ਮੋਦੀ ਸਰਕਾਰ ਨੇ ਲਾਲ ਕਿਲ੍ਹੇ ਵਿਚ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ

ਮੋਦੀ ਸਰਕਾਰ ਨੇ ਲਾਲ ਕਿਲ੍ਹੇ ਵਿਚ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਸਾਡੇ ਲਈ ਪ੍ਰੇਰਨਾ ਸਰੋਤ: ਮੋਦੀ

ਪ੍ਰਧਾਨ ਮੰਤਰੀ ਵਲੋਂ 400 ਰੁਪਏ ਦਾ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਰਿਲੀਜ਼ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਕਿਹਾ ਕਿ  ਭਾਰਤ, ਸਿੱਖ ਗੁਰੂਆਂ ਦੇ ਆਦਰਸ਼ਾਂ ਦੀ ਪਾਲਣਾ ਕਰ ਰਿਹਾ ਹੈ। ਇੱਥੇ ਲਾਲ ਕਿਲ੍ਹੇ ਵਿਚ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਦੌਰਾਨ  ਮੋਦੀ  ਨੇ ਆਪਣੇ ਸੰਬੋਧਨ ਵਿਚ ਗੁਰੂ ਤੇਗ ਬਹਾਦਰ ਜੀ ਦੇ ਚੌਥੇ ਸ਼ਤਾਬਦੀ ਸਮਾਗਮ ਨੂੰ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਦਾ ਹਿੱਸਾ ਬਣਾਉਣ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੇ ਅਧਿਆਮਿਕ ਸਫ਼ਰ ਨੂੰ ਦੇਸ਼ ਦੀ ਆਜ਼ਾਦੀ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ । ਇਸ ਲਈ ਇਸ ਸਮਾਗਮ ਨੂੰ ਅੰਮਿ੍ਤ ਮਹੋਤਸਵ ( ਜੋ ਕਿ ਅਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਪ੍ਰੋਗਰਾਮ ਹੈ) ਦੇ ਹਿੱਸੇ ਵਜੋਂ ਮਨਾਇਆ ਜਾ ਰਿਹਾ ਹੈ ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਅਤੇ ਸਮਾਪਤੀ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ' ਨਾਲ ਕਰਦਿਆਂ ਕਿਹਾ ਕਿ ਅੱਜ ਦੇਸ਼ ਪੂਰੀ ਸ਼ਰਧਾ ਦੇ ਨਾਲ ਗੁਰੂਆਂ ਦੇ ਵਿਖਾਏ ਰਸਤੇ 'ਤੇ ਅੱਗੇ ਵਧ ਰਿਹਾ ਹੈ । ਲਾਲ ਕਿਲ੍ਹੇ ਨੇੜੇ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਗੁਰੂ ਤੇਗ ਬਹਾਦਰ ਦੀ ਅਦੁੱਤੀ ਕੁਰਬਾਨੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਮੁਲਕ ਵਿੱਚ ਧਾਰਮਿਕ ਕੱਟੜਤਾ ਦੀ ਹਨੇਰੀ ਝੁੱਲ ਰਹੀ ਸੀ। ਉਸ ਸਮੇਂ ਭਾਰਤ ਲਈ ਆਪਣੀ ਪਛਾਣ ਦੀ ਰਾਖੀ ਕਰਨ ਦੀ ਸਭ ਤੋਂ ਵੱਡੀ ਉਮੀਦ ਗੁਰੂ ਤੇਗ ਬਹਾਦਰ ਬਣੇ। ਉਨ੍ਹਾਂ ਨੂੰ ਮੁਗਲ ਬਾਦਸ਼ਾਹ ਔਰੰਗਜੇਬ ਦੇ ਹੁਕਮ ’ਤੇ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਦਾ ਸਮਰਥਨ ਕਰਨ ਲਈ ਸ਼ਹੀਦ ਕਰ ਦਿੱਤਾ ਗਿਆ ਸੀ।ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੇ ਭਾਰਤ ਦੀਆਂ ਨਵੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ, ਆਪਣੇ ਸਵੈਮਾਣ ਤੇ ਇੱਜ਼ਤ ਦੀ ਰਾਖੀ ਲਈ ਜਿਊਣ ਤੇ ਮਰ ਮਿਟਣ ਦੀ ਪ੍ਰੇਰਨਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਭਾਰਤ ਆਪਣੇ ਫ਼ੈਸਲੇ ਖ਼ੁਦ ਕਰਦਾ ਹੈ। ਸਾਨੂੰ ਇੱਕ ਅਜਿਹਾ ਭਾਰਤ ਬਣਾਉਣਾ ਪਵੇਗਾ ਜਿਸਦੀ ਤਾਕਤ ਨੂੰ ਪੂਰਾ ਵਿਸ਼ਵ ਵੇਖੇ ਤੇ ਜੋ ਸੰਸਾਰ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਜਾਵੇ। ਨਾਗਰਿਕਤਾ ਸੋਧ ਕਾਨੂੰਨ ਦਾ ਵੀ ਕੀਤਾ ਜ਼ਿਕਰ

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਨਾਗਰਿਕਤਾ ਸੋਧ ਕਾਨੂੰਨ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਸੀ. ਏ. ਏ. ਦੇ ਕਾਰਨ ਹੀ ਸੰਕਟ ਵਿਚ ਘਿਰੇ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਦੇਸ਼ ਦੀ ਨਾਗਰਿਕਤਾ ਮਿਲਣ ਦਾ ਰਸਤਾ ਸੁਖਾਲਾ ਹੋ ਪਾਇਆ ਹੈ ।ਮੋਦੀ ਨੇ ਆਪਣੇ ਭਾਸ਼ਨ ਵਿਚ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਤੇ ਉਥੋਂ ਲਿਆਂਦੇ  ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲਿਆਉਣ ਵਿਚ ਸਰਕਾਰ ਵਲੋਂ ਕੀਤੀ ਮਦਦ ਦਾ ਵੀ ਜ਼ਿਕਰ ਕੀਤਾ । ਮੋਦੀ ਨੇ ਕੇਂਦਰ ਸਰਕਾਰ ਵਲੋਂ ਚੁੱਕੇ ਸਿੱਖਾਂ ਪੱਖੀ ਕਦਮਾਂ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ  ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ 26 ਦਸਬੰਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ, ਸਵਦੇਸ਼ ਦਰਸ਼ਨ ਯੋਜਨਾ ਅਤੇ ਹੇਮਕੁੰਟ ਸਾਹਿਬ ਯਾਤਰਾ ਲਈ ਸ਼ੁਰੂ ਕੀਤੇ ਰੋਪ ਵੇਅ ਪ੍ਰ੍ਰੋਜੈਕਟ ਦਾ ਵੀ ਹਵਾਲਾ ਦਿੱਤਾ । ਇਸ ਮੌਕੇ 400 ਰਾਗੀਆਂ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।   ਸਮਾਗਮ ਮੌਕੇ ਜਿੱਥੇ ਹਜ਼ਾਰਾਂ ਦੀ ਗਿਣਤੀ ’ਵਿਚ ਸੰਗਤ ਹਾਜ਼ਰ ਸੀ, ਉੱਥੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਲਵਾਈ। ਇਸ ਮੌਕੇ ਗੁਰੂ ਤੇਗ ਬਹਾਦਰ ਦੇ ਜੀਵਨ ਨੂੰ ਦਰਸਾਉਣ ਵਾਲਾ ਇੱਕ ਲਾਈਟ ਐਂਡ ਸਾਊਂਡ ਸ਼ੋਅ ਵੀ ਪੇਸ਼ ਕੀਤਾ ਗਿਆ। ਇਹ ਪ੍ਰੋਗਰਾਮ ਸੱਭਿਆਚਾਰ ਤੇ ਸੈਰ ਸਪਾਟਾ ਮੰਤਰਾਲੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ।ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ ਮੌਕੇ 'ਤੇ ਨੌਵੇਂ ਪਾਤਸ਼ਾਹ ਨੂੰ ਸਮਰਪਿਤ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਜਿਸ ਦੇ ਇਕ ਪਾਸੇ ਭਾਰਤ ਅਤੇ ਇੰਡੀਆ ਉਕਰਿਆ ਹੋਇਆ ਹੈ, ਇਸ ਤੋਂ ਇਲਾਵਾ ਦੇਸ਼ ਦੇ ਰਾਸ਼ਟਰੀ ਚਿੰਨ੍ਹ ਅਤੇ ਸਤਯਮੇਵ ਜਯਤੇ ਦੇ ਨਾਲ ਸਿੱਕੇ ਦੀ ਕੀਮਤ 400 ਰੁਪਏ ਅੰਕਿਤ ਕੀਤੀ ਗਈ ਹੈ ।ਦੂਜੇ ਪਾਸੇ ਗੁਰੂ ਤੇਗ ਬਹਾਦਰ ਜੀ ਦੀ 400ਵੀਂ ਜੈਅੰਤੀ ਹਿੰਦੀ, ਅੰਗਰੇਜੀ ਅਤੇ ਪੰਜਾਬੀ ਵਿਚ ਲਿਖਿਆ ਹੋਇਆ ਹੈ । ਨਾਲ ਹੀ ਇਸ ਦੌਰ ਨੂੰ ਦਰਸਾਉਂਦਿਆਂ 1621ਈ: ਤੋਂ 2021ਈ: ਤੱਕ ਦਾ ਸਮਾਂ ਵੀ ਅੰਕਿਤ ਕੀਤਾ ਗਿਆ । ਪ੍ਰਧਾਨ ਮੰਤਰੀ ਵਲੋਂ ਸਿੱਕੇ ਤੋਂ ਇਲਾਵਾ ਇਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਜਿਸ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ  ਦੀ ਤਸਵੀਰ ਲਾਈ ਹੋਈ ਸੀ ।

ਮੋਦੀ ਦਾ ਕੀਤਾ ਸਨਮਾਨ

                               

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਸਿਰਪਾਓ ਅਤੇ ਸਿਰੀ ਸਾਹਿਬ ਭੇਟ ਕੀਤੀ | ਪੰਜਾਬ ਸਰਕਾਰ ਦੀ ਨੁੁਮਾਇੰਦਗੀ ਕਰ ਰਹੇ ਸੂਬੇ ਦੇ ਸੱਭਿਆਚਾਰ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬਾ ਸਰਕਾਰ ਵਲੋਂ ਦਰਬਾਰ ਸਾਹਿਬ ਦਾ ਮਾਡਲ ਅਤੇ ਫੁਲਕਾਰੀ ਭੇਟ ਕੀਤੀ । ਸਮਾਗਮ ਦੌਰਾਨ ਸਟੇਜ ਸੰਭਾਲਣ ਦੀ ਜ਼ਿੰਮੇਵਾਰੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੰਭਾਲੀ ਸੀ ।ਜਦਕਿ ਸ਼ਾਮਿਲ ਹੋਈਆਂ ਹੋਰ ਸ਼ਖ਼ਸੀਅਤਾਂ 'ਚ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ, ਹਰਦੀਪ ਸਿੰਘ ਪੁਰੀ, ਮੀਨਾਕਸ਼ੀ ਲੇਖੀ, ਅਰਜੁਨ ਮੇਘਵਾਲ ਤੇ ਘੱਟ ਗਿਣਤੀ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ,ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਆਦਿ ਸ਼ਾਮਿਲ ਸਨ ।