ਸਿਮਰਨਜੀਤ ਸਿੰਘ ਮਾਨ ਵੱਲੋਂ ਰੱਖੇ ਗਏ ਜ਼ਮਹੂਰੀਅਤ ਢੰਗ ਵਾਲੇ ਧੂਰੀ ਧਰਨੇ ਦੇ ਸੰਬੰਧ ਵਿਚ ਸਰਕਾਰ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਕੀਤੀਆ ਗ੍ਰਿਫਤਾਰੀਆਂ ਨਿੰਦਣਯੋਗ : ਟਿਵਾਣਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 1 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- “29 ਜਨਵਰੀ ਨੂੰ ਬਰਨਾਲਾ ਜਿ਼ਲ੍ਹੇ ਦੇ ਪਿੰਡ ਕੋਟਦੂਨੇ ਵਿਖੇ ਪੰਜਾਬ ਸੂਬੇ ਨਾਲ ਸੰਬੰਧਤ ਸਭ ਸਿਆਸੀ, ਧਾਰਮਿਕ, ਕਿਸਾਨੀ ਜਥੇਬੰਦੀਆਂ ਤੇ ਸੰਗਠਨਾਂ ਵੱਲੋ ਸਾਂਝੇ ਤੌਰ ਤੇ ਲੱਖਾਂ ਦਾ ਇਕੱਠ ਕਰਕੇ ਪੰਜਾਬ ਸਰਕਾਰ ਦੀਆਂ ਗੈਰ ਵਿਧਾਨਿਕ ਅਤੇ ਤਾਨਾਸਾਹੀ ਨੀਤੀਆ ਤੇ ਅਮਲਾਂ ਵਿਰੁੱਧ ਚੁਣੋਤੀ ਦਿੰਦੇ ਹੋਏ ਖ਼ਬਰਦਾਰ ਕੀਤਾ ਗਿਆ ਸੀ ਕਿ ਸਰਕਾਰ ਸ. ਭਾਨਾ ਸਿੱਧੂ ਵਰਗੇ ਸੋਸਲ ਵਰਕਰ ਉਤੇ ਝੂਠੇ ਕੇਸ ਦਰਜ ਕਰਕੇ ਜੋ ਉਨ੍ਹਾਂ ਨੂੰ ਜ਼ਲੀਲ ਕਰ ਰਹੀ ਹੈ ਅਤੇ ਉਨ੍ਹਾਂ ਦੀ ਕਿਰਦਾਰਕੁਸੀ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੀ ਹੈ । ਉਸ ਨੂੰ ਪੰਜਾਬੀ ਤੇ ਸਿੱਖ ਕੌਮ ਸਹਿਣ ਨਹੀ ਕਰਨਗੇ । ਇਸ ਲਈ ਜਿੰਨੀ ਜਲਦੀ ਹੋ ਸਕੇ ਬੇਕਸੂਰ, ਨਿਰਦੋਸ਼ ਭਾਨਾ ਸਿੱਧੂ ਨੂੰ ਤੁਰੰਤ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ । ਲੇਕਿਨ ਸਰਕਾਰ ਨੇ ਮੰਦਭਾਵਨਾ ਅਧੀਨ ਪੰਜਾਬੀਆਂ ਤੇ ਸਿੱਖ ਕੌਮ ਦੀ ਆਤਮਾ ਦੀ ਆਵਾਜ ਨੂੰ ਸੁਣਨ ਦੀ ਬਜਾਇ ਸ. ਭਾਨਾ ਸਿੱਧੂ ਉਤੇ ਹੋਰ ਝੂਠੇ ਕੇਸ ਦਰਜ ਕਰਕੇ ਉਸ ਉਤੇ ਤਸੱਦਦ ਢਾਹੁਣ ਦੇ ਦੁੱਖਦਾਇਕ ਅਮਲ ਕਰ ਰਹੀ ਹੈ । ਜਿਸ ਨੂੰ ਮੁੱਖ ਰੱਖਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 01 ਫਰਵਰੀ ਨੂੰ ਧੂਰੀ ਦੇ ਦੋਹਲਾ ਫਾਟਕ ਵਿਖੇ ਰੇਲ ਗੱਡੀਆਂ ਰੋਸ ਵੱਜੋ ਰੋਕਣ ਦਾ ਪ੍ਰੋਗਰਾਮ ਐਲਾਨਿਆ ਸੀ । ਜਿਸਨੂੰ ਪ੍ਰਵਾਨ ਕਰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਵਿਚ ਬਹੁਤ ਵੱਡਾ ਉਤਸਾਹ ਸੀ । ਲੇਕਿਨ ਸਰਕਾਰ ਨੇ ਫਿਰ ਜ਼ਬਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਨੂੰ ਉਨ੍ਹਾਂ ਦੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਤੜਕੇ 5 ਵਜੇ ਭਾਰੀ ਪੁਲਿਸ ਫੋਰਸ, ਜੀਪਾਂ ਤੇ ਗੱਡੀਆਂ ਨਾਲ ਲੈਕੇ ਘੇਰ ਲਿਆ ਅਤੇ ਉਨ੍ਹਾਂ ਨੂੰ ਘਰ ਵਿਚ ਨਜਰਬੰਦ ਕਰ ਦਿੱਤਾ ਗਿਆ । ਇਸ ਤੋ ਇਲਾਵਾ ਸਮੁੱਚੇ ਪੰਜਾਬ ਵਿਚ ਧੂਰੀ ਵਿਖੇ ਪਹੁੰਚਣ ਵਾਲੇ ਪਾਰਟੀ ਵਰਕਰਾਂ ਤੇ ਹਮਦਰਦਾਂ ਨੂੰ ਘਰਾਂ ਵਿਚੋ ਹੀ ਚੁੱਕ ਲਿਆ ਗਿਆ ਅਤੇ ਥਾਂ-ਥਾਂ ਤੇ ਪੰਜਾਬ ਵਿਚ ਬੈਰੀਕੇਡ ਲਗਾਕੇ ਧੂਰੀ ਵਿਖੇ ਪਹੁੰਚਣ ਤੋ ਜਬਰੀ ਰੋਕਿਆ ਗਿਆ । ਇਹ ਅਮਲ ਸਾਨੂੰ ਵਿਧਾਨ ਦੀ ਧਾਰਾ 14, 19, 21 ਰਾਹੀ ਮਿਲੇ ਆਜਾਦੀ ਤੇ ਨਿਰਪੱਖਤਾ ਨਾਲ ਜਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਅਣਮਨੁੱਖੀ ਅਤੇ ਗੈਰ ਵਿਧਾਨਿਕ ਢੰਗਾਂ ਰਾਹੀ ਕੀਤੇ ਜਾ ਰਹੇ ਜ਼ਬਰ ਜੁਲਮ ਅਤੇ ਕੀਤੀਆ ਜਾ ਰਹੀਆ ਗ੍ਰਿਫਤਾਰੀਆਂ ਤੇ ਸ. ਸਿਮਰਨਜੀਤ ਸਿੰਘ ਮਾਨ ਦੀ ਨਜਰਬੰਦੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਇਵਜ ਵੱਜੋ ਉੱਠ ਰਹੇ ਰੋਹ ਤੋ ਪੈਦਾ ਹੋਣ ਵਾਲੇ ਵਿਸਫੋਟਕ ਹਾਲਾਤਾਂ ਲਈ ਸਰਕਾਰ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜਿ਼ਲ੍ਹਿਆਂ ਵਿਚੋ ਵੱਡੀ ਗਿਣਤੀ ਵਿਚ ਜਦੋ ਸੰਗਤਾਂ ਧੂਰੀ ਧਰਨੇ ਲਈ ਚਾਲੇ ਪਾਉਦੇ ਹੋਏ ਜਾ ਰਹੀਆ ਸਨ, ਤਾਂ ਸਭ ਜਿ਼ਲ੍ਹਿਆਂ ਵਿਚ ਥਾਂ-ਥਾਂ ਤੇ ਬੈਰੀਕੇਡ ਲਗਾਕੇ ਬੱਸਾਂ ਦੀ ਤਲਾਸੀ ਲੈਕੇ ਨੌਜਵਾਨੀ, ਪੀਲੀਆ ਦਸਤਾਰਾਂ ਤੇ ਦੁਪੱਟਿਆ ਵਾਲਿਆ ਨੂੰ ਗੈਰ ਵਿਧਾਨਿਕ ਢੰਗ ਨਾਲ ਰੋਕਿਆ ਗਿਆ । ਜੋ ਇਥੋ ਦੇ ਨਿਵਾਸੀਆ ਦੇ ਮੁੱਢਲੇ ਅਧਿਕਾਰਾਂ ਦਾ ਹਨਨ ਕਰਨ ਵਾਲੀਆ ਦੁੱਖਦਾਇਕ ਕਾਰਵਾਈਆ ਹਨ । ਅਜਿਹੇ ਅਮਲ ਕਰਕੇ ਸਰਕਾਰ ਸੱਚ ਹੱਕ ਦੀ ਆਵਾਜ, ਪੰਜਾਬ ਸੂਬੇ ਤੇ ਪੰਜਾਬੀਆਂ ਲਈ ਸੰਘਰਸ਼ ਕਰਨ ਵਾਲੀਆ ਸਖਸ਼ੀਅਤਾਂ ਜਾਂ ਭਾਨੇ ਸਿੱਧੂ ਵਰਗੇ ਸੋਸਲ ਵਰਕਰਾਂ ਨੂੰ ਆਪਣੇ ਮਿਸਨ ਤੋ ਨਹੀ ਥਿੜਕਾ ਸਕਦੇ । ਜਾਬਰ ਸਰਕਾਰ ਇਹ ਭੁੱਲ ਗਈ ਹੈ ਕਿ ਪੰਜਾਬੀ ਤੇ ਸਿੱਖ ਕੌਮ ਵੱਡੇ ਤੋ ਵੱਡੇ ਜ਼ਬਰ ਅੱਗੇ ਕਦੀ ਵੀ ਈਨ ਨਹੀ ਮੰਨਦੇ । ਬਲਕਿ ਹਰ ਤਰ੍ਹਾਂ ਦਾ ਸੰਘਰਸ ਤੇ ਕੁਰਬਾਨੀ ਕਰਕੇ ਆਪਣੇ ਇਨਸਾਨੀ ਤੇ ਕੌਮੀ ਮਿਸਨ ਦੀ ਪ੍ਰਾਪਤੀ ਕਰਦੇ ਹਨ । ਇਸ ਲਈ ਸਰਕਾਰ ਜਿੰਨੀ ਜਲਦੀ ਹੋ ਸਕੇ ਸ. ਭਾਨਾ ਸਿੱਧੂ ਨੂੰ ਤੁਰੰਤ ਬਿਨ੍ਹਾਂ ਸ਼ਰਤ ਜਿਥੇ ਰਿਹਾਅ ਕਰਨ ਦੇ ਅਮਲ ਕਰੇ, ਉਥੇ ਪੰਜਾਬ ਦੇ ਵੱਖ-ਵੱਖ ਥਾਣਿਆ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਡੀ ਗਿਣਤੀ ਵਿਚ ਗ੍ਰਿਫਤਾਰ ਕੀਤੇ ਗਏ ਵਰਕਰਾਂ ਤੇ ਅਹੁਦੇਦਾਰਾਂ ਨੂੰ ਵੀ ਤੁਰੰਤ ਰਿਹਾਅ ਕਰੇ । ਸਾਡੇ ਇਸ ਸਮਾਜਿਕ ਤੇ ਨਿਆ ਵਾਲੇ ਮਿਸਨ ਦੀ ਇਖਲਾਕੀ ਤੌਰ ਤੇ ਸਹਿਯੋਗ ਕਰਨ ਵਾਲੇ ਸ. ਪ੍ਰਤਾਪ ਸਿੰਘ ਬਾਜਵਾ, ਬਿਕਰਮਜੀਤ ਸਿੰਘ ਮਜੀਠੀਆ, ਸ. ਸੁਖਪਾਲ ਸਿੰਘ ਖਹਿਰਾ ਅਤੇ ਦਲਬੀਰ ਸਿੰਘ ਗੋਲਡੀ ਦੇ ਸਪਤਨੀ ਅਤੇ ਹੋਰ ਸੰਸਥਾਵਾਂ ਤੇ ਜਥੇਬੰਦੀਆਂ ਜਿਨ੍ਹਾਂ ਨੇ ਆਵਾਜ ਉਠਾਈ ਹੈ ਉਨ੍ਹਾਂ ਸਭਨਾਂ ਦਾ, ਪੰਜਾਬੀਆਂ ਅਤੇ ਸਿੱਖ ਕੌਮ ਦਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਦੇ ਦਫਤਰ ਵੱਲੋ ਤਹਿ ਦਿਲੋ ਜਿਥੇ ਧੰਨਵਾਦ ਕੀਤਾ ਜਾਂਦਾ ਹੈ, ਉਥੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਹਰ ਤਰ੍ਹਾਂ ਦੇ ਜ਼ਬਰ ਵਿਰੁੱਧ ਸਾਨੂੰ ਉਹ ਇਸੇ ਤਰ੍ਹਾਂ ਨਿਰਪੱਖਤਾ ਨਾਲ ਸਹਿਯੋਗ ਵੀ ਕਰਦੇ ਰਹਿਣਗੇ ਅਤੇ ਜਦੋ ਵੀ ਪੰਜਾਬ ਵਿਚ ਪਾਰਲੀਮੈਟ, ਐਸ.ਜੀ.ਪੀ.ਸੀ, ਵਿਧਾਨ ਸਭਾ ਤੇ ਹੋਰ ਚੋਣਾਂ ਆਉਣ ਤਾਂ ਇਹ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਰਾਖੀ ਲਈ ਦ੍ਰਿੜਤਾ ਨਾਲ ਲੜਨ ਵਾਲੀ ਜਮਾਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਕੇ ਰਾਜ ਸਤ੍ਹਾ ਉਤੇ ਬਿਠਾਉਦੇ ਹੋਏ ਇਥੋ ਦੇ ਪ੍ਰਬੰਧ ਨੂੰ ਹਲੀਮੀ ਰਾਜ ਵਾਲਾ ਬਣਾਉਣ ਵਿਚ ਸਹਿਯੋਗ ਕਰਨਗੇ ।
Comments (0)