ਕਤਰ ਵਿਚ 8 ਸਾਬਕਾ ਨੇਵੀ ਅਫਸਰਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਉਤੇ ਇੰਡੀਆ ਵੱਲੋਂ ਤੜਫਣਾ ਠੀਕ, ਪਰ ਹੁਕਮਰਾਨਾਂ ਵੱਲੋ ਸਿੱਖਾਂ ਦੇ ਕੀਤੇ ਜਾ ਰਹੇ ਕਤਲੇਆਮ ਸੰਬੰਧੀ ਇਹ ਤੜਫਣਾ ਕਿਉਂ ਨਹੀਂ ? : ਮਾਨ

ਕਤਰ ਵਿਚ 8 ਸਾਬਕਾ ਨੇਵੀ ਅਫਸਰਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਉਤੇ ਇੰਡੀਆ ਵੱਲੋਂ ਤੜਫਣਾ ਠੀਕ, ਪਰ ਹੁਕਮਰਾਨਾਂ ਵੱਲੋ ਸਿੱਖਾਂ ਦੇ ਕੀਤੇ ਜਾ ਰਹੇ ਕਤਲੇਆਮ ਸੰਬੰਧੀ ਇਹ ਤੜਫਣਾ ਕਿਉਂ ਨਹੀਂ ? : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 27 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਕੌਮਾਂਤਰੀ ਅਤੇ ਮੁਲਕੀ ਮਨੁੱਖਤਾ ਪੱਖੀ ਨੀਤੀ ਇਹ ਹੈ ਕਿ ਕਿਸੇ ਵੀ ਇਨਸਾਨ ਨੂੰ ਫ਼ਾਂਸੀ ਨਹੀ ਲੱਗਣੀ ਚਾਹੀਦੀ । ਅਸੀ ਇਸ ਮੌਤ ਦੀ ਸਜ਼ਾ ਦੇ ਵਿਰੁੱਧ ਹਾਂ । ਪਰ ਜਦੋਂ ਇੰਡੀਅਨ ਖੂਫੀਆ ਏਜੰਸੀਆਂ ਆਈ.ਬੀ, ਰਾਅ, ਮਿਲਟਰੀ ਇਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਬਾਹਰਲੇ ਮੁਲਕਾਂ ਵਿਚ ਆਪਣੀਆ ਅੰਬੈਸੀਆ ਵਿਚ ਸਥਿਤ ਡਿਪਲੋਮੈਟਾਂ ਦੀ ਮਿਲੀਭੁਗਤ ਨਾਲ ਉਥੇ ਵੱਸਣ ਵਾਲੇ ਨਿਰਦੋਸ਼ ਸਿੱਖਾਂ ਨੂੰ ਸਾਜਸੀ ਢੰਗਾਂ ਰਾਹੀ ਕਤਲ ਕਰਦੀਆਂ ਹਨ । ਜਿਵੇ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਿੱਖ ਨੌਜਵਾਨਾਂ ਨੂੰ ਮੌਤ ਦੀ ਘਾਟ ਉਤਾਰਨ ਦੇ ਦੁਖਾਂਤ ਹੁੰਦੇ ਹਨ ਤਾਂ ਇਹ ਹੁਕਮਰਾਨ ਸਿੱਖਾਂ, ਕਸਮੀਰੀਆਂ, ਆਦਿਵਾਸੀਆ, ਮਾਓਵਾਦੀਆਂ ਜਾਂ ਹੋਰ ਸਰਹੱਦੀ ਸੂਬਿਆਂ ਦੇ ਨਿਵਾਸੀਆ ਨੂੰ ਆਪਣੀ ਫ਼ੌਜ, ਮਿਲਟਰੀ ਜਾਂ ਏਜੰਸੀਆਂ ਵੱਲੋ ਕਤਲ ਕਰਵਾਉਦੇ ਹਨ, ਫਿਰ ਉਸ ਸਮੇ ਇੰਡੀਆ ਦੇ ਹੁਕਮਰਾਨਾਂ ਅਤੇ ਖੂਫੀਆ ਏਜੰਸੀਆ ਦੀ ਇਨਸਾਨੀਅਤ ਅਤੇ ਮਨੁੱਖਤਾ ਪ੍ਰਤੀ ਹਮਦਰਦੀ ਕਿਉਂ ਖਤਮ ਹੋ ਜਾਂਦੀ ਹੈ ਅਤੇ ਅਜਿਹੇ ਕਤਲਾਂ ਨੂੰ ਸਹੀ ਠਹਿਰਾਉਣ ਲਈ ਆਪਣੇ ਮੀਡੀਏ ਅਤੇ ਸਾਧਨਾਂ ਦੀ ਦੁਰਵਰਤੋ ਕਿਉਂ ਕੀਤੀ ਜਾਂਦੀ ਹੈ ?”

 ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਤਰ ਵਿਚ 8 ਸਾਬਕਾ ਇੰਡੀਅਨ ਨੇਵੀ ਅਫਸਰਾਂ ਨੂੰ ਕਤਰ ਹਕੂਮਤ ਵੱਲੋ ਮੌਤ ਦੀ ਸਜ਼ਾ ਦੇ ਸੁਣਾਏ ਹੁਕਮਾਂ ਉਤੇ ਇੰਡੀਅਨ ਹੁਕਮਰਾਨਾਂ ਦੀ ਪੈਦਾ ਹੋਈ ਤੜਫਣਾ ਅਤੇ ਇਸੇ ਵਰਤਾਰੇ ਵਿਚ ਸਿੱਖਾਂ ਤੇ ਮੁਸਲਮਾਨਾਂ ਦੇ ਸਾਜਸੀ ਢੰਗਾਂ ਰਾਹੀ ਕੀਤੇ ਜਾ ਰਹੇ ਕਤਲਾਂ ਦੇ ਵਰਤਾਰੇ ਵਿਚ ਦੋਹਰੀ ਨੀਤੀ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਪਰੋਕਤ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਤੇ ਪੰਜਾਬ ਵਿਚ ਇੰਡੀਆ ਦੀਆਂ ਖੂਫੀਆ ਏਜੰਸੀਆ ਵੱਲੋ ਕਤਲ ਕੀਤੇ ਗਏ ਸਿੱਖਾਂ ਦਾ ਤਾਂ ਕੋਈ ਕਾਨੂੰਨੀ, ਇਨਸਾਨੀ ਜਾਂ ਸਮਾਜਿਕ ਦੋਸ਼ ਹੀ ਨਹੀ ਸੀ । ਜਦੋਕਿ ਕਤਰ ਵਿਚ 8 ਨੇਵੀ ਅਫਸਰਾਂ ਉਤੇ ਕਤਰ ਸਰਕਾਰ ਨੇ ਆਪਣੇ ਮੁਲਕ ਦੀ ਜਾਸੂਸੀ ਕਰਨ ਦੇ ਦੋਸ਼ ਵਿਚ ਅਤੇ ਉਨ੍ਹਾਂ ਦੇ ਭੇਦ ਇਜਰਾਇਲ ਨੂੰ ਦੇਣ ਦੇ ਦੋਸ਼ ਵਿਚ ਉਪਰੋਕਤ ਅੱਠਾਂ ਨੂੰ ਇਹ ਸਜ਼ਾ ਸੁਣਾਈ ਹੈ । ਇਸੇ ਤਰ੍ਹਾਂ ਪਾਕਿਸਤਾਨ ਵਿਚ ਫ਼ਾਂਸੀ ਦੀ ਸਜ਼ਾ ਸੁਣਾਏ ਗਏ ਸ੍ਰੀ ਕੁਲਭੂਸ਼ਨ ਯਾਦਵ ਉਤੇ ਵੀ ਪਾਕਿਸਤਾਨ ਹਕੂਮਤ ਦਾ ਇਹ ਦੋਸ਼ ਹੈ ਕਿ ਉਹ ਪਾਕਿਸਤਾਨ ਦੇ ਸੂਬੇ ਬਲੋਚੀਸਤਾਨ ਵਿਚ ਬਾਗੀਆ ਨੂੰ ਹਰ ਤਰ੍ਹਾਂ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਿਰੁੱਧ ਬ਼ਗਾਵਤ ਕਰਨ ਲਈ ਹਥਿਆਰ ਤੇ ਹੋਰ ਸਮੱਗਰੀ ਪਹੁੰਚਾਉਣ ਦਾ ਪ੍ਰਬੰਧ ਕਰਦਾ ਸੀ । ਜਦੋਕਿ ਇੰਡੀਅਨ ਏਜੰਸੀਆਂ ਵੱਲੋ ਕਤਲ ਕੀਤੇ ਜਾਣ ਵਾਲੇ ਸਿੱਖਾਂ ਉਤੇ ਇਸ ਤਰ੍ਹਾਂ ਦਾ ਨਾ ਤਾਂ ਕੋਈ ਦੋਸ਼ ਸੀ ਅਤੇ ਨਾ ਹੀ ਉਨ੍ਹਾਂ ਵਿਰੁੱਧ ਇਥੇ ਕਿਸੇ ਤਰ੍ਹਾਂ ਦੀ ਕੋਈ ਐਫ.ਆਈ.ਆਰ ਦਰਜ ਸੀ । ਉਹ ਬਿਲੁਕਲ ਨਿਰਦੋਸ਼ ਸਨ । ਫਿਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਇਨਸਾਫ਼ ਦੇ ਕਟਹਿਰੇ ਵਿਚ ਇੰਡੀਅਨ ਹੁਕਮਰਾਨਾਂ ਅਤੇ ਸਿੱਖਾਂ ਦਾ ਕਤਲ ਕਰਨ ਵਾਲੀਆ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਇੰਡੀਆ ਅਤੇ ਹੁਕਮਰਾਨਾਂ ਨੂੰ ਪੁੱਛਣਾ ਚਾਹੇਗੀ ਕਿ ਨਿਰਦੋਸ਼ ਸਿੱਖਾਂ ਦੇ ਕਤਲ ਕਰਕੇ, ਉਸ ਦੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋ ਦੁਨੀਆਂ ਸਾਹਮਣੇ ਸੱਚ ਲਿਆਉਣ ਉਪਰੰਤ ਵੀ ਹੁਕਮਰਾਨਾਂ ਵੱਲੋ ਆਪਣੇ ਦੋਸ਼ ਨੂੰ ਪ੍ਰਵਾਨ ਨਾ ਕਰਨਾ, ਸਿੱਖਾਂ ਨੂੰ ਅਤੇ ਜਸਟਿਨ ਟਰੂਡੋ ਨੂੰ ਬਦਨਾਮ ਕਰਨ ਪਿੱਛੇ ਹੁਕਮਰਾਨਾਂ ਦੀ ਕੀ ਮੰਦਭਾਵਨਾ ਭਰੀ ਸਾਜਿਸ ਹੈ ਅਤੇ ਸਿੱਖਾਂ ਦੇ ਸਾਜਸੀ ਕਤਲ ਹੁਕਮਰਾਨ ਕਿਉਂ ਕਰਵਾ ਰਹੇ ਹਨ ?