ਅਕਾਲੀ ਦਲ ਵਿਚ ਅੰਦਰੂਨੀ ਕਲੇਸ਼ ਵੱਧਿਆ ,ਸੁਖਬੀਰ  ਦੀ ਕਾਰਜਸ਼ੈਲੀ 'ਤੇ ਉੱਠੇ ਸਵਾਲ?

ਅਕਾਲੀ ਦਲ ਵਿਚ ਅੰਦਰੂਨੀ ਕਲੇਸ਼ ਵੱਧਿਆ ,ਸੁਖਬੀਰ  ਦੀ ਕਾਰਜਸ਼ੈਲੀ 'ਤੇ ਉੱਠੇ ਸਵਾਲ?

*ਦਸ ਸੀਟਾਂ ਉਪਰ ਜ਼ਮਾਨਤਾਂ ਜ਼ਬਤ ਹੋਣ ਕਾਰਣ ਅਕਾਲੀ ਦਲ ਦਾ ਵਜੂਦ ਖਤਰੇ ਵਿਚ

*ਅਕਾਲੀ ਆਗੂਆਂ ਨੇ ਸੁਖਬੀਰ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ, ਅਸਤੀਫੇ ਦੀ ਮੰਗ

ਪੰਜਾਬ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਆਪਣਾ ਆਧਾਰ ਗੁਆ ਚੁੱਕਾ ਹੈ। 13 ਸੀਟਾਂ 'ਤੇ ਚੋਣ ਲੜ ਰਹੇ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਪੰਜਾਬ ਵਿੱਚ ਅਕਾਲੀ ਦਲ ਸਿਰਫ਼ ਇੱਕ ਸੀਟ ਜਿੱਤ ਸਕਿਆ ਅਤੇ 11 ਸੀਟਾਂ 'ਤੇ ਚੌਥੇ ਸਥਾਨ 'ਤੇ ਰਿਹਾ। ਜਦਕਿ ਸੰਗਰੂਰ ਸੀਟ 'ਤੇ ਅਕਾਲੀ ਦਲ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਖੇਤਰੀ ਸਿਆਸੀ ਤਾਕਤ ਹੋਣ ਦੇ ਨਾਲ-ਨਾਲ ਰਾਸ਼ਟਰੀ ਰਾਜਨੀਤੀ ਵਿੱਚ ਵੀ ਆਪਣਾ ਪ੍ਰਭਾਵ ਰੱਖਦਾ ਸੀ। ਪਰ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਪ੍ਰਤੀ ਪਿਆਰ ਸ਼੍ਰੋਮਣੀ ਅਕਾਲੀ ਦਲ ਨੂੰ ਮਹਿੰਗਾ ਸਾਬਤ ਹੋਇਆ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ਦੀ ਅਣਗਹਿਲੀ ਕਾਰਨ ਪਾਰਟੀ ਤੋਂ ਦੂਰੀ ਬਣਾ ਲਈ, ਜਦਕਿ ਕੁਝ ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ।  ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਆਪਣੇ ਆਪ ਵਿਚ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਸੂਝ 'ਤੇ ਸਵਾਲੀਆ ਨਿਸ਼ਾਨ ਹੈ।

ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਭਰ ਵਿੱਚ ਕੱਢੀ ਗਈ ‘ਪੰਜਾਬ ਬਚਾਓ ਯਾਤਰਾ’ ਅਸਲ ਵਿੱਚ ਪਰਿਵਾਰ ਬਚਾਓ ਯਾਤਰਾ ਸਾਬਤ ਹੋਈ ਹੈ। ਸਿਰਫ਼ ਬਠਿੰਡਾ ਸੀਟ 'ਤੇ ਸੁਖਬੀਰ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਸਖ਼ਤ ਮੁਕਾਬਲੇ ਵਿਚ  ਆਪਣੇ ਨੇੜਲੇ ਵਿਰੋਧੀ ਆਪ  ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਤੋਂ 49656 ਵੋਟਾਂ ਨਾਲ ਜਿੱਤ ਹਾਸਲ ਕੀਤੀ। ਲੋਕ ਸਭਾ ਚੋਣਾਂ ਵਿੱਚ ਬੀਬੀ ਹਰਸਿਮਰਤ ਕੌਰ ਦੀ ਇਹ ਚੌਥੀ ਜਿੱਤ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਵਾਰ ਲੋਕ ਸਭਾ ਚੋਣ ਨਹੀਂ ਲੜੀ। ਇਸ ਸੀਟ 'ਤੇ ਅਕਾਲੀ ਦਲ ਨੂੰ 32.7% ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਨੂੰ 28.4% ਅਤੇ ਕਾਂਗਰਸ ਨੂੰ 17.5% ਵੋਟਾਂ ਮਿਲੀਆਂ। ਬਾਕੀ ਸਾਰੀਆਂ ਸੀਟਾਂ 'ਤੇ ਅਕਾਲੀ ਦਲ ਨੂੰ ਮਿਲੀਆਂ ਵੋਟਾਂ ਤੋਂ ਸਪੱਸ਼ਟ ਹੈ ਕਿ ਹੁਣ ਪੰਜਾਬ ਦੇ ਇਸ ਦੇ ਰਵਾਇਤੀ ਵੋਟਰ ਵੀ ਬੇਹੱਦ ਨਿਰਾਸ਼ ਹੋ ਕੇ ਅਕਾਲੀ ਦਲ ਤੋਂ ਮੂੰਹ ਮੋੜ ਚੁੱਕੇ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 27.45% ਵੋਟਾਂ ਹਾਸਲ ਕੀਤੀਆਂ ਸਨ, ਜੋ ਹੁਣ ਘਟ ਕੇ ਸਿਰਫ਼ 13.24% ਰਹਿ ਗਈਆਂ ਹਨ।

ਦੂਜੇ ਪਾਸੇ ਭਾਜਪਾ ਪੰਜਾਬ ਵਿੱਚ ਬੁਰੀ ਤਰ੍ਹਾਂ ਹਾਰ ਗਈ ਤੇ ਇੱਕ ਵੀ ਉਮੀਦਵਾਰ ਨਹੀਂ ਜਿੱਤ ਸਕਿਆ। ਇਸ ਸਭ ਦੇ ਬਾਵਜੂਦ ਪੰਜਾਬ ਵਿੱਚ ਭਾਜਪਾ ਨੂੰ ਵੱਡਾ ਫਾਇਦਾ ਹੋਇਆ ਹੈ। ਬੀਜੇਪੀ ਲੀਡਰਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਬੇਸ਼ੱਕ ਕੋਈ ਸੀਟ ਨਹੀਂ ਮਿਲੀ ਪਰ ਵੋਟ ਪ੍ਰਤੀਸ਼ਤਤਾ ਵਿੱਚ ਵੱਡਾ ਵਾਧਾ ਹੋਇਆ ਹੈ। ਭਾਜਪਾ ਹੁਣ ਪੰਜਾਬ ਵਿੱਚ ਆਪਣੇ ਦਮ 'ਤੇ ਤੀਜੀ ਪਾਰਟੀ ਬਣ ਗਈ ਹੈ। ਪੰਜਾਬ ਵਿੱਚ ਕਾਂਗਰਸ ਨੂੰ 26.30 ਫੀਸਦੀ, ਆਮ ਆਦਮੀ ਪਾਰਟੀ ਨੂੰ 26.02 ਫੀਸਦੀ ਤੇ ਭਾਜਪਾ ਨੂੰ 18.56 ਫੀਸਦੀ ਵੋਟਾਂ ਮਿਲੀਆਂ ਹਨ। 

ਸ਼੍ਰੋਮਣੀ ਅਕਾਲੀ ਦਲ ਦੀ ਅਜਿਹੀ ਹਾਰ ਪਿੱਛੇ ਮੁੱਖ ਕਾਰਕਾਂ ਵਿੱਚੋਂ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਕਿਸਾਨ ਅੰਦੋਲਨ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ 'ਤੇ ਅਕਾਲੀ ਦਲ ਦੇ ਕੱਟੜ ਸਮਰਥਕ ਰਹੇ ਵੋਟਰਾਂ ਵੱਲੋਂ ਗੰਭੀਰ ਸਵਾਲ ਕੀਤੇ ਸਨ।ਇਸ ਤੋਂ ਪਹਿਲਾਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ 2014 ਵਿੱਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ (ਬਹਿਬਲ ਕਲਾਂ ਕਾਂਡ) ਦੀ ਬੇਅਦਬੀ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਨੇ ਅਕਾਲੀ ਦਲ ਨੂੰ ਡੂੰਘੀ ਸੱਟ ਮਾਰੀ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਲੇ ਤੇ ਅੰਮ੍ਰਿਤ  ਵੰਡਣ ਦੀ ਘਟਨਾ ਦੇ ਜ਼ਿੰਮੇਵਾਰ ਡੇਰਾ ਸੌਦਾ ਦੇ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ ਕਰ ਦੇਣ ਦੀ ਘਟਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਗੋਲੀ ਕਾਂਡ ਕਾਰਣ ਵੀ ਅਕਾਲੀ ਦਲ ਦੇ ਅਕਸ ਨੂੰ ਢਾਹ ਲੱਗੀ ਹੈ। ਸੁਖਬੀਰ ਸਿੰਘ ਬਾਦਲ ਦੀ ਸੱਤਾ ਦੀ ਲਾਲਸਾ  ਨੇ ਅਕਾਲੀ ਦਲ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਕਾਫੀ ਹੱਦ ਤੱਕ ਕਮਜ਼ੋਰ ਕਰ ਦਿੱਤਾ ਹੈ। 

ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ  ਉਮੀਦਵਾਰ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ  62,488 ਵੋਟਾਂ ਲੈ ਕੇ 5ਵੇਂ ਸਥਾਨ ,ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ 91,789 ਵੋਟਾਂ ਨਾਲ ਚੌਥੇ ਸਥਾਨ , ਜਲੰਧਰ ਤੋਂ ਮਹਿੰਦਰ ਸਿੰਘ ਕੇ ਪੀ  67,000 ਵੋਟਾਂ ਲੈਕੇ ਚੌਥੇ ਸਥਾਨ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ 86,416 ਵੋਟਾਂ ਹਾਸਲ ਕਰ ਕੇ ਚੌਥੇ ਸਥਾਨ,ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ 85,500 ਵੋਟਾਂ ਨਾਲ ਚੌਥੇ ਨੰਬਰ ,ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ 90,220 ਵੋਟਾਂ ਨਾਲ ਚੌਥੇ ਸਥਾਨ, ਪਟਿਆਲਾ ਤੋਂ ਐਨਕੇ ਸ਼ਰਮਾ - 153611 ਵੋਟਾਂ ਨਾਲ ਚੌਥੇ ਸਥਾਨ ,ਫ਼ਿਰੋਜ਼ਪੁਰ ਤੋਂ ਚੋਣ ਲੜਨ ਵਾਲੇ ਨਰਦੇਵ ਸਿੰਘ ਬੌਬੀ ਮਾਨ  2,53,645 ਵੋਟਾਂ ਨਾਲ ਚੌਥੇ ਸਥਾਨ ਅਤੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ 1,62,896 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੇ।ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਜੋਸ਼ੀ ਤੇ ਬੌਬੀ ਮਾਨ ਹੀ ਆਪਣੀ ਜ਼ਮਾਨਤ ਬਚਾ ਸਕੇ।

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਵਿਚ ਅੰਦਰੂਨੀ ਕਲੇਸ਼ ਵੱਧਦਾ ਜਾ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਇਆਲੀ ਨੇ ਇਕ ਵਾਰ ਫਿਰ ਤਿੱਖੇ ਤੇਵਰ ਵਿਖਾਉਂਦਿਆਂ ਲੀਡਰਸ਼ਿਪ 'ਤੇ ਸਵਾਲ ਚੁੱਕੇ ਹਨ, ਉਥੇ ਹੀ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਨਾ ਹੋਣ ਤਕ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ।  ਇਆਲੀ ਨੇ ਕਿਹਾ ਕਿ ਪੰਜਾਬ ਅੰਦਰ ਹਮੇਸ਼ਾ ਪੰਥਕ ਸੋਚ ਮਜ਼ਬੂਤ ਰਹੀ ਹੈ ਅਤੇ ਪਾਰਟੀ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਣਨ ਵਿਚ ਅਸਫਲ ਰਹੀ, ਜਿਸ ਦਾ ਖਮਿਆਜ਼ਾ ਪਾਰਟੀ ਨੂੰ ਭੁਗਤਨਾ ਪਿਆ। ਇਆਲੀ ਨੇ ਕਿਹਾ ਕਿ ਕਿਸਾਨੀ, ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਜਾ ਸਕੇ।

ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਮੌਕੇ 'ਤੇ ਉਨ੍ਹਾਂ ਸ਼ੋ੍ਮਣੀ ਅਕਾਲੀ ਦਲ ਦੇ ਹਾਈਕਮਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਪੰਜਾਬ ਦੀ ਜਨਤਾ ਨੇ ਸ਼ੋ੍ਮਣੀ ਅਕਾਲੀ ਦਲ ਤੋਂ ਮੂੰਹ ਮੋੜ ਲਿਆ ਹੈ ਉਸਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂਕਿ ਪਾਰਟੀ ਇਕ ਵਾਰ ਫੇਰ ਤੋਂ ਆਪਣੀ ਜਗ੍ਹਾ ਬਣਾ ਸਕੇ।

ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ  ਕਿਹਾ ਕਿ ਅਸੀਂ ਚੋਣਾਂ ਦੌਰਾਨ ਆਪਣੇ ਵਰਕਰਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਕੌਮੀ ਪੱਧਰ ਦੀ ਰਾਜਨੀਤੀ ਲਈ ਆਪਣਾ ਰੋਡ ਮੈਪ ਪੇਸ਼ ਕਰਨ ਵਿੱਚ ਅਸਫ਼ਲ ਰਹੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਅੰਮ੍ਰਿਤਪਾਲ ਸਿੰਘ ਖਿਲਾਫ ਬੇਲੋੜੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਵੱਖ ਵੱਖ ਚੋਣਾਂ ਵਿਚ ਅਕਾਲੀ ਦਲ ਦੀ ਚਾਰ ਵਾਰ ਹੋਈ ਹਾਰ ਪਿੱਛੋਂ ਹੁਣ ਲੋਕ ਸਭਾ ਚੋਣਾਂ ਵਿਚ ਜੋ ਹਾਰ ਹੋਈ ਹੈ ਉਹ ਸਭ ਤੋਂ ਵੱਧ ਨਮੋਸ਼ੀ ਵਾਲੀ ਹੈ । ਮਾਨ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜਿਸ ਹਾਲਾਤ ਵਿਚੋਂ ਲੰਘ ਰਿਹਾ ਹੈ ਉਸ ਨੂੰ ਵੇਖ ਕੇ ਪਾਰਟੀ ਹਾਈ ਕਮਾਨ ਨੂੰ ਕੋਰ ਕਮੇਟੀ ਦੀ ਤੁਰੰਤ ਮੀਟਿੰਗ ਬੁਲਾ ਕੇ ਇਸ ਸਥਿਤੀ 'ਤੇ ਮੰਥਨ ਕਰਨਾ ਚਾਹੀਦਾ ਹੈ ।

ਅਕਾਲੀ ਦਲ ਦੀ ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੇ ਗੰਭੀਰਤਾ ਨਾਲ ਲੈਂਦਿਆਂ ਸੁਖਬੀਰ ਸਿੰਘ ਬਾਦਲ ਨੂੰ ਇਖ਼ਲਾਕੀ ਆਧਾਰ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਹੈ ।

ਅਕਾਲੀ ਦਲ ਦੀ ਸੀਨੀਅਰ ਆਗੂ ਤੇ ਸ਼੍ਰੋਮਣੀ  ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਦੀ ਹੋਈ ਕਰਾਰੀ ਹਾਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ  ਕਿ ਸੁਖਬੀਰ ਸਿੰਘ ਬਾਦਲ ਆਪਣੇ ਸਹੀ ਸਲਾਹਕਾਰਾਂ ਦੀ ਪਛਾਣ ਕਰਨ। ਜਦੋਂ ਪੰਜਾਬ ਵਿੱਚ ਚੋਣ ਪ੍ਰਚਾਰ ਸਿਖਰ ’ਤੇ ਸੀ ਤਾਂ ਸੁਖਬੀਰ ਸਿੰਘ ਬਾਦਲ ਨੂੰ ਕਿਹੜੇ ਆਗੂ ਨੇ ਇਹ ਸਲਾਹ ਦਿੱਤੀ ਕਿ ਅਕਾਲੀ ਆਗੂ ਆਦੇਸ਼ਪ੍ਰਤਾਪ ਸਿੰਘ ਕੈਂਰੋ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ, ਇਸ ਸਲਾਹ ਨੇ ਵੀ ਪਾਰਟੀ ਦਾ ਨੁਕਸਾਨ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸੇ ਤਰ੍ਹਾਂ ਜਦੋਂ ਸੀਨੀਅਰ ਆਗੂ ਮੁੜ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੀ ਮੁੱਖ ਧਾਰਾ ਵਿੱਚ ਆ ਰਹੇ ਸਨ ਤਾਂ ਉਸ ਵੇਲੇ ਢੀਂਡਸਾ ਵਰਗੇ ਸੀਨੀਅਰ ਤੇ ਸਿਆਣੇ ਆਗੂ ਨੂੰ ਟਿਕਟ ਨਾ ਦੇਣ ਦੀ ਸਲਾਹ ਨੇ ਵੀ ਪਾਰਟੀ ਅੰਦਰ ਨਿਰਾਸ਼ਾ ਪੈਦਾ ਕੀਤੀ ਹੈ।

ਪੰਥਕ ਆਗ ਬਾਬਾ ਸਰਬਜੋਤ ਸਿੰਘ ਬੇਦੀ  ਨੇ ਕਿਹਾ ਕਿ ਜੇਕਰ ਅਕਾਲੀ ਦਲ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਨਾਕਾਮਯਾਬ ਰਿਹਾ ਤਾਂ ਖਾਲੀ ਥਾਂ ਕੋਈ ਹੋਰ ਭਰੇਗਾ। ਫਰੀਦਕੋਟ ਅਤੇ ਖਡੂਰ ਸਾਹਿਬ ਵਿੱਚ ਦੇਖਿਆ ਗਿਆ ਹੈ, ਜਿੱਥੇ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ ਸਿੱਖਾਂ ਦੇ ਨੁਮਾਇੰਦਿਆਂ ਵਜੋਂ ਚੋਣ ਜਿੱਤੇ ਸਨ। ਆਉਣ ਵਾਲੇ ਸਮੇਂ ਵਿੱਚ ਪੰਥਕ ਰਾਜਨੀਤੀ ਵਿਚ ਅਜਿਹੇ ਆਗੂ ਹੋਰ ਪੈਦਾ ਹੋਣਗੇ ਜੋ ਪੰਥਕ ਰਾਜਨੀਤੀ ਦੀ ਸਪੇਸ ਭਰਨਗੇ। 

ਕਾਂਗਰਸ ਤੋਂ ਬਾਅਦ, ਭਾਰਤੀ ਰਾਜਨੀਤੀ ਵਿੱਚ ਸਭ ਤੋਂ ਪੁਰਾਣੀ ਪਾਰਟੀ, ਅਕਾਲੀ ਦਲ ਦੀ ਭਰੋਸੇਯੋਗਤਾ ਕਦੇ ਵੀ ਇੰਨੀ ਘੱਟ ਨਹੀਂ ਹੋਈ ਜਿੰਨੀ ਅੱਜ ਹੈ। ਦੁਨੀਆਂ ਭਰ ਦੇ ਸਿੱਖ ਪੰਥ ਵਿੱਚ ਅਕਾਲੀ ਦਲ ਪ੍ਰਤੀ ਵਿਸ਼ੇਸ਼ ਸਤਿਕਾਰ ਅਤੇ ਵਿਸ਼ਵਾਸ ਦੀ ਭਾਵਨਾ ਹਮੇਸ਼ਾ ਹੀ ਬਹੁਤ ਡੂੰਘੀ ਰਹੀ ਹੈ। ਪਾਰਟੀ ਦੇ ਵੱਡੇ ਅਕਾਲੀ ਲੀਡਰਾਂ ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ ਤੋਂ ਲੈ ਕੇ ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਪੂਰੀ ਦ੍ਰਿੜਤਾ ਨਾਲ ਅਕਾਲੀ ਵਿਰਾਸਤ ਨੂੰ ਸਿਰਜਿਆ ਹੈ। ਅਤੇ ਹੁਣ ਸੁਖਬੀਰ ਸਿੰਘ ਬਾਦਲ ਦੇ ਸਮੇਂ ਦੌਰਾਨ ਪਾਰਟੀ ਆਪਣੀ ਹੋਂਦ ਦੇ ਸੰਕਟ ਨਾਲ ਜੂਝ ਰਹੀ ਹੈ।