ਯੂਪੀ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ
*ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਵਜ਼ਾਰਤ ਵਿਚੋਂ ਦਿਤਾ ਅਸਤੀਫ਼ਾ
*ਤਿੰਨ ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ
ਅੰਮ੍ਰਿਤਸਰ ਟਾਈਮਜ਼
ਲਖਨਊ:ਉੱਤਰ ਪ੍ਰਦੇਸ਼ ਵਿੱਚ ਅਗਾਮੀ ਚੋਣਾਂ ਤੋਂ ਪਹਿਲਾਂ ਯੋਗੀ ਸਰਕਾਰ ’ਚ ਕਿਰਤ ਤੇ ਰੁਜ਼ਗਾਰ ਮੰਤਰੀ ਓਬੀਸੀ ਆਗੂ ਸਵਾਮੀ ਪ੍ਰਸਾਦ ਮੌਰਿਆ ਨੇ ਸੂਬਾਈ ਕੈਬਨਿਟ ’ਚੋਂ ਅਸਤੀਫ਼ਾ ਦੇ ਦਿੱਤਾ। ਇਸ ਦੌਰਾਨ ਤਿੰੰਨ ਹੋਰ ਵਿਧਾਇਕਾਂ ਟਿੰਡਵਾੜੀ ਤੋਂ ਬ੍ਰਜੇਸ਼ ਪ੍ਰਜਾਪਤੀ, ਤਿਲਹਰ ਤੋਂ ਰੌਸ਼ਨ ਲਾਲ ਵਰਮਾ ਤੇ ਬਿਲਹੌਰ ਤੋਂ ਵਿਧਾਇਕ ਭਗਵਤੀ ਸਾਗਰ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਵਿਧਾਇਕਾਂ ਦਾ ਅਜਿਹਾ ਕਦਮ ਯੂਪੀ ਵਿੱਚ ਭਾਜਪਾ ਲਈ ਵੱਡਾ ਝਟਕਾ ਹੈ। ਅਸਤੀਫ਼ੇ ਮਗਰੋਂ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦਰਮਿਆਨ ਮੌਰਿਆ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ ਦਲਿਤਾਂ, ਪੱਛੜਿਆਂ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਤੇ ਛੋਟੇ ਵਪਾਰੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਕ ਹੋਰ ਮੰਤਰੀ ਧਰਮ ਸਿੰਘ ਸੈਣੀ ਦੇ ਵੀ ਮੌਰਿਆ ਦੀ ਹਮਾਇਤ ਵਿਚ ਭਾਜਪਾ ਤੇ ਸੂਬਾਈ ਕੈਬਨਿਟ ਛੱਡਣ ਦੀਆਂ ਰਿਪੋਰਟਾਂ ਹਨ। ਇਸ ਦੌਰਾਨ ਸਮਾਜਵਾਦੀ ਪਾਰਟੀ ਨੇ ਸਵਾਮੀ ਪ੍ਰਸਾਦ ਮੌਰਿਆ ਤੇ ਵਰਮਾ ਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇਕ ਫੋਟੋ ਟਵੀਟ ਕੀਤੀ ਹੈ। ਟਵੀਟ ਵਿੱਚ ਫੋਟੋ ਹੇਠਾਂ ਲਿਖਿਆ ਹੈ, ‘‘ਸਮਾਜਵਾਦੀ ਪਾਰਟੀ ਵਿਚ ਸਵਾਗਤ ਹੈ। ਜਲਦੀ ਹੀ ਸਮਾਜਿਕ ਇਨਸਾਫ਼ ਇਨਕਲਾਬ ਆਏਗਾ। 2022 ਵਿੱਚ ਤਬਦੀਲੀ ਆਏਗੀ।’’
Comments (0)