ਕਰੌਲੀ ਵਾਲੇ ਬਾਬੇ ਨੇ ਮਾਰੀ ਗੱਪ, ਅਖੇ 'ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸ਼ਾਂਤੀ

ਕਰੌਲੀ ਵਾਲੇ ਬਾਬੇ ਨੇ ਮਾਰੀ ਗੱਪ, ਅਖੇ 'ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸ਼ਾਂਤੀ

ਕਿਹਾ ਕਿ ਪਰਿਵਾਰ ਵਾਲੇ ਦਰਬਾਰ ਵਿਚ ਆਉਣ , ਉਸ ਨੂੰ ਸ਼ਾਂਤੀ ਦਵਾਈ ਜਾਵੇਗੀ  

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ:  ਬਾਬਾ ਸੰਤੋਸ਼ ਭਦੌਰੀਆ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਗੱਪ ਛਡਦਿਆਂ ਕੀਤਾ ਹੈ ਕਿ ਉਸ ਦੀ ਆਤਮਾ ਨੂੰ ਅਜੇ ਸ਼ਾਂਤੀ ਨਹੀਂ ਮਿਲੀ। ਦਰਅਸਲ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਦਾ ਇਕ ਵਿਅਕਤੀ ਆਪਣੀ ਸਮੱਸਿਆ ਲੈ ਕੇ ਉੱਤਰ ਪ੍ਰਦੇਸ਼ ਦੇ ਕਰੌਲੀ ਦਰਬਾਰ ਵਿਚ ਪਹੁੰਚਿਆ ਸੀ। ਇਸ ਦੌਰਾਨ ਜਦ ਉਸ ਨੇ ਉੱਥੇ ਬਾਬਾ ਸੰਤੋਸ਼ ਭਦੋਰੀਆ ਨੂੰ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਪਿੰਡ ਤੋਂ ਹੈ ਤਾਂ ਬਾਬਾ ਨੇ ਉਸ ਨੂੰ ਮਰਹੂਮ ਗਾਇਕ ਦੇ ਪਰਿਵਾਰ ਦੇ ਨਾਂ ਇਕ ਸੁਨੇਹਾ ਦਿੱਤਾ। ਬਾਬਾ ਭਦੌਰੀਆ ਦਿੰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਅਜੇ ਸ਼ਾਂਤੀ ਨਹੀਂ ਮਿਲੀ। ਉਨ੍ਹਾਂ ਉਕਤ ਵਿਅਕਤੀ ਨੂੰ ਕਿਹਾ ਕਿ ਉਹ ਸਿੱਧੂ ਦੇ ਪਰਿਵਾਰ ਨੂੰ ਸੁਨੇਹਾ ਦੇ ਦੇਵੇ ਕਿ ਉਹ ਦਰਬਾਰ ਆਉਣ, ਉਨ੍ਹਾਂ ਦਾ ਪੁੱਤਰ ਬਹੁਤ ਤਕਲੀਫ਼ ਵਿਚ ਹੈ। ਦਰਬਾਰ ਵੱਲੋਂ ਉਸ ਨੂੰ ਸ਼ਾਂਤੀ ਦਵਾਈ ਜਾਵੇਗੀ, ਇਸ ਲਈ ਇਕ ਰੁਪਈਆ ਵੀ ਨਹੀਂ ਵਸੂਲਿਆ ਜਾਵੇਗਾ। ਬਾਬਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਸ ਦੀ ਆਤਮਾ ਕਸ਼ਟ ਵਿਚ ਹੈ।

ਕਰੌਲੀ ਦਰਬਾਰ ਤੋਂ ਕਹੀ ਗਈ ਇਸ ਗੱਲ 'ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਮੁਕਤੀ ਵਾਲਾ ਅਜਿਹਾ ਕੁੱਝ ਨਹੀਂ ਹੈ। ਉਹ ਸਿੱਧੂ ਦੀ ਬਰਸੀ ਵੀ ਕਰ ਚੁੱਕੇ ਹਨ। ਫ਼ਿਰ ਵੀ ਜੇਕਰ ਕਿਸੇ ਧਰਮ ਦਾ ਮਹਾਤਮਾ ਇਹ ਗੱਲ ਕਰਦਾ ਹੈ ਤਾਂ ਪਰਿਵਾਰ ਇਸ ਬਾਰੇ ਜ਼ਰੂਰ ਵਿਚਾਰ ਕਰੇਗਾ।

ਮੁਕਤੀ ਬਾਰੇ ਕੀ ਹੈ ਗੁਰਮਤਿ ਦਾ ਸਿਧਾਂਤ

ਸਿੱਖ ਧਰਮ ਮੁਕਤ ਮਰਨ ਤੋਂ ਬਆਦ ਨਹੀਂ, ਸਗੋਂ ਜਿਉਂਦਿਆਂ ਕਾਰ-ਵਿਹਾਰ ਕਰਦਿਆਂ ਹੀ ਮੁਕਤ ਹੋਣ ਤੇ ਯਕੀਨ ਕਰਦਾ ਹੈ।ਬਾਬਾ ਸੰਤੋਸ਼ ਭਦੌਰੀਆ ਭਰਮ ਫੈਲਾਕੇ ਸਿਧੂ ਮੂਸੇਵਾਲ ਦੇ ਪਰਿਵਾਰ ਨੂੰ ਗੁਮਰਾਹ ਕਰ ਰਿਹਾ ਹੈ।ਸਤਿਗੁਰੂ ਸਾਨੂੰ ਇਹ ਸੋਝੀ ਦੇਂਦੇ ਹਨ ਕਿ ਜਿਨਾਂ ਚਿਰ ਇਨਸਾਨ ਪੰਜਾਂ ਵਿਕਾਰਾਂ ਵਿੱਚ ਗ੍ਰਸਿਆਂ ਹੋਇਆ ਹੈ ਅਤੇ ਸੱਚ ਤੋਂ ਦੂਰੀ ਬਣਾਈ ਬੈਠਾ ਹੈ । ਕਾਮ, ਕਰੋਧ, ਮੌਹ, ਲੋਭ ਤੇ ਹੰਕਾਰ ਨੇ ਇਸ ਨੂੰ ਕਾਬੂ ਕੀਤਾ ਹੋਇਆ ਹੈ ਉਨਾਂ ਚਿਰ ਉਹ ਨਰਕ ਹੀ ਭੋਗ ਰਿਹਾ ਹੈ। ਇਹ ਕਿਵੇਂ ਸੰਭਵ ਹੈ ਕਿ ਜਿਉਂਦੇ ਜੀਅ ਪੰਜਾਂ ਵਿਕਾਰਾਂ ਵਿੱਚ ਗ੍ਰਸਿਆ ਹੋਇਆ ਅਤੇ ਝੂਠ ਫਰੇਬ ਕਰਦਾ ਹੋਇਆ ਇਨਸਾਨ ਸਰੀਰਕ ਮੌਤ ਮਗਰੋਂ ਮੁਕਤ ਹੋ ਜਾਵੇਗਾ। ਮੌਤ ਮਗਰੋਂ ਕਿਹੜੀ ਮੁਕਤੀ ਹੁੰਦੀ ਹੈ?ਗੁਰਬਾਣੀ ਅਨੁਸਾਰ ਇਨਸਾਨ ਵਿੱਚ ਇਹ ਪੰਜ ਮੁੱਖ ਵਿਕਾਰ ਹਨ ਜਿੰਨਾ (ਨੂੰ ਸੰਜਮ ਵਿੱਚ ਕਰਨਾ) ਤੋਂ ਮੁਕਤ ਹੋਣਾ ਹੈ:ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥

ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥

ਜਿਨ੍‍ਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥

ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ ਮ:੩, ੫੧ਗੁਰਬਾਣੀ ਇਸ ਗੱਲ ਦਾ ਖੰਡਣ ਕਰਦੀ ਹੈ ਕਿ ਜਿੰਨਾ ਚਿਰ ਮਨੁੱਖ ਪੰਜਾਂ ਵਿਕਾਰਾਂ ਵਿੱਚ ਫਸਿਆ ਕਰਮਕਾਂਡ ਕਰਦਾ ਫਿਰਦਾ ਹੈ ਉਹਨਾਂ ਚਿਰ ਉਹ ਮੁਕਤ ਨਹੀਂ ਹੋ ਸਕਦਾ । ਮੁਕਤੀ ਬਾਰੇ ਭਗਤ ਨਾਮਦੇਵ ਜੀ ਅਕਾਲ ਪੁਰਖ ਨੂੰ ਆਖਦੇ ਹਨ ਕਿ ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ । ਇਹ ਪੁਜਾਰੀ ਜੋ ਮੈਨੂੰ ਨੀਚ ਆਖ ਰਹੇ ਹਨ ਇਸ ਤਰ੍ਹਾਂ ਤਾਂ ਤੇਰੀ ਹੀ ਇੱਜ਼ਤ ਘਟਦੀ ਹੈ:

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥ (ਪੰਨਾ1292)

ਭਗਤ ਬੇਣੀ ਜੀ ਗੁਰਬਾਣੀ ਦੇ ਇਸ ਸ਼ਬਦ ਰਾਹੀਂ ਉਨ੍ਹਾ ਮਨੁੱਖਾਂ ਨੂੰ ਸਮਝਾਉਂਦੇ ਹਨ, ਜਿਹੜੇ ਜਿਉਂਦੇ ਜੀਅ ਤਾਂ ਵਿਕਾਰਾਂ ਵਿੱਚ ਫਸੇ ਰਹਿੰਦੇ ਹਨ ਪਰ ਸਰੀਰਕ ਮੌਤ ਹੋ ਜਾਣ ਦੇ ਪਿੱਛੋਂ ਮੁਕਤ ਹੋਣ ਦੀ ਆਸ ਰੱਖਦੇ ਹਨ।ਪਰ ਮਰਨ ਬਾਅਦ ਮੁਕਤੀ ਕਿਵੇਂ ਹੋ ਸਕਦੀ ਹੈ?

ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥(ਪੰਨਾ93)

ਗੁਰੂ ਅਰਜਨ ਦੇਵ ਜੀ ਹੇਠ ਲਿਖੇ ਸ਼ਬਦ ਰਾਂਹੀ ਲੋਕਾਈ ਨੂੰ ਸਮਝਾਉਂਦੇ ਹਨ ਕਿ ਤੁਸੀਂ ਇਸ ਸੰਸਾਰ ਵਿਚ ਜੀਵਣ ਬਤੀਤ ਕਰਦਿਆਂ ਹੋਇਆ ਕਿਵੇਂ ਮੁਕਤ ਹੋ ਸਕਦੇ ਹੋ :

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥ ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆਂ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥(ਮ:5,ਪੰਨਾ 747)

ਗੁਰੂ ਪੰਚਮ ਪਾਤਸ਼ਾਹ ਜੀ ਦਾ ਵੀ ਪਵਿਤਰ ਬਚਨ ਹੈ ਕਿ ਜਿਹਨਾ ਚਿਰ ਇਨਸਾਨ ਵਹਿਮਾਂ ਭਰਮਾਂ ਤੇ ਕਰਮਕਾਡਾਂ ਵਿਚ ਫਸਿਆ ਹੋਇਆ ਹੈ, ਪਖੰਡੀਆਂ ਦੇ ਚੱਕਰ ਵਿਚ ਫਸਿਆ ਹੈ ,ਉਹਨਾਂ ਚਿਰ ਉਹ ਮੁਕਤ ਨਹੀ ਹੋ ਸਕਦਾ । ਜਿਹੜਾ ਇਹਨਾਂ ਤੋਂ ਮੁਕਤ ਹੋ ਗਿਆ ਉਹ ਹੀ ਰੱਬ ਦਾ ਸੱਚਾ ਸੰਤ ਤੇ ਭਗਤ ਹੈ:

ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥

(ਮ:5,ਪੰਨਾ 680)

ਸੋ ਸਿਧੂ ਮੂਸੇਵਾਲ ਦੇ ਪਰਿਵਾਰ ਨੂੰ  ਪਖੰਡੀ ਸਾਧਾਂ ਦੇ ਚੱਕਰ ਵਿਚ ਫਸਕੇ ਸਿਧੂ ਮੂਸੇਵਾਲ ਦੀ ਸਖਸ਼ੀਅਤ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੀਦਾ।