾਕਟਰੀ ਮੁਆਇਨਾ ਕਰਵਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਵੀਰ ਸਿੰਘ ਦੇ ਬਿਆਨਾਂ ਤੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਗਈ ਹੈ।