ਕੈਨੇਡਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਹੋਈਆਂ ਬੰਦ

ਕੈਨੇਡਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਹੋਈਆਂ ਬੰਦ

500 ਤੋਂ ਵਧੇਰੇ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਫ਼ਸੇ

ਅੰਮ੍ਰਿਤਸਰ ਟਾਈਮਜ਼

ਲੁਧਿਆਣਾ- ਕੋਰੋਨਾ ਮਹਾਂਮਾਰੀ ਦੇ ਮਾੜੇ ਪ੍ਰਭਾਵ ਹੌਲੀ-ਹੌਲੀ ਦੇਖਣ ਨੂੰ ਮਿਲ ਰਹੇ ਹਨ । ਕੋਰੋਨਾ ਕਰਕੇ ਕੈਨੇਡਾ ਦੀਆਂ ਕਈ ਵਿਦਿਅਕ ਸੰਸਥਾਵਾਂ ਬੰਦ ਹੋ ਗਈਆਂ ਹਨ, ਜਿਸ ਕਰਕੇ ਵਿਦਿਅਕ ਸੰਸਥਾਵਾਂ ਵਿਚ ਦਾਖ਼ਲਾ ਲੈਣ ਵਾਲੇ 500 ਤੋਂ ਵਧੇਰੇ ਪੰਜਾਬੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਫ਼ਸ ਗਏ ਹਨ | ਜਾਣਕਾਰੀ ਅਨੁਸਾਰ ਪੰਜਾਬ ਦੇ 500 ਤੋਂ ਵਧੇਰੇ ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਨੇ ਟ੍ਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਪਨੀਆਂ ਤੇ ਵੀਜ਼ਾ ਕੰਪਨੀਆਂ ਰਾਹੀਂ ਔਸਤਨ 9 ਤੋਂ 12 ਲੱਖ ਰੁਪਏ ਪ੍ਰਤੀ ਵਿਦਿਆਰਥੀ ਫ਼ੀਸ ਜ਼ਮ੍ਹਾਂ ਕਰਵਾ ਕੇ ਕੈਨੇਡਾ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਦਾਖ਼ਲਾ ਲਿਆ ਸੀ | 2020 ਵਿਚ ਕੋਰੋਨਾ ਤੋਂ ਬਾਅਦ ਕੁਝ ਸਮਾਂ ਆਨ ਲਾਈਨ ਕਲਾਸਾਂ ਲਗਾਉਣ ਤੋਂ ਬਾਅਦ ਕੈਨੇਡਾ ਦੇ ਕਈ ਵਿਦਿਅਕ ਅਦਾਰੇ ਬੰਦ ਹੋ ਗਏ, ਜਿਸ ਕਰਕੇ ਪੰਜਾਬੀਆਂ ਦੇ ਕਰੋੜਾਂ ਰੁਪਏ ਉਕਤ ਵਿਦਿਅਕ ਸੰਸਥਾਵਾਂ ਕੋਲ ਫ਼ਸ ਗਏ ਹਨ । ਰੁਪਏ ਫ਼ਸਣ ਕਰਕੇ ਦੁਖੀ ਵਿਦਿਆਰਥੀਆਂ ਵਲੋਂ ਵੱਖ-ਵੱਖ ਵੀਜ਼ਾ ਕੰਪਨੀਆਂ ਤੇ ਟ੍ਰੈਵਲ ਏਜੰਟਾਂ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ । ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਕੈਨੇਡਾ ਵਿਚ ਵਿਦਿਅਕ ਸੰਸਥਾ ਦੇ ਬੰਦ ਹੋਣ ਕਾਰਨ ਫਸੇ ਹੋਏ ਵਿਦਿਆਰਥੀਆਂ ਦਾ ਇਕ-ਇਕ ਪੈਸਾ ਵਾਪਸ ਕਰਵਾਇਆ ਜਾਵੇਗਾ ।  ਗੋਗੀ ਨੇ ਆਈ.ਡੀ.ਪੀ. ਅੰਤਰਰਾਸ਼ਟਰੀ ਸਿੱਖਿਆ ਪ੍ਰੋਵਾਈਡਰ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਸੂਬੇ ਭਰ ਦੇ ਵਿਦਿਆਰਥੀਆਂ ਦਾ ਭਵਿੱਖ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਲਕ ਵਲੋਂ ਦੀਵਾਲੀਆਪਨ ਹੋਣ ਕਰਨ ਧੁੰਦਲਾ ਹੋ ਗਿਆ ਹੈ । ਆਈ.ਡੀ.ਪੀ. ਦੇ ਪੰਜਾਬ ਪ੍ਰਬੰਧਕ ਜਸਮੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਆਈ.ਡੀ.ਪੀ. ਰਾਹੀਂ ਦਾਖ਼ਲ ਹੋਏ 140 ਵਿਦਿਆਰਥੀਆਂ ਵਿਚੋਂ 80 ਵਿਦਿਆਰਥੀ ਵਿਦਿਅਕ ਸੰਸਥਾਵਾਂ ਬੰਦ ਹੋਣ ਕਰਕੇ ਹਾਲੇ ਵੀ ਫ਼ਸੇ ਗਏ ਹਨ ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਅੰਡਰ ਗਰੈਜੂਏਟ ਕੋਰਸਾਂ ਲਈ ਵਿਦਿਆਰਥੀਆਂ ਨੂੰ ਸਤੰਬਰ ਦੇ ਇਨਟੇਕ ਵਿਚ ਅਲਬਰਟਾ, ਕੈਨੇਡਾ ਵਿਖੇ ਇਕ ਪੌਲੀਟੈਕਨਿਕ ਕਾਲਜ ਵਿਚ ਦਾਖ਼ਲਾ ਕਰਵਾ ਕੇ ਭੇਜਿਆ ਜਾਵੇਗਾ ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਅੰਡਰ ਗਰੈਜੂਏਟ ਜਾਂ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖ਼ਲਾ ਨਹੀਂ ਦੁਆਇਆ ਜਾਂਦਾ ਤਾਂ ਅਸੀਂ ਉਸ ਵਿਦਿਆਰਥੀ ਦੇ ਪੈਸੇ ਵਾਪਸ ਕਰਾਂਗੇ ।